ਪਖਾਨਿਆਂ ‘ਤੇ ਵੀ ਫਿਰੀ ਭਗਵੀਂ ਕੂਚੀ

-ਪੰਜਾਬੀਲੋਕ ਬਿਊਰੋ
ਧਰਮ ਨਿਰਪੱਖ ਦੇਸ਼ ਭਾਰਤ ਦੇ ਸੂਬਾ ਯੂਪੀ ਚ ਹਾਲ ਹੀ ਵਿੱਚ ਧਰਮ ਨਿਰਪੱਖਤਾ ਦੀਆਂ ਧੱਜੀਆਂ ਉਡਾਅ ਕੇ ਹੱਜ ਹਾਊਸ ਨੂੰ ਭਗਵੇਂ ਰੰਗ ਵਿੱਚ ਰੰਗ ਦਿੱਤਾ ਗਿਆ ਸੀ। ਯੂ ਪੀ ਦੀ ਯੋਗੀ ਸਰਕਾਰ ਇਥੇ ਹੀ ਨਹੀਂ ਰੁਕੀ, ਹੁਣ ਸੂਬੇ ਦੇ ਸਰਕਾਰੀ ਪਖਾਨਿਆਂ ‘ਤੇ ਵੀ ਭਗਵੀਂ ਕੂਚੀ ਫੇਰੀ ਜਾ ਰਹੀ ਹੈ। ਸ਼ੁਰੂਆਤ ਇਟਾਵਾ ਦੇ ਅੰਮ੍ਰਿਤਪੁਰ ਪਿੰਡ ਤੋਂ ਕੀਤੀ ਹੈ, ਜਿੱਥੇ 350 ਵਿਚੋਂ 100 ਪਖਾਨਿਆਂ ਨੂੰ ਭਗਵਾਂ ਰੰਗ ਦੇ ਦਿੱਤਾ ਗਿਆ ਹੈ, ਬਾਕੀਆਂ ਨੂੰ ਜਲਦੀ  ਰੰਗਿਆ ਜਾਣਾ ਹੈ। ਪਿੰਡ ਵਾਸੀ ਵੀ ਬੜੇ ਖੁਸ਼ ਨੇ ਕਹਿੰਦੇ ਨੇ ਕਿ ਭਗਵਾਂ ਰੰਗ ਖੁਸ਼ਹਾਲੀ ਦਾ ਪ੍ਰਤੀਕ ਹੈ ਤੇ ਮੁੱਖ ਮੰਤਰੀ ਦਾ ਪਸੰਦੀਦਾ ਰੰਗ ਹੈ, ਇਸ ਕਰਕੇ ਇਸ ਨਾਲ ਪਿੰਡ ਵਿੱਚ ਛੇਤੀ ਵਿਕਾਸ ਦੀ ਲਹਿਰ ਹੋਵੇਗੀ। ਯਾਦ ਰਹੇ ਭਗਵਾਂ ਰੰਗ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ, ਇਸ ਨੂੰ ਆਮ ਕਰਕੇ ਮੰਦਰਾਂ ਜਾਂ ਹੋਰ ਹਿੰਦੂ ਧਾਰਮਿਕ ਅਸਥਾਨਾਂ ‘ਤੇ ਕੀਤਾ ਜਾਂਦਾ ਹੈ। ਤੇ ਯੋਗੀ ਜੀ ਵਲੋਂ ਪਖਾਨਿਆਂ ‘ਤੇ ਵੀ ਭਗਵੀਂ ਕੂਚੀ ਫਿਰਵਾਉਣ ‘ਤੇ ਦੱਖਣ ਦੇ ਪ੍ਰਸਿੱਧ ਫਿਲਮ ਅਭਿਨੇਤਾ ਪ੍ਰਕਾਸ਼ ਰਾਜ ਨੇ ਕਟਾਖਸ਼ ਕੀਤਾ ਹੈ ਕਿ ਕੰਧਾਂ ਦੇਰੰਗ ਬਦਲਣ ਨਾਲ ਪਤਾ ਨਹੀਂ ਕਿਹੜਾ ਵਿਕਾਸ ਹੋ ਰਿਹਾ ਹੈ, ਉਹਨਾਂ ਕਿਸਾਨਾਂ ਨੂੰ ਇਹ ਵਿਕਾਸ ਦਿਸਦਾ ਈ ਨਹੀਂ ਜਿਹੜੇ ਸੜਕਾਂ ‘ਤੇ ਆਲੂ ਸੁੱਟਦੇ ਫਿਰਦੇ ਨੇ। ਪ੍ਰਕਾਸ਼ ਰਾਜ ਨੇ ਯੋਗੀ ਅਦਿਤਯਾਨਾਥ ਨੂੰ ਮਿਸਟਰ ਵਿਕਾਸ ਪੇਂਟਰ ਦਾ ਨਾਮ ਵੀ ਦਿੱਤਾ ਹੈ।