• Home »
  • ਸਿਆਸਤ
  • ਖਬਰਾਂ
  • » ਸੀ.ਪੀ.ਆਈ. ਨਿਊ ਡੈਮੋਕਰੇਸੀ ਵੱਲੋਂ ਚਾਰ ਜੱਜਾਂ ਦੀ ਹਮਾਇਤ ਚ ਮੁਜ਼ਾਹਰਾ

ਸੀ.ਪੀ.ਆਈ. ਨਿਊ ਡੈਮੋਕਰੇਸੀ ਵੱਲੋਂ ਚਾਰ ਜੱਜਾਂ ਦੀ ਹਮਾਇਤ ਚ ਮੁਜ਼ਾਹਰਾ

-ਪੰਜਾਬੀਲੋਕ ਬਿਊਰੋ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਦੇ ਸੱਦੇ ‘ਤੇ ਜਲੰਧਰ ਵਿਖੇ ਪਾਰਟੀ ਵੱਲੋਂ ਮੁਜ਼ਾਹਰਾ ਕਰਕੇ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਵੱਲੋਂ ਉਠਾਏ ਗਏ ਮੁੱਦਿਆਂ ਦੀ ਹਮਾਇਤ ਕੀਤੀ ਗਈ। ਇਸ ਤੋਂ ਪਹਿਲਾਂ ਇਹ ਮੁਜ਼ਾਹਰਾਕਾਰੀ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋਏ, ਜਿੱਥੋਂ ਮੁਜ਼ਾਹਰੇ ਦੀ ਸ਼ਕਲ ਵਿੱਚ ਸਥਾਨਕ ਬੀ.ਐਮ.ਸੀ. ਚੌਕ ਵਿੱਚ ਪੁੱਜੇ। ਉਥੇ ਆਮ ਲੋਕਾਂ ਦੀ ਹਮੈਤ ਜੁਟਾਉਣ ਲਈ ਉਹਨਾਂ ਵੱਲੋਂ ਇੱਕ ਘੰਟਾ ਹੱਥਾਂ ਵਿੱਚ ਮੰਗਾਂ ਸਬੰਧੀ ਤਖਤੀਆਂ ਫੜਕੇ ਜੋਰਦਾਰ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਪਾਰਟੀ ਦੇ ਸੀਨੀਅਰ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਲੋਕਾਂ ਦਾ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਤੋਂ ਪਹਿਲਾਂ ਹੀ ਵਿਸ਼ਵਾਸ਼ ਉੱਠ ਚੁੱਕਿਆ ਹੈ ਤੇ ਰਹਿੰਦੀ-ਖੂੰਹਦੀ ਕਸਰ ਨਿਆਂ-ਪਾਲਿਕਾ ਨੇ ਪੂਰੀ ਕਰ ਦਿੱਤੀ। ਉਨਾਂ ਕਿਹਾ ਕਿ ਲੰਮੇ ਸਮੇਂ ਤੋਂ ਨਿਆਂ-ਪਾਲਿਕਾ ਦੇ ਪੱਖਪਾਤੀ ਫੈਸਲਿਆਂ ਬਾਰੇ ਪਹਿਲਾਂ ਵੀ ਸੁਆਲ ਉੱਠਦੇ ਰਹੇ ਹਨ। ਪ੍ਰੰਤੂ ਸੁਪਰੀਮ ਕੋਰਟ ਦੇ ਸੀਨੀਅਰ ਜੱਜਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪਰਦਾਫਾਸ਼ ਕਰਨਾ ਆਰਥਿਕ ਤੇ ਰਾਜਨੀਤਕ ਨਿਘਾਰ ਦੇ ਨਾਲ-ਨਾਲ ਸੰਵਿਧਾਨਕ ਨਿਘਾਰ ਪੈਦਾ ਹੋਣ ਦਾ ਪ੍ਰਗਟਾਵਾ ਹੈ।
ਉਨਾਂ ਕਿਹਾ ਕਿ ਇਸ ਘਟਨਾਕ੍ਰਮ ਨੇ ਸਿੱਧ ਕਰ ਦਿੱਤਾ ਹੈ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਆਰ.ਐਸ.ਐਸ. ਸਰਕਾਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਆਪਣੇ ਹਿੰਦੂਤਵ ਦੇ ਏਜੰਡੇ ਨੂੰ ਜ਼ੋਰ-ਸ਼ੋਰ ਨਾਲ ਲਾਗੂ ਕਰ ਰਹੀ ਹੈ। ਆਪਣੇ ਇਸ ਏਜੰਡੇ ਨੂੰ ਲਾਗੂ ਕਰਨ ਲਈ ਨਿਆਂਪਾਲਿਕਾ ਦੀ ਦੁਰਵਰਤੋਂ ਵੀ ਕਰ ਰਹੀ ਹੈ। ਉਨਾਂ ਕਿਹਾ ਕਿ ਜੱਜਾਂ ਦਾ ਬਿਆਨ ਸੰਘੀ ਫਿਰਕੂ ਫਾਸ਼ੀਵਾਦ ਲਈ ਇੱਕ ਚੁਣੌਤੀ ਵੀ ਹੈ। ਪਾਰਟੀ ਵੱਲੋਂ ਫਿਰਕੂ ਫਾਸ਼ੀਵਾਦ ਦੇ ਰੱਥ ਨੂੰ ਰੋਕਣ ਦੇ ਨਾਲ-ਨਾਲ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਉਠਾਏ ਗਏ ਮੁੱਦਿਆਂ ‘ਤੇ ਸੰਘਰਸ਼ ਲਾਮਬੰਦ ਕਰਨ ਦਾ ਮਿਹਨਤੀ ਲੋਕਾਂ ਤੇ ਜਮਹੂਰੀ ਤਾਕਤਾਂ ਨੂੰ ਸੱਦਾ ਦਿੱਤਾ ਗਿਆ।
ਇਸ ਮੌਕੇ ਪਾਰਟੀ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਉਠਾਏ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਹਨਾਂ ਦਾ ਤੁਰੰਤ ਹੱਲ ਕੀਤਾ ਜਾਵੇ। ਮੁੱਖ ਜੱਜ ਦੀਪਕ ਮਿਸ਼ਰਾ ਵਿਰੁੱਧ ਮਹਾਂਦੋਸ਼ ਦਾ ਪਾਰਲੀਮੈਂਟ ਅੰਦਰ ਪ੍ਰਸਤਾਵ ਪਾਸ ਕੀਤਾ ਜਾਵੇ। ਜਸਟਿਸ ਲੋਇਆ ਦੀ ਮੌਤ ਦੀ ਜਾਂਚ ਕਰਕੇ ਜੁੰਮੇਵਾਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪਾਰਟੀ ਦੇ ਆਗੂ ਕਾਮਰੇਡ ਜਸਵਿੰਦਰ ਸਿੰਘ ਭੋਗਲ, ਪੇਂਡੂ ਮਜ਼ਦੂਰ ਆਗੂ ਹੰਸ ਰਾਜ ਪੱਬਵਾਂ, ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਸੰਤੋਖ ਸਿੰਘ ਤੱਗੜ ਆਦਿ ਨੇ ਸੰਬੋਧਨ ਕੀਤਾ।