ਹਿੰਸਕ ਗਾਇਕੀ ਕਾਰਨ ਪੰਜਾਬੀ ਗੱਭਰੂ ਗੈਂਗਸਟਰਾਂ ਵਲ ਆਕਰਸ਼ਿਤ ਹੋਏ 

-ਬਲਵਿੰਦਰ ਸਿੰਘ
-ਪੰਜਾਬ ਪੁਲਿਸ ਵੱਲੋਂ ਭਾਵੇਂ ਕਿ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਨਵੀਂ ਯੋਜਨਾ ਉਲੀਕਣ ਦੀ ਗੱਲ ਆਖੀ ਗਈ ਸੀ। ਉਸ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਪੁਲਿਸ ਵੱਲੋਂ ਸੋਸ਼ਲ ਮੀਡੀਆ ‘ਤੇ ਗੈਂਗਸਟਰਾਂ ਦੀਆਂ ਸਰਗਰਮੀਆਂ ‘ਤੇ ਵੀ ਤਿੱਖੀ ਨਜ਼ਰ ਰੱਖੀ ਜਾਵੇਗੀ ਪਰ ਪੁਲਿਸ ਦੇ ਇਨਾਂ ਦਾਅਵਿਆਂ ਤੋਂ ਬਾਅਦ ਵੀ ਪੰਜਾਬ ਵਿਚ ਕਈ ਗੈਂਗਵਾਰ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜੋ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ। ਬਹੁਤ ਸਾਰੇ ਗੀਤਾਂ ਰਾਹੀਂ ਗੈਂਗਸਟਰਾਂ ਦੀ ਲਾਈਫ਼ ਬਾਰੇ ਦਿਖਾਇਆ ਜਾਂਦਾ ਹੈ ਅਤੇ ਨੌਜਵਾਨ ਪੀੜੀ ਨੂੰ ਗੀਤਾਂ ਰਾਹੀਂ ਸ਼ਰੇਆਮ ਹਥਿਆਰਾਂ ਅਤੇ ਲੜਾਈ ਝਗੜਿਆਂ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਹੀ ਨਹੀਂ ਪਿਛਲੇ ਦਿਨੀਂ ਗੈਂਗਸਟਰ ਰੁਪਿੰਦਰ ਗਾਂਧੀ ਨੂੰ ਲੈ ਕੇ ਫਿਲਮ ਵੀ ਰਿਲੀਜ਼ ਹੋਈ ਸੀ, ਜਿਸ ਤੋਂ ਬਾਅਦ ਬਹੁਤ ਸਾਰੇ ਨੌਜਵਾਨਾਂ ਨੇ ਗੈਂਗਸਟਰ ਰੁਪਿੰਦਰ ਗਾਂਧੀ ਨੂੰ ਆਪਣਾ ਰੋਲ ਮਾਡਲ ਬਣਾ ਲਿਆ ਹੈ। ਇਨਾਂ ਸਾਰੇ ਘਟਨਾਕ੍ਰਮਾਂ ਤੋਂ ਇੰਝ ਲਗਦੈ ਕਿ ਪੁਲਿਸ ਜਾਣਬੁੱਝ ਕੇ ਇਸ ਪਾਸੇ ਵੱਲ ਦੇਖਣ ਤੋਂ ਅੱਖਾਂ ਮੀਟ ਰਹੀ ਹੈ।

ਪੁਲਿਸ ਲਈ ਬਣ ਰਹੇ ਸਿਰਦਰਦੀ
ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜ ਕੈਂਪਸ ਗੈਂਗਸਟਰਾਂ ਦੀ ਨਰਸਰੀ ਵਿਚ ਤਬਦੀਲ ਹੁੰਦੇ ਜਾ ਰਹੇ ਹਨ। ਕਾਲਜਾਂ ਤੋਂ ਨਿਕਲਣ ਵਾਲੇ ਇਹੀ ਗੈਂਗਸਟਰ ਪੁਲਿਸ ਦੇ ਲਈ ਸਿਰਦਰਦ ਸਾਬਤ ਹੋ ਰਹੇ ਹਨ। ਇੱਕ ਸਮੇਂ ਪੰਜਾਬ ਸੰਤਾਪ ਦੀ ਜਕੜ ਵਿਚ ਸੀ, ਜਿਸ ਵਿਚ ਕਈ ਪੁਲੀਸ ਕੈਟ ਗੈਂਗਸਟਰ ਬਣ  ਕੇ ਲੋਕਾਂ ਦੇ ਘਰਾਂ ਦੀ ਲੁੱਟਮਾਰ ਕਰ ਰਹੇ ਸਨ ਤੇ ਬਲਾਤਕਾਰ ਕਰ ਰਹੇ ਸਨ। ਪਰ ਪਿਛਲੇ ਕੁਝ ਸਾਲਾਂ ਤੋਂ ਕੈਂਪਸ ਤੋਂ ਨਿਕਲੇ ਸਾਰੇ ਗੈਂਗਸਟਰਾਂ ਨੇ ਇਹੋ ਜਿਹੀ ਨੀਤੀ ਅਪਨਾਈ ਹੋਈ ਹੈ।
ਭਾਵੇਂ ਕਿ ਇਹ ਸਰਕਾਰੀ ਕੈਟਾਂ ਵਾਂਗ ਖਤਰਨਾਕ ਨਹੀਂ, ਪਰ ਫਿਰ ਵੀ ਇਹ ਰੁਝਾਨ ਪੰਜਾਬ ਦੇ ਨੌਜਵਾਨਾਂ ਲਈ ਖਤਰਨਾਕ ਹੈ।
ਕੈਂਪਸ ਤੋਂ ਨਿਕਲਣ ਵਾਲੇ ਗੈਂਗਸਟਰ ਡਰੱਗਜ਼ ਤੋਂ ਲੈ ਕੇ ਹਥਿਆਰਾਂ ਤੱਕ ਦੀ ਸਪਲਾਈ ਵਿਚ ਸ਼ਾਮਲ ਪਾਏ ਜਾਂਦੇ ਰਹੇ ਹਨ। ਹਾਈ ਸਕਿਓਰਟੀ ਨਾਭਾ ਜੇਲ ਬ੍ਰੇਕ ਕਾਂਡ ਤੋਂ ਲੈ ਕੇ ਪੰਜਾਬ ਵਿਚ ਹੋਣ ਵਾਲੇ ਦਰਜਨਾਂ ਵੱਡੇ ਅਪਰਾਧਿਕ ਮਾਮਲਿਆਂ ਨੂੰ ਕੈਂਪਸ ਤੋਂ ਨਿਕਲੇ ਗੈਂਗਸਟਰ ਅੰਜ਼ਾਮ ਦੇ ਰਹੇ ਹਨ।
ਭਵਿੱਖ ਸੰਵਾਰਨ ਵਾਲੇ ਕਾਲਜ ਅਤੇ ਯੂਨੀਵਰਸਿਟੀਆਂ ਵਿਚ ਜਿਸ ਤਰਾਂ ਨਾਲ ਗੈਂਗਸਰਟਰਾਂ ਦੀ ਪਨੀਰੀ ਖੜੀ ਹੋ ਰਹੀ ਹੈ, ਉਹ ਵਾਕਈ ਚਿੰਤਾਜਨਕ ਹੈ।
ਜੇਲਾਂ ਵਿਚ ਬੰਦ ਗੈਂਗਸਟਰਾਂ ਨੂੰ ਅਸਲੇ ਅਤੇ ਡਰੱਗਜ਼ ਦੀ ਸਪਲਾਈ ਤੋਂ ਲੈ ਕੇ ਉਨਾਂ ਦੇ ਇਸ਼ਾਰੇ ‘ਤੇ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਅਸਾਨੀ ਨਾਲ ਕੈਂਪਸ ਵਿਚ ਪਨਾਹ ਲੈਣ ਵਾਲੇ 35 ਤੋਂ ਜ਼ਿਆਦਾ ਖ਼ਤਰਨਾਕ ਗੈਂਗਾਂ ਵਿਚ ਸੈਂਕੜੇ ਦੀ ਗਿਣਤੀ ਵਿਚ ਸ਼ਾਮਲ ਵਿਦਿਆਰਥੀ ਪੁਲਿਸ ਦੇ ਨਿਸ਼ਾਨੇ ‘ਤੇ ਹਨ।

ਵਿਦਿਆਰਥੀ ਚੋਣਾਂ ‘ਚ ਗੈਂਗਸਟਰਾਂ ਦੀ ਦਖਲਅੰਦਾਜ਼ੀ
ਪੰਜਾਬ ਸੰਤਾਪ ਦੌਰਾਨ ਪੰਜਾਬ ਵਿਚ ਵਿਦਿਆਰਥੀ ਸੰਗਠਨਾਂ ਦੀਆਂ ਚੋਣਾਂ ‘ਤੇ ਰੋਕ ਲਗਾ ਦਿੱਤੀ ਗਈ ਸੀ। ਉਸ ਦੇ 20 ਸਾਲ ਬਾਅਦ ਕੈਂਪਸਾਂ ਵਿਚ ਵਿਦਿਆਰਥੀ ਸੰਗਠਨਾਂ ਦੀਆਂ ਚੋਣਾਂ ਦਾ ਸਿਲਸਿਲਾ ਨਵੇਂ ਸਿਰੇ ਤੋਂ ਸ਼ੁਰੂ ਹੋ ਸਕਿਆ ਸੀ ਪਰ ਇੱਕ ਦਹਾਕੇ ਵਿਚ ਹੀ ਵਿਦਿਆਰਥੀ ਸੰਗਠਨਾਂ ਦੀਆਂ ਚੋਣਾਂ ਵਿਚ ਗੈਂਗਸਟਰਾਂ ਦੀ ਦਖ਼ਲਅੰਦਾਜ਼ੀ ਵਧਣ ਲੱਗੀ ਅਤੇ ਸਮੇਂ ਦੇ ਨਾਲ 1990 ਅਤੇ 2000 ਦੇ ਦਹਾਕੇ ਨਾਲ ਹੋਈ ਹੋਈ ਸ਼ੁਰੂਆਤ ਨੇ ਅੱਜ ਕੈਂਪਸਾਂ ਨੂੰ ਗੈਂਗਸਟਰਾਂ ਦੀ ਨਰਸਰੀ ਬਣਾ ਦਿੱਤਾ ਹੈ।
ਸੋਸ਼ਲ ਮੀਡੀਆ ‘ਤੇ ਲਗਾਤਾਰ ਵਧ ਰਹੇ ਫਾਲੋਅਰਜ਼ ਨੇ ਕਈ ਗੈਂਗਾਂ ਨੂੰ ਨਵੀਂ ਦਿਸ਼ਾ ਦਿੱਤੀ ਹੈ। ਫ਼ੈਸ਼ਨ ਅਤੇ ਵਿਦੇਸ਼ੀ ਚਕਾਚੌਂਧ ਨਾਲ ਭਰਪੂਰ ਵੱਖ-ਵੱਖ ਗੈਂਗਾਂ ਵਿਚ ਅੱਜ ਸੈਂਕੜੇ ਦੀ ਗਿਣਤੀ ਵਿਚ ਵਿਦਿਆਰਥੀਆਂ ਨੇ ਮੈਂਬਰਸ਼ਿਪ ਲੈ ਲਈ ਹੈ। ਗੁਨਾਹ ਦੇ ਰਾਹਾਂ ਦੀ ਚਕਾਚੌਂਧ ਨੇ ਵਿਦਿਆਰਥੀਆਂ ਦੇ ਸੁਪਨਿਆਂ ਵਿਚ ਸੰਨ ਲਗਾ ਦਿੱਤੀ ਹੈ। ਨਸ਼ੀਨੇ ਪਦਾਰਥਾਂ ਤੋਂ ਲੈ ਕੇ ਅਸਲੇ ਦੀ ਸਪਲਾਈ ਅਤੇ ਜੇਲ ਤੱਕ ਵਿਚ ਇਸ ਦੀ ਪਹੁੰਚ ਹੋ ਚੁੱਕੀ ਹੈ। ਜੇਲਾਂ ਤੋਂ ਚਲਾਏ ਜਾ ਰਹੇ ਡਰੱਗ ਦੇ ਕਾਰੋਬਾਰ ਵਿਚ ਸ਼ਾਮਲ ਹੋ ਚੁੱਕੇ ਸੈਂਕੜੇ ਵਿਦਿਆਰਥੀ ਦੀ ਮਦਦ ਨਾਲ ਗੈਂਗਸਟਰ ਆਪਣੇ ਸਮਰਥਕਾਂ ਦੀ ਗਿਣਤੀ ਵਧਾਉਣ ਤੋਂ ਲੈ ਕੇ ਕਤਲ ਕਾਂਡਾਂ ਤੱਕ ਨੂੰ ਅੰਜ਼ਾਮ ਦੇਣ ਲਈ ਉਨਾਂ ਦੀ ਵਰਤੋਂ ਖੁੱਲ ਕੇ ਕਰ ਰਹੇ ਹਨ। ਪਿਛਲੇ ਇੱਕ ਦਹਾਕੇ ਵਿਚ ਸੁੱਖਾ ਕਾਹਲਵਾਂ ਤੋਂ ਲੈ ਕੇ ਵਿੱਕੀ ਗੌਂਡਰ ਵਰਗੇ ਗੈਂਗਸਟਰ ਮਸ਼ਹੂਰ ਰਹੇ। ਦੁੱਖ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਨੌਜਵਾਨ ਉਨਾਂ ਨੂੰ ਰੋਲ ਮਾਡਲ ਮੰਨ ਕੇ ਉਨਾਂ ਵੱਲ ਆਕਰਸ਼ਿਤ ਹੋ ਰਹੇ ਹਨ। ਇਹੀ ਵਜਾ ਹੈ ਕਿ ਰਾਜ ਦੇ ਸਾਰੇ ਕੈਂਪਸਾਂ ਵਿਚ ਵਿਦਿਆਰਥੀ ਸੰਗਠਨਾਂ ਦੀਆਂ ਚੋਣਾਂ ਵਿਚ ਗੈਂਗਸਟਰਾਂ ਦਾ ਦਖਲ ਵਧਦਾ ਜਾ ਰਿਹਾ ਹੈ।

ਗੈਂਗਸਟਰ ਰੁਪਿੰਦਰ ਗਾਂਧੀ
ਪੰਜਾਬ ਵਿਚ ਨੌਜਵਾਨ ਗੈਂਗਸਟਰਾਂ ਦਾ ਰੋਲ ਮਾਡਲ ਬਣੇ ਰੁਪਿੰਦਰ ਗਾਂਧੀ ਅਤੇ ਜਸਵਿੰਦਰ ਰੌਕੀ ਨੇ ਕੈਂਪਸ ਰਾਜਨੀਤੀ ਵਿਚ ਕ੍ਰਾਈਮ ਦਾ ਤੜਕਾ ਲਗਾ ਕੇ ਆਪਣੀ ਜਗਾ ਬਣਾਈ ਸੀ। ਖੰਨਾ ਅਤੇ ਲੁਧਿਆਣਾ ਦੇ ਕੈਂਪਸ ਤੋਂ ਸ਼ੁਰੂ ਹੋ ਕੇ ਰੁਪਿੰਦਰ ਗਾਂਧੀ ਦੇ ਸਮਰਥਕਾਂ ਨੇ ਕੈਂਪਸ ਵਿਚ ਗਾਂਧੀ ਫੈਨ ਕਲੱਬ ਬਣਾ ਕੇ ਵਿਦਿਆਰਥੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਸੀ। ਦੇਖਦੇ ਹੀ ਦੇਖਦੇ ਪੰਜਾਬ ਯੂਨੀਵਰਸਿਟੀ ਅਤੇ ਉਸ ਨਾਲ ਸਬੰਧਿਤ ਕਾਲਜਾਂ ਦੇ ਵਿਦਿਆਰਥੀ ਸੰਗਠਨ ਚੋਣਾਂ ਵਿਚ ਗਾਂਧੀ ਗਰੁੱਪ ਆਪਣੇ ਉਮੀਦਵਾਰ ਖੜੇ ਕਰਨ ਲੱਗਿਆ ਅਤੇ ਥੋੜੇ ਸਮੇਂ ਵਿਚ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦਾ ਰੋਲ ਮਾਡਲ ਬਣ ਗਿਆ। ਮਹਾਤਮਾ ਗਾਂਧੀ ਦੇ ਜਨਮ ਦਿਨ ਯਾਨੀ ਦੋ ਅਕਤੂਬਰ ਨੂੰ ਪੈਦਾ ਹੋਣ ਵਾਲੇ ਰੁਪਿੰਦਰ ਦੇ ਨਾਂਅ ਦੇ ਅੱਗੇ ਉਸ ਦੇ ਪਿਤਾ ਨੇ ਗਾਂਧੀ ਜੋੜ ਦਿੱਤਾ ਪਰ ਰੁਪਿੰਦਰ ਦੀ ਗਾਂਧੀਗਿਰੀ ਗੈਂਗਗਿਰੀ ਵਿਚ ਬਦਲ ਗਈ। ਰੁਪਿੰਦਰ ਕਦੇ ਰਾਸ਼ਟਰੀ ਪੱਧਰ ਦਾ ਫੁੱਟਬਾਲ ਖਿਡਾਰੀ ਸੀ ਪਰ ਕੈਂਪਸ ਨੂੰ ਲੈ ਕੇ ਨਿੱਜੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਲੜਾਈਆਂ ਦੇ ਚਲਦੇ ਉਹ ਕਦੋਂ ਗੈਂਗਸਟਰ ਬਣ ਗਿਆ, ਕੋਈ ਸਮਝ ਨਹੀਂ ਸਕਿਆ। ਰੁਪਿੰਦਰ ਦੀ 12 ਸਾਲ ਪਹਿਲਾਂ ਹੱਤਿਆ ਹੋ ਚੁੱਕੀ ਹੈ, ਪਰ ਅੱਜ ਵੀ ਪਿੰਡ ਤੋਂ ਲੈ ਕੇ ਜਾਣਨ ਵਾਲੇ ਕਈ ਲੋਕ ਉਸ ਨੂੰ ਰੋਲ ਮਾਡਲ ਦੇ ਰੂਪ ਵਿਚ ਦੇਖਦੇ ਹਨ। ਇਹੀ ਹੀਂ ਬੀਤੇ ਸਾਲ ਵਿਦੇਸ਼ ਤੋਂ ਨੌਕਰੀ ਛੱਡ ਕੇ ਆਏ ਰੁਪਿੰਦਰ ਦੇ ਭਰਾ ਮਨਮਿੰਦਰ ਸਿੰਘ ਮਿੰਦੀ ਦੀ ਵੀ ਹੱਤਿਆ ਕਰ ਦਿੱਤੀ ਗਈ।

ਗੈਂਗਸਟਰ ਰੋਕੀ ਦਾ ਕਤਲ
ਇਹੀ ਹਾਲ ਚੰਡੀਗੜ ਦੀ ਕੈਂਪਸ ਰਾਜਨੀਤੀ ਤੋਂ ਨਿਕਲ ਕੇ ਵਿਧਾਨ ਸਭਾ ਚੋਣਾਂ ਤੱਕ ਲੜਨ ਵਾਲੇ ਜਸਵਿੰਦਰ ਰੌਕੀ ਦਾ ਵੀ ਰਿਹਾ ਹੈ। ਮੁਖਤਾਰ ਅੰਸਾਰੀ ਨੂੰ ਆਪਣਾ ਰੋਲ ਮਾਡਲ ਮੰਨਣ ਵਾਲੇ ਰੌਕੀ ਨੇ 1990 ਤੋਂ 2000 ਦੇ ਵਿਚਕਾਰ ਨੌਜਵਾਨਾਂ ਦੇ ਦਮ ‘ਤੇ ਅਲੱਗ ਮੁਕਾਮ ਬਣਾ ਲਿਆ ਸੀ ਅਤੇ ਵਿਧਾਨ ਸਭਾ ਚੋਣਾਂ ਵੀ ਲੜਿਆ। ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਤੋਂ 1600 ਵੋਟਾਂ ਨਾਲ ਹਾਰਨ ਵਾਲੇ ਰੌਕੀ ਦਾ ਕਤਲ ਵੀ ੩ੋ ਸਾਲ ਪਹਿਲਾਂ ਹਿਮਾਚਲ ਵਿਚ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੈਂਪਸ ਤੋਂ ਨਿਕਲੇ ਗੈਂਗਸਟਰਾਂ ਦੀ ਸੂਚੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।

ਗੌਂਡਰ ਦਾ ਗੈਂਗ
ਮੌਜੂਦਾ ਸਮੇਂ ਵਿਚ ਸਾਰੇ ਨੌਜਵਾਨਾਂ ਲਈ ਆਕਰਸ਼ਣ ਦਾ ਕੇਂਦਰ ਬਣੇ ਟੌਪ ਗੈਂਗਸਟਰਾਂ ਵਿਚ ਨਾਭਾ ਜੇਲ ਬ੍ਰੇਕ ਦਾ ਕਿੰਗ ਪਿੰਨ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਕਦੇ ਰਾਸ਼ਟਰੀ ਪੱਧਰ ਦਾ ਡਿਸਕਸ ਥਰੋਅ ਖਿਡਾਰੀ ਸੀ। ਦੇਸ਼ ਦੇ ਲਹੀ ਤਿੰਨ ਗੋਲਡ ਅਤੇ ਦੋ ਚਾਂਦੀ ਦੇ ਮੈਡਲ ਜਿੱਤਣ ਵਾਲੇ ਵਿੱਕੀ ਨੇ 2007 ਵਿਚ ਗੈਂਗ ਬਣਾਇਆ ਅਤੇ ਅੱਜ ਉਹ 20 ਤੋਂ ਜ਼ਿਆਦਾ ਮਾਮਲਿਆਂ ਵਿਚ ਮੋਸਟ ਵਾਂਟੇਡ ਗੈਂਗਸਟਰ ਹੈ। ਫੇਸਬੁੱਕ ‘ਤੇ ਉਸ ਦੇ ਹਜ਼ਾਰਾਂ ਫਾਲੋਅਰਜ਼ ਹਨ। ਗੌਂਡਰ ਦੇ ਗੈਂਗ ਵਿਚ ਇੱਕ ਦਰਜਨ ਤੋਂ ਜ਼ਿਆਦਾ ਮੈਂਬਰ ਵੱਖ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਨਾਲ ਸਬੰਧਿਤ ਹਨ।

ਜੈਪਾਲ ਦਾ ਗੈਂਗ
ਮੋਸਟ ਵਾਂਟੇਡ ਗੈਂਗਸਟਰਾਂ ਵਿਚ ਫਿਰੋਜ਼ਪੁਰ ਦਾ ਜੈਪਾਲ ਵੀ ਰਾਸ਼ਟਰੀ ਪੱਧਰ ਦਾ ਹੈਮਰ ਥ੍ਰੋਅ ਖਿਡਾਰੀ ਰਿਹਾ ਹੈ। ਪੁਲਿਸ ਮੁਲਾਜ਼ਮ ਦਾ ਬੇਟਾ ਜੈਪਾਲ ਅੱਜ 17 ਤੋਂ ਜ਼ਿਆਦਾ ਮਾਮਲਿਆਂ ਵਿਚ ਮੋਸਟ ਵਾਂਟੇਡ ਹੈ। ਪੰਜਾਬ ਯੂਨੀਵਰਸਿਟੀ ਸਮੇਤ ਕਈ ਕਾਲਜਾਂ ਵਿਚ ਜੈਪਾਲ ਦੇ ਬਹੁਤ ਸਾਰੇ ਸਮਰਥਕ ਹਨ। ਪੁਲਿਸ ਤਿੰਨ ਸਾਲ ਤੋਂ ਜੈਪਾਲ ਦੀ ਭਾਲ ਕਰ ਰਹੀ ਹੈ। ਇਸੇ ਤਰਾਂ ਲਾਰੇਂਸ ਬਿਸ਼ਨੋਈ ਨਾਂਅ ਦਾ ਨੌਜਵਾਨ ਵੀ 2010-11 ਵਿਚ ਚੰਡੀਗੜ ਦੇ ਡੀਏਵੀ ਕਾਲਜ ਵਿਚ ਵਿਦਿਆਰਥੀ ਸੰਘ ਦਾ ਪ੍ਰਧਾਨ ਰਿਹਾ ਸੀ। ਉਸ ਤੋਂ ਬਾਅਦ ਲਾਰੇਂਸ ਨੇ ਆਪਣਾ ਗੈਂਗ ਬਣਾਇਆ ਅਤੇ ਅੱਜ ਉਸ ਦੇ ਗੈਂਗ ਨੇ ਪੁਲਿਸ ਦੀ ਨੱਕ ਵਿਚ ਦਮ ਕੀਤਾ ਹੋਇਆ ਹੈ। ਵਿਦਿਆਰਥੀ ਨੇਤਾ ਤੋਂ ਗੈਂਗਸਟਰ ਬਣੇ ਲਾਰੇਂਸ ਦੇ ਗੈਂਗ ‘ਤੇ ਦਰਜਨਾਂ ਲੁੱਟ-ਖੋਹ, ਕਤਲ, ਅਗਵਾ ਵਰਗੇ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ। ਗੈਂਗਸਟਰਾਂ ਵੱਲੋਂ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੇ ਪਿੱਛੇ ਪੰਜਾਬੀ ਗੀਤਾਂ ਅਤੇ ਫਿਲਮਾਂ ਦੇ ਯੋਗਦਾਨ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਹੈ। ‘ਯਾਰ ਗੈਂਗਸਟਰ’, ਸੂਰਮੇ ਮਰਦੇ ਨਈਂ, ਜਹਾਂ ਤੋਂ ਅਮਰ ਹੋ ਜਾਂਦੇ ਨੇ, ਪੈਣਾ ਚੌੱਕ ਵਿਚ ਪੰਗਾ ਵਰਗੇ ਗੀਤਾਂ ਨੇ ਗੈਂਗਸਟਰਾਂ ਦੀ ਨਿੱਜੀ ਜ਼ਿੰਦਗੀ ਨੂੰ ਗੀਤਾਂ ਦੇ ਰੂਪ ਵਿਚ ਪਿਰੋ ਕੇ ਉਨਾਂ ਨੂੰ ਨੌਜਵਾਨਾਂ ਦਾ ਰੋਲ ਮਾਡਲ ਬਣਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ।
ਡੀਜੀਪੀ ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਵਿਦਿਆਰਥੀ ਸੰਗਠਨ ਰਾਜਨੀਤੀ ਵਿਚ ਸ਼ੁਰੂ ਤੋਂ ਲੜਾਈ ਝਗੜੇ ਹੁੰਦੇ ਰਹੇ ਹਨ, ਪਰ ਵਿਦਿਆਰਥੀ ਰਾਜਨੀਤੀ ਗੈਂਗਸਟਰਾਂ ਨੂੰ ਜਨਮ ਦੇ ਰਹੀ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਉਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਸਾਰੇ ਗੈਂਗਾਂ ਦੀ ਸੂਚੀ ਤਿਆਰ ਕਰ ਲਈ ਹੈ। ਕਿਹੜੇ-ਕਿਹੜੇ ਗੈਂਗ ਵਿਚ ਕਿੰਨੇ ਨੌਜਵਾਨ ਸਰਗਰਮ ਹਨ, ਇਸ ਦੀ ਵੀ ਜਾਣਕਾਰੀ ਪੁਲਿਸ ਦੇ ਕੋਲ ਹੈ।