ਰਿਕਸ਼ਾ ‘ਤੇ ਵਿਆਹੁਣ ਆਇਆ ਗੱਭਰੂ

-ਪੰਜਾਬੀਲੋਕ ਬਿਊਰੋ
ਜਿੱਥੇ ਇਕ ਪਾਸੇ ਪੰਜਾਬ ਵਿੱਚ ਹੈਲੀਕਾਪਟਰਾਂ ‘ਤੇ ਬਰਾਤਾਂ ਲਿਆਉਣ ਦੀ ਪਿਰਤ ਪੈ ਰਹੀ ਹੈ, ਓਥੇ ਇਕ ਗੱਭਰੂ ਨੇ ਰਿਕਸ਼ਾ ਵਿੱਚ ਬਰਾਤ ਲਿਜਾ ਕੇ ਡੋਲੀ ਲਿਆ ਕੇ ਫਜ਼ੂਲ ਖਰਚੀ ਕਰਨ ਵਾਲਿਆਂ ਨੂੰ ਕਰਾਰ ਜੁਆਬ ਦਿੱਤਾ ਹੈ। ਇਹ ਮਿਸਾਲ ਨਵਾਂ ਸ਼ਹਿਰ ਦੇ ਪਿੰਡ ਗੜੀ ਫ਼ਤਿਹ ਖਾਂ ਦੇ ਨੌਜਵਾਨ ਲਖਵਿੰਦਰ ਸਿੰਘ ਨੇ ਕਾਇਮ ਕੀਤੀ ਹੈ, ਜਿਸ ਦਾ ਬਲਾਚੌਰ ਦੀ ਦਵਿੰਦਰ ਕੌਰ ਨਾਲ ਸਾਦਾ ਰਸਮਾਂ ਨਾਲ ਵਿਆਹ ਹੋਇਆ ਹੈ।  ਲਖਵਿੰਦਰ ਸਿੰਘ ਪੇਸ਼ੇ ਤੋਂ ਆਰ.ਐਮ.ਪੀ. ਡਾਕਟਰ ਹੈ। ਤੇ ਉਸ ਦੀ ਪਤਨੀ ਸੋਸ਼ਲ ਵਰਕਰ ਤੇ ਆਂਗਣਵਾੜੀ ਵਰਕਰ ਹੈ। ਦੋਵਾਂ ਦਾ ਵਿਆਹ ਬਿਨਾ ਕਿਸੇ ਦੇਣ ਲੈਣ ਤੋਂ ਹੋਇਆ ਤੇ ਡੋਲੀ ਵੀ ਰਿਕਸ਼ਾ ‘ਤੇ ਹੀ ਆਈ, ਰਿਸੈਪਸ਼ਨ ਦੇ ਨਾਮ ਉੱਤੇ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ, ਜਿੱਥੇ ਲੋਕਾਂ ਨੇ ਵਧਾਈ ਦੇਣ ਦੇ ਨਾਲ-ਨਾਲ ਖ਼ੂਨਦਾਨ ਵੀ ਕੀਤਾ। ਸਾਰੇ ਇਲਾਕੇ ਵਿੱਚ ਜੋੜੇ ਦੀ ਚਰਚਾ ਹੋ ਰਹੀ ਹੈ ਤੇ ਸ਼ਾਬਾਸ਼ ਮਿਲ ਰਹੀ ਹੈ।