• Home »
  • ਸਿਆਸਤ
  • ਖਬਰਾਂ
  • » ਭਾਰਤੀ ਸੀਨੀਅਰ ਜੱਜਾਂ ਨੇ ਲੋਕਤੰਤਰ ਦੇ ਖਤਰੇ ਤੋਂ ਕੀਤਾ ਮੁਲਕ ਨੂੰ ਸਾਵਧਾਨ

ਭਾਰਤੀ ਸੀਨੀਅਰ ਜੱਜਾਂ ਨੇ ਲੋਕਤੰਤਰ ਦੇ ਖਤਰੇ ਤੋਂ ਕੀਤਾ ਮੁਲਕ ਨੂੰ ਸਾਵਧਾਨ

-ਪੰਜਾਬੀਲੋਕ ਬਿਊਰੋ
ਭਾਰਤ ਦੀ ਸਰਬ ਉੱਚ ਅਦਾਲਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਜਦੋਂ ਚੀਫ ਜਸਟਿਸ ਤੋਂ ਬਾਅਦ ਚਾਰ ਸਭ ਤੋਂ ਸੀਨੀਅਰ ਜੱਜਾਂ ਨੇ ਪੱਤਰਕਾਰ ਸੰਮੇਲਨ ਕੀਤਾ ।
ਜਸਟਿਸ ਚੇਲਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਭੀਵਾਰਾਓ ਤੇ ਜਸਟਿਸ ਕੁਰੀਅਨ ਜੋਸਫ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸ਼ਰਾ ਨਾਲ ਮੱਤਭੇਦ ਜਾਹਰ ਕੀਤੇ। ਇਨਾਂ ਚਾਰ ਜੱਜਾਂ ਨੇ ਕਿਹਾ ਕਿ ਅਸੀਂ ਅੱਜ ਮੀਡੀਆ ਕੋਲ ਇਸ ਲਈ ਆਏ ਹਾਂ ਕਿ ਕੱਲ ਨੂੰ ਉਨਾਂ ਨੂੰ ਕੋਈ ਇਹ ਨਾ ਕਹਿ ਦੇਵੇ ਕਿ ਅਸੀਂ ਵੀ ਆਪਣੀ ਆਤਮਾ ਵੇਚ ਦਿੱਤੀ ਹੈ। ਜਸਟਿਸ ਚਲਮੇਸ਼ਵਰ ਨੇ ਕਿਹਾ ਕਿ ਅਸੀਂ ਪਿਛਲੇ ਦੋ ਮਹੀਨੇ ਦੇ ਹਾਲਾਤ ਬਾਰੇ ਇਹ ਪੱਤਰਕਾਰ ਸੰਮੇਲਨ ਕਰ ਰਹੇ ਹਾਂ ਇਨਾਂ ਚਾਰਾਂ ਜੱਜਾਂ ਨੇ ਦੱਸਿਆ ਕਿ ਉਨਾਂ ਸੁਪਰੀਮ ਕੋਰਟ ਵਿੱਚ ਸਭ ਕੁਝ ਠੀਕ ਨਾ ਹੋਣ ਬਾਰੇ ਚੀਫ ਜਸਟਿਸ ਨੂੰ ਦੋ ਮਹੀਨੇ ਪਹਿਲਾਂ ਹੀ ਚਿੱਠੀ ਲਿਖ ਕੇ ਸੂਚਿਤ ਕੀਤਾ ਸੀ। ਉਨਾਂ ਐਲਾਨ ਕੀਤਾ ਹੈ ਕਿ ਅਸੀਂ ਉਹ ਚਿੱਠੀ ਛੇਤੀ ਹੀ ਜਨਤਕ ਕਰਾਂਗੇ।
ਭਾਰਤ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਿੱਥੇ ਜੱਜ ਕਿਸੇ ਸਮਾਗਮ ਜਾਂ ਵਿਆਹ ਸ਼ਾਦੀ ‘ਚ ਜਾਣ ਤੋਂ ਵੀ ਗੁਰੇਜ਼ ਕਰਦੇ ਹਨ, ਉੱਥੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਚਾਰ ਸੀਨੀਅਰ ਜੱਜ ਮੀਡੀਆ ਸਾਹਮਣੇ ਆਏ। ਚੀਫ ਜਸਟਿਸ ਤੋਂ ਬਾਅਦ ਦੂਜੇ ਸਥਾਨ ‘ਤੇ ਆਉਣ ਵਾਲੇ ਜੱਜ ਚਲਮੇਸ਼ਵਰ ਨੇ ਕਿਹਾ,” ਅਸੀਂ ਚਾਰੇ ਇਸ ਗੱਲ ‘ਤੇ ਸਹਿਮਤ ਹਾਂ ਕਿ ਜਦੋਂ ਤਕ ਇਸ ਸੰਸਥਾ ਨੂੰ ਸੁਰੱਖਿਅਤ ਨਹੀਂ ਕੀਤਾ ਜਾਂਦਾ ਤੇ ਇਸ ਦੀ ਮਰਿਆਦਾ ਨੂੰ ਬਰਕਰਾਰ ਨਹੀਂ ਰੱਖਿਆ ਜਾਂਦਾ, ਉਦੋਂ ਤੱਕ ਲੋਕਤੰਤਰ ਇਸ ਦੇਸ਼ ਜਾਂ ਕਿਸੇ ਵੀ ਦੇਸ਼ ਨੂੰ ਬਚਾ ਨਹੀਂ ਸਕਦਾ। ਲੋਕਤੰਤਰ ਦੀ ਸੁਰੱਖਿਆ ਲਈ ਚੰਗੇ ਲੋਕਤੰਤਰ ਦੇ ਨਾਲ ਆਜ਼ਾਦ ਤੇ ਪੱਖਪਾਤ ਤੋਂ ਰਹਿਤ ਜੱਜ ਦਾ ਹੋਣਾ ਬਹੁਤ ਜ਼ਰੂਰੀ ਹੈ। ਜੱਜ ਇੱਥੇ ਸੰਕੇਤਕ ਹੈ, ਦਰਅਸਲ ਇਹ ਸੰਸਥਾ ਹੈ।”
ਸੱਤ ਸਫ਼ਿਆਂ ਦੀ ਇਸ ਚਿੱਠੀ ਵਿੱਚ ਕਈ ਵਿਵਾਦਾਂ ਦਾ ਜ਼ਿਕਰ ਕੀਤਾ ਗਿਆ ਹੈ। ਚਿੱਠੀ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਦੇ ਮਨਮਰਜ਼ੀ ਵਾਲੇ ਰਵੱਈਏ ਦਾ ਜ਼ਿਕਰ ਕੀਤਾ ਗਿਆ ਹੈ। ਚਿੱਠੀ ਵਿੱਚ ਗੁਜਰਾਤ ਦੇ ਸੋਹਰਾਬੁੱਦੀਨ ਐਨਕਾਊਂਟਰ ਦਾ ਵੀ ਵਿਸ਼ੇਸ਼ ਜ਼ਿਕਰ ਹੈ। ਕਿ ਕਿਵੇਂ ਅਮਿਤ ਸ਼ਾਹ ਦੀ ਕਥਿਤ ਸ਼ਮੂਲੀਅਤ ਵਾਲੇ ਇਸ ਕੇਸ ਨੂੰ ਦੇਖ ਰਹੇ ਜੱਜ ਲੋਆ ਦਾ ਭੇਦਭਰੀ ਹਾਲਤ ਵਿੱਚ ਦੇਹਾਂਤ ਹੋ ਗਿਆ, ਕਿਸੇ ਨੇ ਗੌਰ ਤੱਕ ਨਾ ਕੀਤੀ ਤੇ ਜੱਜ ਨੂੰ ਖਰੀਦਣ ਦੀ ਕੋਸ਼ਿਸ਼ ਵੀ ਹੋਈ ਸੀ।
ਚੀਫ਼ ਜਸਟਿਸ ਕੇਸ ਵੰਡਣ ਵਿੱਚ ਧੱਕਾ ਕਰ ਰਹੇ ਹਨ। ਉਹ ਸੱਤਾ ਦੇ ਪ੍ਰਭਾਵ ਹੇਠ ਚੁਣ-ਚੁਣ ਕੇ ਕੇਸ ਖਾਸ ਜੱਜਾਂ ਨੂੰ ਦੇ ਰਹੇ ਹਨ। ਬੰਬੇ, ਕੋਲਕਾਤਾ ਅਤੇ ਮਦਰਾਸ ਹਾਈਕੋਰਟ ਦੇ ਪ੍ਰਬੰਧ ਦੀ ਰਵਾਇਤ ਨੂੰ ਤੋੜਿਆ ਜਾ ਰਿਹਾ ਹੈ ਤੇ ਬੇਲੋੜਾ ਦਖਲ ਦੇ ਰਹੇ ਹਨ। ਉਨਾਂ ਨੇ ਕੇਸਾਂ ਜਾਂ ਕੰਮ ਦੇ ਬਟਵਾਰੇ ਬਾਰੇ ਸਵਾਲ ਚੁੱਕੇ ਹਨ ਅਤੇ ਉਨਾਂ ਨੇ ਕਿਹਾ ਕਿ ਜੋ ਕੁਝ ਚੱਲ ਰਿਹਾ ਹੈ ਉਹ ਉਸ ਨਾਲ ਸਹਿਮਤ ਨਹੀਂ ਹਨ।
ਰਿਪੋਰਟਾਂ ਮੁਤਾਬਕ ਅੱਜ ਸਵੇਰੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨਾਲ ਮੁਲਾਕਾਤ ਕੀਤੀ ਸੀ ਪਰ ਉਨਾਂ ਮੁਤਾਬਕ ਚੀਫ਼ ਜਸਟਿਸ ਨੇ ਮਸਲੇ ਪ੍ਰਤੀ ਗੰਭੀਰਤਾ ਨਹੀਂ ਦਿਖਾਈ।
ਇਸ ਮਾਮਲੇ ਉੱਤੇ ਟਿੱਪਣੀ ਕਰਦਿਆਂ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਚੀਫ ਜਸਟਿਸ ਨੇ ਆਪਣੀ ਪਾਵਰ ਦਿਖਾਉਣ ਲਈ ਸਰਕਾਰ ਦੇ ਇਸ਼ਾਰੇ ਉੱਤੇ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਹੈ ।  ਚੀਫ ਜਸਟਿਸ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।
ਦਿੱਲੀ ਹਾਈ ਕੋਰਟ ਦੇ ਸੇਵਾਮੁਕਤ ਜੱਜ ਮੁਕਲ ਮੁਦਗਿੱਲ ਨੇ ਕਿਹਾ ਕਿ ਜੱਜਾਂ ਕੋਲ ਕੋਈ ਰਾਹ ਨਹੀਂ ਬਚਿਆ ਹੋਵੇਗਾ।ਇਹ ਸੀਨੀਅਰ ਜੱਜ ਹਨ ਉਨਾਂ ਦਾ ਮੀਡੀਆ ਵਿੱਚ ਆਉਣਾ ਅਫਸੋਸਨਾਕ ਹੈ।
ਸਾਬਕਾ ਕਨੂੰਨ ਮੰਤਰੀ ਤੇ ਕਾਂਗਰਸ ਆਗੂ ਅਸ਼ਵਨੀ ਕੁਮਾਰ ਨੇ ਇਸ ਘਟਨਾ ਨੂੰ ਬਹੁਤ ਦਰਦਨਾਕ ਤੇ ਨਿਰਾਸ਼ਾਜਨਕ ਦੱਸਿਆ ਅਤੇ ਸੁਪਰੀਮ ਕੋਰਟ ਦੀ ਅਖੰਡਤਾ ਨੂੰ ਨੁਕਸਾਨਦਾਇਕ ਕਰਾਰ ਦਿੱਤਾ।ਸਾਬਕਾ ਕਨੂੰਨ ਮੰਤਰੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਇਹ ਸਿਸਟਮ ਵਿਗੜਿਆ ਹੈ ਉਸ ਨੂੰ ਮਿਲ ਕੇ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਸੁਪਰੀਮ ਕੋਰਟ ਦੀ ਮਰਿਯਾਦਾ ਨੂੰ ਧੱਕਾ ਲੱਗਿਆ ਹੈ ਉਸ ਨੂੰ ਠੀਕ ਕਰਨ ਲਈ ਬਹੁਤ ਸਮਾਂ ਲੱਗੇਗਾ।
ਹਾਈ ਕੋਰਟ ਦੇ ਸੇਵਾ ਮੁਕਤ ਚੀਫ ਜਸਟਿਸ ਆਰ ਐੱਸ ਸੋਢੀ ਨੇ ਕਿਹਾ ਕਿ ਜੱਜਾਂ ਦਾ ਮੀਡੀਆ ਵਿੱਚ ਆਉਣਾ ਬਚਕਾਨਾ ਹਰਕਤ ਹੈ। ਉਨਾਂ ਕਿਹਾ ਕਿ ਚਾਰ ਜੱਜਾਂ ਕਾਰਨ ਲੋਕਤੰਤਰ ਨੂੰ ਖਤਰਾ ਕਿਵੇਂ ਹੋ ਸਕਦਾ ਹੈ। ਜੇਕਰ ਨਰਾਜ਼ ਜੱਜਾਂ ਕੋਈ ਸਮੱਸਿਆ ਸੀ ਇਸਦੀ ਕਿਸੇ ਕੇਸ ਵਿੱਚ ਓਬਜਰਵੇਸ਼ਨ ਦੇਣੀ ਬਣਦੀ ਸੀ। ਜਸਟਿਸ ਸੋਢੀ ਨੇ ਕਿਹਾ ਕਿ ਇਹ ਮਸਲੇ ਨੂੰ ਚੁੱਕਣ ਦਾ ਗੰਭੀਰ ਤਰੀਕਾ ਨਹੀਂ ਹੈ।
ਸੀਨੀਅਰ ਐਡਵੋਕੇਟ ਕੇ ਟੀ ਐੱਸ ਤੁਲਸੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਦਾ ਮੀਡੀਆ ਸਾਹਮਣੇ ਆਉਣ ਵਾਲੀ ਘਟਨਾ ਮੰਦਭਾਗੀ ਹੈ। ਸਰਬਉੱਚ ਅਦਾਲਤ ਵਿੱਚ ਚੱਲ ਰਹੇ ਕੰਮਾਂ ਉੱਤੇ ਉਨਾਂ ਦੇ ਉਂਗਲ ਚੁੱਕਣ ਦਾ ਅਰਥ ਹੈ ਕਿ ਉਨਾਂ ਦੀ ਅੰਤਰ-ਆਤਮਾ ਜਾਗੀ ਹੈ। ਉਨਾਂ ਨੂੰ ਉਮੀਦ ਹੈ ਕਿ ਲੋਕ ਇਸਦਾ ਨਿਆਂ ਕਰਨਗੇ।
ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਹਰ ਪਾਸੇ ਤੋਂ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਤਾਂ ਚੀਫ਼ ਜਸਟਿਸ ਦੀਪਕ ਮਿਸ਼ਰਾ ਤੋਂ ਅਸਤੀਫ਼ੇ ਦੀ ਮੰਗ ਕਰ ਦਿੱਤੀ ਹੈ।
ਦੂਜੇ ਪਾਸੇ ਮੀਡੀਆ ਰਿਪੋਰਟਾਂ ਵਿੱਚ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਸਰਕਾਰ ਇਸ ਨੂੰ ਅਦਾਲਤੀ ਪ੍ਰਣਾਲੀ ਦੇ ਪ੍ਰਬੰਧਨ ਦਾ ਅੰਦਰੂਨੀ ਮਸਲਾ ਮੰਨ ਰਹੀ ਹੈ ਅਤੇ ਇਸ ਮਾਮਲੇ ਵਿੱਚ ਦਖਲ ਦੇਣ ਦਾ ਇਰਾਦਾ ਨਹੀਂ ਰੱਖਦੀ ।
ਪਰ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਅਟਾਰਨੀ ਜਨਰਲ ਕੇ ਕੇ ਵੇਨੂੰਗੋਪਾਲ ਨੂੰ ਬੈਠਕ ਲਈ ਬੁਲਾ ਕੇ ਮਾਮਲੇ ਉੱਤੇ ਵਿਚਾਰ ਕੀਤੀ।
ਭਾਰਤੀ ਨਿਆਂਪਾਲਕਾ ਦੇ ਇਤਿਹਾਸ ਵਿੱਚ ਹੋਈ ਅਦਭੁਤ ਘਟਨਾ ‘ਤੇ ਸਰਕਾਰ ਨੇ ਵੀ ਆਪਣੀ ਨਜ਼ਰ ਬਣਾ ਲਈ ਹੈ। ਪ੍ਰਧਾਨ ਮੰਤਰੀ ਨੇ ਤੁਰੰਤ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨਾਲ ਇਸ ਮੁੱਦੇ ‘ਤੇ ਚਰਚਾ ਕੀਤੀ।
ਰਾਹੁਲ ਗਾਂਧੀ ਵੀ ਇਸ ਮੁੱਦੇ ‘ਤੇ ਪਾਰਟੀ ਦੀ ਬੈਠਕ ਸੱਦ ਲਈ ਹੈ। ਸੀ ਪੀ ਆਈ ਨੇਤਾ ਡੀ ਰਾਜਾ ਨੇ ਜਸਟਿਸ ਚੇਲਮਸ਼ੇਵਰ ਨਾਲ ਮੁਲਾਕਾਤ ਕੀਤੀ ਹੈ।