ਆਪ ਦੇ 20 ਵਿਧਾਇਕ ਅਯੋਗ ਕਰਾਰ

-ਪੰਜਾਬੀਲੋਕ ਬਿਊਰੋ
ਸੰਸਦੀ ਸਕੱਤਰ ਨਿਯੁਕਤ ਕਰਨ  ਨੂੰ ਲੈ ਕੇ ਵਿਵਾਦਾਂ ਚ ਘਿਰੇ ਤੇ ਕਾਨੂੰਨੀ ਪੇਚਾਂ ਚ ਫਸੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਚੋਣ ਕਮਿਸ਼ਨ ਨੇ ਅਯੋਗ ਕਰਾਰ ਦੇ ਦਿੱਤਾ ਹੈ। ਕਮਿਸ਼ਨ ਨੇ ਉਨਾਂ ਦੀ ਮੈਂਬਰਤਾ ਰੱਦ ਕਰਨ ਵਾਲੇ ਆਪਣੇ ਫੈਸਲੇ ਨੂੰ ਮਨਜ਼ੂਰੀ ਲਈ ਰਾਸ਼ਟਰਪਤੀ ਕੋਲ ਭੇਜ ਦਿੱਤਾ ਹੈ।
ਪ੍ਰਸ਼ਾਂਤ ਪਟੇਲ ਨਾਂ ਦੇ ਸ਼ਖਸ ਨੇ ਰਾਸ਼ਟਰਪਤੀ ਕੋਲ ਪਟੀਸ਼ਨ ਲਗਾ ਕੇ ਦੋਸ਼ ਲਗਾਇਆ ਸੀ ਕਿ ਇਹ 21 ਵਿਧਾਇਕ ਲਾਭ ਦੇ ਅਹੁਦੇ ‘ਤੇ ਹਨ, ਇਸ ਲਈ ਇਨਾਂ ਦੀ ਮੈਂਬਰਤਾ ਰੱਦ ਹੋਣੀ ਚਾਹੀਦੀ ਹੈ। ਦਿੱਲੀ ਸਰਕਾਰ ਨੇ ਦਿੱਲੀ ਅਸੈਂਬਲੀ ਰਿਮੂਵਲ ਆਫ ਡਿਸਕਵਾਲੀਫਿਕੇਸ਼ਨ ਐਕਟ-1997 ‘ਚ ਸੋਧ ਕੀਤਾ ਸੀ। ਇਸ ਬਿੱਲ ਦਾ ਮਕਸਦ ਸੰਸਦੀ ਸਕੱਤਰ ਦੇ ਅਹੁਦੇ ਨੂੰ ਲਾਭ ਦੇ ਅਹੁਦੇ ਤੋਂ ਛੂਟ ਦਿਵਾਉਣਾ ਸੀ, ਜਿਸ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਨਾਮਨਜ਼ੂਰ ਕਰ ਦਿੱਤਾ ਸੀ। ਦੂਜੇ ਪਾਸੇ ਕੇਂਦਰ ਸਰਕਾਰ ਨੇ ਵੀ ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾਏ ਜਾਣ ਦੇ ਫੈਸਲੇ ਦਾ ਵਿਰੋਧ ਕੀਤਾ ਸੀ ਅਤੇ ਦਿੱਲੀ ਹਾਈ ਕੋਰਟ ‘ਚ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਓਧਰ ਚੋਣ ਕਮਿਸ਼ਨ ਦੇ ਫੈਸਲੇ ਖ਼ਿਲਾਫ਼ ਆਪ ਵਿਧਾਇਕਾਂ ਨੇ ਦਿੱਲੀ ਹਾਈਕੋਰਟ ਤੱਕ ਪਹੁੰਚ ਕੀਤੀ ਹੈ। ਆਪ ਨੇਤਾ ਆਸ਼ੂਤੋਸ਼ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਚੋਣ ਕਮਿਸ਼ਨ ਕਦੇ ਵੀ ਐਨਾ ਨੀਂਵਾਂ ਨਹੀਂ ਡਿੱਗਿਆ, ਚੋਣ ਕਮਿਸ਼ਨ ਨੂੰ ਪੀ ਐਮ ਓ ਦਾ ਲੈਟਰਬਾਕਸ ਨਹੀਂ ਬਣਨਾ ਚਾਹੀਦਾ, ਪਰ ਅੱਜ ਇਹ ਹਕੀਕਤ ਹੈ।
ਭਾਜਪਾ ਤੇ ਕਾਂਗਰਸ ਨੇ ਸਾਂਝੀ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਸੀ.ਐੈੱਮ. ਨੂੰ ਹੁਣ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇਣਾ ਚਾਹੀਦਾ ਹੈ। ਆਪ ਦੇ ਬਾਗੀ ਨੇਤਾ ਕਪਿਲ ਮਿਸ਼ਰਾ ਨੇ ਕੇਜਰੀਵਾਲ ਨੂੰ ਘੇਰਦੇ ਹੋਏ ਕਿਹਾ ਕਿ ਉਹ ਪੈਸੇ ਦੇ ਲਾਲਚ ‘ਚ ਅੰਨੇ ਹੋ ਚੁੱਕੇ ਹਨ। ਸਿਰਫ ਇਕ ਆਦਮੀ ਦੇ ਚੱਕਰ ‘ਚ ਪੂਰੀ ਪਾਰਟੀ ਦੀ ਬਦਨਾਮੀ ਹੋ ਰਹੀ ਹੈ ਅਤੇ ਆਪ ਵਿਧਾਇਕਾਂ ਦੇ ਮੈਂਬਰਾਂ ‘ਤੇ ਖਤਰਾ ਮੰਡਰਾਅ ਰਿਹਾ ਹੈ।