ਸੁਪਰੀਮ ਕੋਰਟ ਪਦਮਾਵਤ ਨੂੰ ਲੈ ਕੇ ਮੁੜ ਵਿਚਾਰ ਕਰਨ ਨੂੰ ਰਾਜ਼ੀ

-ਪੰਜਾਬੀਲੋਕ ਬਿਊਰੋ
ਵਿਵਾਦਾਂ ਵਿੱਚ ਘਿਰੀ ਫ਼ਿਲਮ ਪਦਮਾਵਤ ‘ਤੇ ਪਾਬੰਦੀ ਲਾਉਣ ਲਈ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਨੇ ਸੁਪਰੀਮ ਕੋਰਟ ਚ ਮੁੜ ਵਿਚਾਰ ਕਰਨ ਦੀ ਮੰਗ ਕਰਦਿਆਂ ਪਟੀਸ਼ਨ ਦਾਖਲ ਕੀਤੀ ਹੈ, ਜਿਸ ‘ਤੇ ਸੁਣਵਾਈ ਲਈ ਸੁਪਰੀਮ ਕੋਰਟ ਨੇ ਹਾਂ ਕਰ ਦਿੱਤੀ ਹੈ। ਭਲਕੇ ਸੁਣਵਾਈ ਹੋਵੇਗੀ। ਓਧਰ ਕਰਣੀ ਸੈਨਾ ਦਾ ਵਿਰੋਧ ਜਾਰੀ ਹੈ। ਕਰਣੀ ਸੈਨਾ ਸਮੇਤ ਕਈ ਸੰਗਠਨਾਂ ਨੇ ਫਿਲਮ ਦੇ ਬਾਈਕਾਟ ਦਾ ਐਲਾਨ ਕੀਤਾ ਹੈ, ਜਿਸ ਦੇ ਸਿੱਟੇ ਵਜੋਂ ਕਰਣੀ ਸੈਨਾ ਤੇ ਦੂਜੇ ਸੰਗਠਨਾਂ ਦੇ ਬੇਕਾਬੂ ਲੋਕ ਹਿੰਸਾ ‘ਤੇ ਉਤਰ ਆਏ ਹਨ। ਰਾਜਪੂਤ ਭਾਈਚਾਰੇ ਦੇ ਲੋਕਾਂ ਨੇ ਗੁਜਰਾਤ ਵਿੱਚ ਹਿੰਸਕ ਪ੍ਰਦਰਸ਼ਨ ਕੀਤੇ। ਬੱਸਾਂ ਨੂੰ ਨੁਕਸਾਨ ਪਹੁੰਚਾਇਆ ਤੇ ਸੜਕਾਂ ਨੂੰ ਜਾਮ ਕਰ ਦਿੱਤਾ। ਉੱਤਰੀ ਗੁਜਰਾਤ ਦੇ ਇਲਾਕੇ ਵਿੱਚ ਬੱਸਾਂ ਬੰਦ ਕਰ ਦਿੱਤੀਆਂ ਗਈਆਂ। ਸੂਬੇ ਦੇ ਮੰਤਰੀ ਭੂਪੇਂਦਰ ਸਿੰਘ ਚੁਡਾਸਮਾ ਨੇ ਕਿਹਾ ਕਿ ਅਜਿਹੇ ਪ੍ਰਦਰਸ਼ਨ ਸੁਭਾਵਕ ਹਨ ਤੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਸਰਕਾਰ ਕਾਨੂੰਨੀ ਰਾਹ ਦੀ ਭਾਲ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਦਾ ਗੁੱਸਾ ਵੇਖ ਕੇ ਸਿਨੇਮਾ ਮਾਲਕਾਂ ਤੇ ਸਰਕਾਰਾਂ ਦੀ ਪ੍ਰੇਸ਼ਾਨੀ ਵਧ ਰਹੀ ਹੈ। ਹਰਿਆਣਾ ਵਿੱਚ ਵੀ ਲਗਾਤਾਰ ਤਿੱਖੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਿਨੇਮਾ ਹਾਲ ਦੇ ਮਾਲਕਾਂ ਨੂੰ ਇਹ ਫ਼ਿਲਮ ਨਾ ਦਿਖਾਉਣ ਦੀ ਸਲਾਹ ਦਿੱਤੀ ਹੈ। ਪਰ ਇਹ ਵੀ ਕਿਹਾ ਕਿ ਜੇ ਸਿਨੇਮਾ ਹਾਲ ਫਿਲਮ ਚਲਾਉਣਗੇ ਤਾਂ ਸਰਕਾਰ ਉਨਾਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ।