ਚੱਢਾ ‘ਤੇ ਦੋ ਸਾਲ ਧਾਰਮਿਕ, ਸਮਾਜਿਕ ਗਤੀਵਿਧੀਆਂ ਲਈ ਰੋਕ

ਜੌਹਰ ਸਿੰਘ ਨੂੰ ਸੇਵਾ ਦੀ ਸਜ਼ਾ, ਮੁੱਲ ਦੇ ਅਖੰਡ ਪਾਠ ‘ਤੇ ਹਦਾਇਤਾਂ
-ਪੰਜਾਬੀਲੋਕ ਬਿਊਰੋ
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਇਤਰਾਜ਼ਯੋਗ ਵੀਡੀਓ ਮਾਮਲੇ ਵਿੱਚ ਫਸੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਸਮੇਤ ਕੁੱਲ ਤਿੰਨ ਮਾਮਲਿਆਂ ਦਾ ਨਿਬੇੜਾ ਕੀਤਾ ਗਿਆ। ਫੈਸਲਾ ਹੋਇਆ ਹੈ ਕਿ ਚਰਨਜੀਤ ਸਿੰਘ ਕਿਸੇ ਵੀ ਧਾਰਮਿਕ, ਵਿੱਦਿਅਕ, ਸਮਾਜਕ ਤੇ ਸਿਆਸੀ ਸਮਾਗਮ ਵਿੱਚ ਦੋ ਸਾਲ ਬੋਲ ਨਹੀਂ ਸਕੇਗਾ। ਇਸ ਉਪਰੰਤ ਉਹ ਆਪਣੇ ਵਲੋਂ ਮਾਫੀ ਲਈ ਬੇਨਤੀ ਪੱਤਰ ਦੇਵੇਗਾ, ਜਿਸ ‘ਤੇ ਦੋ ਸਾਲ ਉਸ ਦੇ ਚਾਲ ਚਲਣ ‘ਤੇ ਨਜ਼ਰ ਰੱਖਣ ਮਗਰੋਂ ਰਿਪੋਰਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਚਰਨਜੀਤ ਸਿੰਘ ਦੀ ਮੈਂਬਰਸ਼ਿਪ ਖ਼ਤਮ ਕਰਕੇ ਰਿਪੋਰਟ ਸੌਂਪੇ।
ਚਰਨਜੀਤ ਚੱਢਾ ਆਪਣੇ ਪੋਤਰੇ ਹਰਪ੍ਰੀਤ ਅਨਮੋਲ ਚੱਢਾ ਦੇ ਸਹਾਰੇ ਨਾਲ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਸਨ। ਚਰਨਜੀਤ ਚੱਢਾ ਦੇ ਖੁਦਕੁਸ਼ੀ ਕਰ ਗਏ ਪੁੱਤ ਇੰਦਰਪ੍ਰੀਤ ਸਿੰਘ ਨੇ ਵੀ ਤੇ ਪੋਤਰੇ ਨੇ ਵੀ ਉਨਾਂ ਨੂੰਬੇਕਸੂਰ ਦੱਸਦਿਆਂ ਮੋਹ-ਜਾਲ ਵਿੱਚ ਫਸਾ ਕੇ ਬਲੈਕਮੇਲਿੰਗ ਦੇ ਇਲਜ਼ਾਮ ਲਾਏ ਹਨ।
ਚੱਢਾ ਤੋਂ ਇਲਾਵਾ ਗੁਰਦੁਆਰਾ ਘੱਲੂਘਾਰਾ ਸਾਹਿਬ ਦੇ ਸਾਬਕਾ ਮੈਨੇਜਰ ਮਾਸਟਰ ਜੌਹਰ ਸਿੰਘ ਨੂੰ ਤਨਖਾਹੀਆ ਕਰਾਰ ਦਿੰਦਿਆਂ ਸਹਿਜ ਪਾਠ ਕਰਨ ਜਾਂ ਸੁਣਨ, ਇੱਕ ਹਫਤੇ ਲਈ ਰੋਜ਼ਾਨਾ ਇੱਕ-ਇੱਕ ਘੰਟਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋੜੇ ਝਾੜਨ, ਬਰਤਨ ਸਾਫ ਕਰਨ ਤੇ ਕੀਰਤਨ ਸੁਣਨ ਦੀ ਧਾਰਮਿਕ ਸਜ਼ਾ ਲਾਈ ਗਈ ਹੈ।
ਬੀਰਦਵਿੰਦਰ ਸਿੰਘ ਵਲੋਂ ਸ੍ਰੀ ਫਤਿਹਗੜ ਸਾਹਿਬ ਦੇ ਪ੍ਰਬੰਧਕਾਂ ‘ਤੇ ਕਿਸੇ ਸ਼ਰਧਾਲੂ ਦਾ ਆਖੰਡ ਪਾਠ ਮੱਧ ਦੀ ਅਰਦਾਸ ਤੋਂ ਖਰੀਦਣ ਦੀ ਕੀਤੀ ਸ਼ਿਕਾਇਤ ‘ਤੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ, ਕਰਨੈਲ ਸਿੰਘ ਪੰਜੌਲੀ ਮੈਂਬਰ ਐਸ ਜੀ ਪੀ ਸੀ, ਨੇ ਆਪਣਾ ਪੱਖ ਪੇਸ਼ ਕੀਤਾ, ਕਿ ਇਹ ਹੈ ਤਾਂ ਗਲਤੀ, ਪਰ ਇਸ ਦੀ ਭੁੱਲ ਲਈ ਆਖੰਡ ਪਾਠ ਪ੍ਰਕਾਸ਼ ਕਰਵਾ ਕੇ ਭੁੱਲ ਮੰਨ ਲਈ ਗਈ ਹੈ। ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਅੱਗੇ ਤੋਂ ਮਰਿਆਦਾ ਦਾ ਧਿਆਨ ਰੱਖਿਆ ਜਾਵੇ, ਸਮੁੱਚੇ ਖਾਲਸਾ ਪੰਥ ਵਲੋਂ ਆਖੰਡ ਪਾਠ ਕਰਵਾਇਆ ਜਾਵੇ, ਸ਼ਰਧਾਲੂ ਜੇ ਵੱਖਰਾ ਪਾਠ ਕਰਵਾਉਣਾ ਚਾਹੁਣ ਤਾਂ ਉਹਨਾਂ ਲਈ ਵੱਖਰੇ ਪ੍ਰਬੰਧ ਕੀਤੇ ਜਾਣ।