ਨਹੀਂ ਰੁਕੇਗੀ ਫਿਲਮ ਪਦਮਾਵਤ

-ਪੰਜਾਬੀਲੋਕ ਬਿਊਰੋ
ਸੁਪਰੀਮ ਕੋਰਟ ਨੇ ਚਾਰ ਰਾਜਾਂ ਦੀਆਂ ਸਰਕਾਰਾਂ ਨੂੰ ਝਟਕਾ ਦਿੰਦਿਆਂ ਫਿਲਮ ‘ਪਦਮਾਵਤ’ ਹਰ ਹਾਲ ਰਿਲੀਜ਼ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਫਿਲਮ ਸਾਰੇ ਦੇਸ਼ ਵਿੱਚ ਰਿਲੀਜ਼ ਕੀਤੀ ਜਾਏ। ਹਰਿਆਣਾ, ਰਾਜਸਥਾਨ, ਗੁਜਰਾਤ ਤੇ ਮੱਧ ਪ੍ਰਦੇਸ਼ ਸਰਕਾਰਾਂ ਮਾਹੌਲ ਖਰਾਬ ਹੋਣ ਦਾ ਵਾਸਤਾ ਪਾ ਕੇ ਫਿਲਮ ‘ਤੇ ਰੋਕ ਲਾਉਣ ਦੀ ਮੰਗ ਕਰ ਰਹੀਆਂ ਸੀ।
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ। ਸੁਪਰੀਮ ਕੋਰਟ ਨੇ ਕਿਹਾ ‘ਤੁਸੀਂ ਕੁਝ ਸੰਗਠਨਾਂ ਦੀ ਧਮਕੀ ਤੇ ਹਿੰਸਾ ਦਾ ਹਵਾਲਾ ਦੇ ਰਹੇ ਹੋ, ਅਸੀਂ ਇਹ ਪਟੀਸ਼ਨ ਉੱਤੇ ਸੁਣਵਾਈ ਕਿਉਂ ਕਰੀਏ। ਇੱਕ ਸੰਵਿਧਾਨਕ ਸੰਸਥਾ ਨੇ ਫ਼ਿਲਮ ਦੀ ਰਿਲੀਜ਼ ਲਈ ਹਰੀ ਝੰਡੀ ਦਿੱਤੀ ਹੈ। ਕੋਰਟ ਨੇ ਹੁਕਮ ਦਿੱਤਾ ਕਿ ਫਿਰ ਵੀ ਤੁਸੀਂ ਪਹਿਲਾਂ ਹੀ ਖਦਸ਼ਾ ਜਤਾ ਰਹੇ ਹੋ। ਕਾਨੂੰਨ ਵਿਵਸਥਾ ਬਣਾਈ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ।”
ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ, “ਲੋਕ ਇਹ ਸਮਝਣ ਕਿ ਅਦਾਲਤ ਨੇ ਇਹ ਹੁਕਮ ਦੇ ਦਿੱਤਾ ਹੈ ਤੇ ਉਹ ਉਸ ਦੀ ਪਾਲਣਾ ਕਰਨ।”
ਪਰ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਮੰਨਣ ਦੀ ਥਾਂ ਗੁਜਰਾਤ ਤੇ ਹਰਿਆਣਾ ਦੀਆਂ ਸੂਬਾ ਸਰਕਾਰਾਂ ਚੋਰ ਮੋਰੀਆਂ ਵਿੱਚੋਂ ਇਸ ਫ਼ਿਲਮ ਦੀ ਰਿਲੀਜ਼ ਨੂੰ ਪੰਗਾ ਪਾਉਣ ਲਈ ਹਵਾ ਦੇ ਰਹੀਆਂ ਹਨ। ਸੁਪਰੀਮ ਕੋਰਟ ਦੇ ਤਾਜ਼ਾ ਹੁਕਮ ਤੋਂ ਬਾਅਦ ਗੁਜਰਾਤ ਦੇ ਡਿਪਟੀ ਸੀਐਮ ਨਿਤਿਨ ਪਟੇਲ ਨੇ ਕਿਹਾ ਕਿ ਸੂਬੇ ਵਿੱਚ ਥਿਏਟਰ ਮਾਲਕਾਂ ਨੇ ਫ਼ਿਲਮ ਨਾ ਵਿਖਾਉਣ ਦਾ ਫ਼ੈਸਲਾ ਲਿਆ ਹੈ। ਇਸੇ ਤਰਾਂ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਵੀ ਕਿਹਾ ਹੈ ਕਿ ਜੇਕਰ ਥਿਏਟਰ ਮਾਲਕ ਲੋਕਾਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਦੇ ਹੋਏ ਫ਼ਿਲਮ ਨਾ ਚਲਾਉਣ ਤਾਂ ਚੰਗਾ ਹੋਵੇਗਾ।
ਕਰਨੀ ਸੈਨਾ ਨੇ 25 ਜਨਵਰੀ ਨੂੰ ਬੰਦ ਦਾ ਸੱਦਾ ਦਿੱਤਾ ਹੈ। ਕਰਨੀ ਸੈਨਾ ਦੇ ਪ੍ਰਧਾਨ ਨੇ ਸਰਬਉੱਚ ਅਦਾਲਤ ਦੇ ਫ਼ੈਸਲੇ ਉੱਤੇ ਅਫ਼ਸੋਸ ਜਤਾਉਂਦੇ ਕਿਹਾ ਕਿ ਉਨਾਂ ਕੋਲ ਵਿਰੋਧ ਦਾ ਰਸਤਾ ਖੁੱਲਾ ਹੈ। ਉਨਾਂ ਨੂੰ ਸਿਨੇਮਾ ਘਰ ਦੇ ਮਾਲਕਾਂ ਤੋਂ ਉਮੀਦ ਹੈ ਕਿ ਉਹ ਫ਼ਿਲਮ ਨਾ ਚਲਾਉਣ।
ਇਸ ਦੌਰਾਨ ਰਾਮ ਗੋਪਾਲ ਵਰਮਾ ਵਲੋਂ ਬਣਾਈ ਜਾ ਰਹੀ ਫਿਲਮ ਗੌਡ, ਸੈਕਸ ਐਂਡ ਟਰੁੱਥ ਦਾ ਵਿਰੋਧ ਹੋਣ ਦਾ ਖਦਸ਼ਾ ਹੈ, ਜਿਸ ਬਾਰੇ ਰਾਮ ਗੋਪਾਲ ਨੇ ਟਵਿੱਟਰ ਜ਼ਰੀਏ ਕਿ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਜਾਰੀ ਕਰਦਿਆਂ ਵਿਰੋਧ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਦੀ ਫਿਲਮ ਦੀ ਵਿਰੋਧਤਾ ਕੀਤੀ ਗਈ ਤਾਂ ਉਹ ਉਹਨਾਂ ਦੀਆਂ ਹੱਡੀਆਂ ਤੋੜ ਦੇਵੇਗਾ।