ਸੀ.ਪੀ.ਆਈ. (ਐਮ-ਐਲ) ਵੱਲੋਂ ਚਾਰ ਜੱਜਾਂ ਦੀ ਹਮਾਇਤ ਦਾ ਐਲਾਨ

-ਪੰਜਾਬੀਲੋਕ ਬਿਊਰੋ

ਦੇਸ਼ ਦੀ ਸਰਵ-ਉੱਚ ਅਦਾਲਤ ਸਬੰਧੀ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਉਠਾਏ ਗਏ ਸਵਾਲ, ਅਦਾਲਤ ‘ਚ ਹੋ ਰਹੀਆਂ ਬੇਨਿਯਮੀਆਂ ਅਤੇ ਪੱਖਪਾਤ, ਦੇਸ਼ ਲਈ ਅਤੇ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਨੇ ਪ੍ਰੈਸ ਕਾਨਫਰੰਸ ਕਰਕੇ ਮੁੱਖ ਜੱਜ ‘ਤੇ ਗੰਭੀਰ ਦੋਸ਼ ਲਾਏ ਹਨ। ਉਹਨਾਂ ਕਿਹਾ ਕਿ ਮੁੱਖ ਜੱਜ ਬੈਂਚ ਬਣਾਉਣ ਅਤੇ ਬੈਂਚਾਂ ਨੂੰ ਕੇਸ ਅਲਾਟ ਕਰਨ ਵਿਚ ਨਿਯਮਾਂ ਤੇ ਪਰੰਪਰਾਵਾਂ ਦਾ ਪਾਲਣ ਨਹੀਂ ਕਰਦੇ। ਚਾਰ ਜੱਜਾਂ ਨੇ ਜਸਟਿਸ ਲੋਇਆ ਮਾਮਲੇ ਵਿੱਚ ਵੀ ਸੁਪਰੀਮ ਕੋਰਟ ਦੀ ਭੂਮਿਕਾ ‘ਤੇ ਸਵਾਲ ਉਠਾਏ ਹਨ।
ਪਾਰਟੀ ਦੀ ਸੂਬਾ ਕਮੇਟੀ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਲੋਕਾਂ ਦਾ ਕਾਰਜਪਾਲਿਕਾ, ਵਿਧਾਨ-ਪਾਲਿਕਾ ਵਿੱਚੋਂ ਪਹਿਲਾਂ ਹੀ ਵਿਸ਼ਵਾਸ ਉੱਠ ਚੁੱਕਾ ਹੈ। ਰਹਿੰਦੀ-ਖੂੰਹਦੀ ਕਸਰ ਨਿਆਂ-ਪਾਲਿਕਾ ਨੇ ਪੂਰੀ ਕਰ ਦਿੱਤੀ ਹੈ। ਨਿਆਂਪਾਲਿਕਾ ਦੇ ਪੱਖਪਾਤੀ ਫੈਸਲਿਆਂ ਬਾਰੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਹਨ। ਪ੍ਰੰਤੂ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਹੀ ਸੁਪਰੀਮ ਕੋਰਟ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਪਰਦਾਫਾਸ਼ ਕਰਨਾ ਆਰਥਿਕ, ਰਾਜਨੀਤਕ ਨਿਘਾਰ ਦੇ ਨਾਲ-ਨਾਲ ਸੰਵਿਧਾਨਕ ਨਿਘਾਰ ਪੈਦਾ ਹੋਣ ਦਾ ਪ੍ਰਗਟਾਵਾ ਹੈ।
ਉਨਾਂ ਕਿਹਾ ਕਿ ਇਹ ਘਟਨਾਕ੍ਰਮ ਦਰਸਾਉਂਦਾ ਹੈ ਕਿ ਸੰਘੀ ਫਿਰਕੂ ਫਾਸ਼ੀਵਾਦ ਕਿਵੇਂ ਨਿਆਂਪਾਲਿਕਾ ਦੀ ਦੁਰਵਰਤੋਂ ਕਰ ਰਿਹਾ ਹੈ। ਜੱਜਾਂ ਦਾ ਬਿਆਨ ਸੰਘੀ ਫਿਰਕੂ ਫਾਸ਼ੀਵਾਦੀ ਪ੍ਰਜੈਕਟ ਲਈ ਇਕ ਚੁਣੌਤੀ ਹੈ। ਜੱਜ ਚਮਲੇਸ਼ਵਰ ਨੇ ਕਿਹਾ ਹੈ ਕਿ ਇਹ ਸਥਿਤੀ ਜਮਹੂਰੀਅਤ ਲਈ ਖਤਰਾ ਹੈ।
ਉਨਾਂ ਕਿਹਾ ਕਿ ਸਭ ਜਮਹੂਰੀ ਤਾਕਤਾਂ ਨੂੰ ਇਹਨਾਂ ਜੱਜਾਂ ਦੀ ਹਮਾਇਤ ‘ਚ ਆਉਣਾ ਚਾਹੀਦਾ ਹੈ ਤੇ ਇਹਨਾਂ ਵਲੋਂ ਉਠਾਏ ਮੁੱਦਿਆਂ ‘ਤੇ ਸੰਘਰਸ਼ ਕਰਦੇ ਹੋਏ ਖੋਖਲੇ ਹੋ ਚੁੱਕੇ ਪ੍ਰਬੰਧ ਨੂੰ ਮੁੱਢੋਂ-ਸੁੱਢੋਂ ਤਬਦੀਲ ਕਰਕੇ ਲੋਕਾਂ ਦੀ ਜੀਵਨ-ਹਾਲਤ ਨੂੰ ਉੱਚ ਚੁੱਕਣ ਵਾਲਾ ਪ੍ਰਬੰਧ ਉਸਾਰਨ ਵੱਲ ਅੱਗੇ ਆਉਣਾ ਚਾਹੀਦਾ ਹੈ।