ਮੀਕਾ ਮਾਮਲੇ ‘ਤੇ ਪ੍ਰਬੰਧਕਾਂ ਨੇ ਮਾਫੀ ਮੰਗ ਲਈ ਹੈ- ਗਿਆਨੀ ਗੁਰਬਚਨ ਸਿੰਘ

-ਪੰਜਾਬੀਲੋਕ ਬਿਊਰੋ
ਮੁੰਬਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਬਾਰੇ ਸਮਾਗਮ ਵਿੱਚ ਬਾਲੀਵੁੱਡ ਗਾਇਕ ਮੀਕਾ ਸਿੰਘ ਵੱਲੋਂ ਸ਼ਬਦ ਕੀਰਤਨ ਗਾਇਨ ਕਰਨ ਦੇ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗਲਤ ਦੱਸਿਆ ਹੈ। ਉਨਾਂ ਕਿਹਾ ਕਿ ਮੀਕਾ ਵੱਲੋਂ ਸ਼ਬਦ ਕੀਰਤਨ ਗਾਇਨ ਬਾਰੇ ਉਨਾਂ ਨੂੰ ਪਹਿਲਾਂ ਪਤਾ ਨਹੀਂ ਸੀ। ਇਹ ਉੱਥੋਂ ਦੇ ਪ੍ਰਬੰਧਕਾਂ ਦੀ ਗ਼ਲਤੀ ਸੀ ਤੇ ਉਨਾਂ ਆਪਣੀ ਗ਼ਲਤੀ ਨੂੰ ਕਬੂਲ ਕਰਦਿਆਂ ਮੁਆਫੀ ਵੀ ਮੰਗ ਲਈ ਹੈ। ਉਨਾਂ ਇਹ ਗੱਲ ਮੰਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਤਿਤ ਸਿੱਖ ਵੱਲੋਂ ਕੀਰਤਨ ਕੀਤਾ ਜਾਣਾ ਮਰਿਆਦਾ ਦੇ ਖਿਲਾਫ ਹੈ।
ਸਿੱਖ ਕਤਲੇਆਮ ਨਾਲ ਸਬੰਧਤ 186 ਕੇਸਾਂ ਦੀ ਮੁੜ ਜਾਂਚ ਕਰਵਾਉਣ ਦੇ ਹੁਕਮਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਇਹ ਫੈਸਲਾ ਸਿੱਖਾਂ ਦੇ ਜ਼ਖਮਾਂ ‘ਤੇ ਮਰਹਮ ਲਾਉਣ ਦਾ ਕੰਮ ਕਰੇਗਾ ਤੇ ਅਸਲ ਦੋਸ਼ੀਆਂ ਨੂੰ ਸਜ਼ਾ ਮਿਲ ਸਕੇਗੀ। ਉਨਾਂ ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕੇ 1984 ਦੌਰਾਨ ਸਿੱਖਾਂ ਨਾਲ ਹੋਈ ਬੇਇਨਸਾਫ਼ੀ ਲਈ ਸਹੀ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣਾ-ਆਪਣਾ ਸਹਿਯੋਗ ਦੇਣ।
ਇਸ ਤੋਂ ਇਲਾਵਾ ਉਨਾਂ ਕਿਹਾ ਕਿ ਧਾਰਾ 25 ਬੀ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਸਿੱਖ ਵੱਖਰੀ ਕੌਮ ਹੈ। ਉਨਾਂ ਕਿਹਾ ਕਿ ਸਿੱਖ ਮੈਰਿਜ ਐਕਟ ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿੱਚ ਲਾਗੂ ਹੋ ਗਿਆ ਹੈ ਪਰ ਹਿੰਦੁਸਤਾਨ ਵਿੱਚ ਕਿਉਂ ਨਹੀਂ? ਵਿਦੇਸ਼ਾਂ ਦੇ ਗੁਰਦਵਾਰਿਆਂ ਚ ਭਾਰਤੀ ਅਧਿਕਾਰੀਆਂ ਦੇ ਜਾਣ ਤੇ ਬੋਲਣ ਦੀ ਮਨਾਹੀ ਬਾਰੇ ਉਨਾਂ ਸਾਫ ਕੀਤਾ ਕਿ ਮੱਥਾ ਟੇਕਣ ‘ਤੇ ਕੋਈ ਰੋਕ ਨਹੀਂ ਲਾਈ ਗਈ, ਸਿਰਫ ਬੋਲਣ ‘ਤੇ ਮਨਾਹੀ ਹੈ। ਉਨਾਂ ਦੱਸਿਆ ਕਿ ਉੱਥੋਂ ਦੇ ਪ੍ਰਬੰਧਕਾਂ ਮੁਤਾਬਕ ਅਜਿਹੇ ਅਧਿਕਾਰੀ ਸਿੱਖਾਂ ਵਿੱਚ ਫੁੱਟ ਪਾਉਣ ਦਾ ਕੰਮ ਕਰਦੇ ਹਨ। ਇਸ ਲਈ ਉਨਾਂ ਦੇ ਸਟੇਜ ਤੋਂ ਬੋਲਣ ਦੀ ਪਾਬੰਦੀ ਲਾਈ ਗਈ ਹੈ।