ਬੂਹੇ ਆਈ ਜੰਞ ਬਿੰਨੋ ਕੁੜੀ ਦੇ ਕੰਨ

-ਪੰਜਾਬੀਲੋਕ ਬਿਊਰੋ
ਭਲਕੇ 13 ਜਨਵਰੀ ਨੂੰ ਚਾਲੀ ਮੁਕਤਿਆਂ ਨੂੰ ਨਤਮਸਤਕ ਹੋਣ ਤੇ ਪਵਿੱਤਰ ਸਰੋਵਰ ਚ ਇਸ਼ਨਾਨ ਕਰਨ ਵਾਸਤੇ ਲੱਖਾਂ ਸ਼ਰਧਾਲੂ ਮੁਕਤਸਰ ਪੁੱਜਣੇ ਨੇ,  ਜਿਹਨਾਂ ਦੀ ਆਮਦ ਲਈ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧ ਅਜੇ ਤੱਕ ਢਿੱਲੇ ਹਨ। ਨਰਾਜ਼ ਨਾ ਹੋਣਾ, ਇਥੇ ਪ੍ਰਸ਼ਾਸਨ ਸਫਾਈ ਨਹੀਂ ਕਰਵਾ ਸਕਿਆ, ਕੂੜੇ ਦੇ ਢੇਰ ਤੁਹਾਡਾ ਸਵਾਗਤ ਕਰਨਗੇ, ਥਾਂ ਥਾਂ ਪਏ ਟੋਇਆਂ ਚ ਹਿਚਕੋਲੇ ਖਾਣੇ ਪੈਣਗੇ, ਝਾੜੀਆਂ ਦੇ ਜੰਗਲ ਤੁਹਾਡਾ ਸਵਾਗਤ ਕਰਨਗੇ। ਪ੍ਰਸ਼ਾਸਨ ਕਹਿੰਦਾ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿਆਂਗੇ, ਪਰ ਪਤਾ ਲੱਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਨੇੜੇ ਮਹਿਲਾ ਪਖਾਨੇ ਬਿਨਾ ਦਰਵਾਜ਼ਿਆਂ ਤੋਂ ਹੀ ਚੱਲ ਰਹੇ ਨੇ।
ਮੇਲਾ ਮਾਘੀ ਮੌਕੇ ਕਰੀਬ 10 ਲੱਖ ਸ਼ਰਧਾਲੂ ਪੁੱਜਦੇ ਹਨ। 13 ਤੇ 14 ਜਨਵਰੀ ਦੇ ਦਿਨ ਖਾਸ ਤੌਰ ‘ਤੇ ਸ਼ਰਧਾਲੂਆਂ ਦੀ ਆਵਾਜਾਈ ਰਹਿੰਦੀ ਹੈ। ਮਨੋਰੰਜਨ ਮੇਲਾ ਤਾਂ 10 ਦਿਨ ਚੱਲਦਾ ਹੈ। ਸੜਕਾਂ ‘ਤੇ ਹਨੇਰਾ ਹੈ, ਕਿਉਂਕਿ ਲਾਈਟਾਂ ਦਾ ਪ੍ਰਬੰਧ ਜਿਹੜਾ ਠੇਕੇਦਾਰ ਚਲਾ ਰਿਹਾ ਸੀ ਉਹਦਾ ਠੇਕਾ ਕੰਟਰੈਕਟ ਕੁਝ ਦਿਨ ਪਹਿਲਾਂ ਮੁੱਕ ਗਿਆ ਹੈ।