ਅਕਲੀ ਪੜ ਕੇ ਬੁਝੀਐ , ਅਕਲੀ ਕੀਚੇ ਦਾਨ

ਸਲਾਮ ਜ਼ਿੰਦਗੀ

-ਅਮਨਦੀਪ ਕੌਰ ਹਾਂਸ
ਬਾਬਾ ਨਾਨਕ ਜੀ ਸਮੁੱਚੀ ਲੋਕਾਈ ਨੂੰ ਕਹਿੰਦੇ ਨੇ.. .. 
ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ
ਅਕਲੀ ਪੜ ਕੇ ਬੁਝੀਐ , ਅਕਲੀ ਕੀਚੇ ਦਾਨ
ਨਾਨਕ ਆਖੇ ਰਾਹੁ ਏਹੁ,  ਹੋਰ ਗੱਲਾਂ ਸੈਤਾਨ
ਸਾਡਾ ਤਾਂ ਗੁਰੂ ਹੀ ਗਿਆਨ ਹੈ.. ਗਿਆਨ ਦੇ ਚਾਨਣ ਬਿਨਾ ਕਿਸੇ ਵੀ ਤਰਾਂ ਦੇ ਕੂੜ ਹਨੇਰੇ ਚੋਂ ਬਾਹਰ ਨਹੀਂ ਨਿਕਲਿਆ ਜਾ ਸਕਦਾ। ਬਾਬਾ ਨਾਨਕ ਜੀ ਨੇ ਲੋਕਾਈ ਦੀ ਉਂਗਲ ਫੜ ਕੇ ਸਕੂਲ ਹੀ ਤਾਂ ਤੋਰਿਆ ਸੀ, ਅਸੀਂ ਅੱਜ ਕਿਉਂ ਖੁੰਝਦੇ ਜਾ ਰਹੇ ਹਾਂ? ਜ਼ਰਾ ਸੋਚੋ ਜੇ ਸਾਡੇ ਕੋਲ ਮਹਾਨ ਗ੍ਰੰਥ ਨਾ ਹੁੰਦਾ ਤਾਂ ਸਾਡੇ ਕੋਲ ਸਿਆਣਪ ਵੀ ਨਹੀਂ ਸੀ ਹੋਣੀ। ਗਿਆਨ ਦਾ ਸੋਮਾ ਗ੍ਰੰਥ ਅਸੀਂ ਮੱਥਾ ਟੇਕਣ ਲਈ ਰੁਮਾਲਿਆਂ ਚ ਲਪੇਟ ਕੇ ਰੱਖ ਲਿਆ ਤੇ ਬਾਬਾ ਨਾਨਕ ਦੀ ਅਕਲੀ ਪੜ ਕੇ ਬੁਝੀਐ , ਅਕਲੀ ਕੀਚੇ ਦਾਨ ਵਾਲੀ
ਫਿਲਾਸਫੀ ਨੂੰ ਤਿਲਾਂਜਲੀ ਦੇ ਦਿੱਤੀ। ਬਾਬਾ ਨਾਨਕ ਦਾ ਸਿਧਾਂਤ ਹੈ ਕਿ ਪੜੇ ਗੁੜੇ ਬਿਨਾ ਸੋਝੀ ਨਹੀਂ ਆ ਸਕਦੀ।  ਅੱਜ ਕੂੜ ਹਨੇਰੇ ਵਿਚੋਂ ਸਮਾਜ ਨੂੰ ਬਾਹਰ ਕੱਢਣ ਲਈ ਗਿਆਨ ਦੇ ਦੀਵੇ ਬਾਲਣ ਦੀ ਲੋੜ ਹੈ। ਇਕ ਧਿਰ ਦੂਜੀ ਦਾ ਸ਼ੋਸ਼ਣ ਹੀ ਇਸੇ ਕਰਕੇ ਕਰਦੀ ਹੈ ਕਿ ਦੂਜੀ ਦਾ ਬੌਧਿਕ ਪੱਧਰ ਨੀਂਵਾਂ ਹੁੰਦਾ ਹੈ, ਸ਼ੋਸ਼ਤ ਧਿਰ ਨੂੰ ਗਿਆਨ ਦੇ ਦੀਵੇ ਫੜਾ ਕੇ ਸਮਾਜ ਨੂੰ ਰੌਸ਼ਨ ਕਰਨ ਦਾ ਵੇਲ਼ਾ ਹੈ, ਕਿਤੇ ਵੇਲਿਓਂ ਨਾ ਖੁੰਝ ਜਾਈਏ.. .. .. ..
ਬਾਬਾ ਨਾਨਕ ਜੀ ਦੇ ਦਰਸਾਏ ਰਾਹ ‘ਤੇ ਤੁਰਨ ਦੀ ਕੋਸ਼ਿਸ਼ ਕਰਦਿਆਂ ਕੈਨੇਡਾ ਵੱਸਦੇ ਮੋਗਾ ਜ਼ਿਲੇ ਦੇ ਪਿੰਡ ਜਗਰੂਪ ਸਿੰਘ ਮਹਿਣਾ ਨੇ ਇਕ ਪਿਰਤ ਪਾਈ ਹੈ, ਹਰ ਰੋਜ਼ ਬਾਬਾ ਨਾਨਕ ਜੀ ਦੇ ਦੁਆਰੇ ਦੇ ਨਾਮ ਦਾ ਇਕ ਡਾਲਰ ਆਪਣੀ ਕਿਰਤ ਕਮਾਈ ਵਿਚੋਂ ਰੱਖਦੇ ਨੇ, ਤੇ ਸਾਲ ਦੇ 365 ਡਾਲਰ ਜਨਮ ਭੋਇੰ ਪੰਜਾਬ ਦੇ ਲੋੜਵੰਦ ਵਿਦਿਆਰਥੀਆਂ ਲਈ ਭੇਜਦੇ ਨੇ।
ਕਿੰਨੀ ਚੰਗੀ ਸੋਚ ਹੈ ਕਿ ਬਾਬਾ ਨਾਨਕ ਦੇ ਦਰ ‘ਤੇ ਮੱਥਾ ਟੇਕਣਾ ਹੈ, ਪਰ ਇਹ ਦਰ ਕਿਹੜਾ ਹੈ? ਕੀ ਉਹਨਾਂ ਗੋਲਕਾਂ ਮੂਹਰੇ ਮੱਥਾ ਟੇਕਣਾ ਹੈ ਜਿਹੜੀਆਂ ਦਸਤਾਰਾਂ ਉਛਾਲਣ ਦਾ ਕਾਰਨ ਬਣਦੀਆਂ ਨੇ, ਜਾਂ ਫੇਰ ਹਾਸ਼ੀਏ ‘ਤੇ ਧੱਕੇ ਲੋਕਾਂ ਲਈ ਬਾਬਾ ਨਾਨਕ ਦੇ ਸੱਚੇ ਸੌਦੇ ਵਾਲੀ ਪਿਰਤ ‘ਤੇ ਤੁਰਦਿਆਂ ਹਰ ਦਿਨ ਮੱਥਾ ਟੇਕਣਾ ਹੈ, ਤੇ ਦਸਵੰਧ ਕਿਰਤੀਆਂ, ਲੋੜਵੰਦਾਂ ਦੇ ਨਾਮ ‘ਤੇ ਕੱਢ ਕੇ ਰੱਖਣੀ ਹੈ? ਇਹ ਫੈਸਲਾ ਅਸੀਂ ਆਪ ਕਰਨਾ ਹੈ।
ਜਗਰੂਪ ਮਹਿਣਾ ਕਦੇ ਕਦੇ ਨਹੀਂ ਹਰ ਰੋਜ਼ ਮੱਥਾ ਟੇਕਦੇ ਨੇ, ਗੁਰੂ ਦੀ ਗੋਲਕ ਦੇ ਨਾਮ ਦਾ ਇਕ ਡਾਲਰ ਹਰ ਰੋਜ਼ ਵੱਖਰਾ ਰੱਖਦੇ ਨੇ। ਸਾਲ ਦੇ ਪੂਰੇ 365 ਡਾਲਰ, ਭਾਰਤ ਦੇ ਤਕਰੀਬਨ 17-18 ਹਜ਼ਾਰ ਰੁਪਏ ਦੀ ਰਕਮ, ਜਿਸ ਨਾਲ ਦੋ ਬੱਚਿਆਂ ਦੀ ਪੜਾਈ ਦਾ ਸਾਲ ਦਾ ਸਾਰਾ ਖਰਚਾ ਨਿਕਲਦਾ ਹੈ।  ਜਗਰੂਪ ਸਿੰਘ ਮਹਿਣਾ ਨੇ ਇਸ ਵਾਰ ਦੋ ਕਿਰਤੀ ਪਰਿਵਾਰਾਂ ਦੀਆਂ ਹੋਣਹਾਰ ਪਰ ਆਰਥਿਕ ਥੁੜਾਂ ਨਾਲ ਦੋ ਚਾਰ ਹੋ ਰਹੀਆਂ ਬੱਚੀਆਂ ਸੰਪਰੂਨ ਪੜਾਈ ਲਈ ਗੋਦ ਲਈਆਂ ਹਨ, ਇਹਨਾਂ ਬੱਚੀਆਂ ਨੂੰ ਸਕੂਲ ਜਾਣ ਲਈ ਸਾਈਕਲ, ਸਾਰੇ ਸਾਲ ਦੇ ਸਕੂਲ ਦੇ ਖਰਚੇ, ਇਥੋਂ ਤੱਕ ਕਿ ਘਰ ਪਾਉਣ ਵਾਲੇ ਕੱਪੜੇ ਵੀ ਬਾਬਾ ਨਾਨਕ ਦਾ ਇਹ ਵਾਰਸ ਲੈ ਕੇ ਦੇਵੇਗਾ।
ਇਕ ਬੱਚੀ ਪ੍ਰੀਤੀ ਬਿਹਾਰ ਤੋਂ ਪੰਜਾਬ ਰੁਜ਼ਗਾਰ ਖਾਤਰ ਆਏ 42 ਸਾਲਾ ਕੇਸ਼ਵਰ ਤੇ ਜੋਤੀ ਦੀ ਹੈ, 14 ਸਾਲਾ ਪ੍ਰੀਤੀ 7ਵੀਂ ਜਮਾਤ ਦੀ ਵਿਦਿਆਰਥਣ ਹੈ,ਬਿਹਾਰ ਦੀ ਮੂਲ ਵਾਸੀ ਪਰ ਪੰਜਾਬੀ ਪੰਜਾਬ ਦੇ ਜੰਮੇ ਜਾਇਆਂ ਨਾਲੋਂ ਸੋਹਣੀ ਬੋਲਣੀ, ਲਿਖਣੀ, ਮਜ਼ਾਲ ਹੈ ਅਸੀਂ ਕਿਸੇ ਲਗਾਂ ਮਾਤਰ ਦੀ ਵਾਧ ਘਾਟ ਕੱਢ ਸਕੀਏ। ਕੁਝ ਕਰਨ ਦੀ ਚਿਣਗ ਉਸ ਦੇ ਅੰਦਰ ਹੈ। ਪਹਿਲੀ ਝਲਕੇ ਦਿਸਦਾ ਹੈ ਪਾਟੀਆਂ ਅੱਡੀਆਂ ਵਿੱਚ ਫਸਿਆ ਗੋਹਾ, ਨਹੁੰਆਂ ਚ ਫਸੀ ਸਵਾਹ ਤੇ ਮੁਰਝਾਇਆ ਚਿਹਰਾ.. ਤੇ ਬੁਝੀਆਂ ਅੱਖਾਂ ਚ ਜਗਦਾ ਹੈ ਕੁਝ ਕਰਨ ਦਾ ਇਕ ਸੁਪਨਾ। ਪ੍ਰੀਤੀ ਦੇ ਮੁਰਝਾਏ ਚਿਹਰੇ ‘ਤੇ ਮੁਸਕਾਨ ਪੱਸਰ ਗਈ ਜਦ ਉਸ ਨੂੰ ਦੱਸਿਆ ਕਿ ਬਾਬਾ ਨਾਨਕ ਦੇ ਇਕ ਵਾਰਸ ਨੇ ਉਸ ਨੂੰ ਪੜਾਉਣ ਲਈ ਗੋਦ ਲਿਆ ਹੈ, ਦਿਲ ਦਾ ਲਹੂ ਨੰਨੀ ਬੱਚੀ ਦੀਆਂ ਅੱਖਾਂ ਦੇ ਉਨੀਂਦਰੇ ਦੀ ਲਾਲੀ ਗਹਿਰੀ ਕਰ ਗਿਆ ਤੇ ਦੋ ਕੋਸੇ ਹੰਝੂ ਉਸ ਦੇ ਨੰਗੇ ਮਿੱਟੀ ਹੋਏ ਪੈਰਾਂ ‘ਤੇ ਡਿੱਗ ਪਏ।
ਪ੍ਰੀਤੀ ਦਾ ਕਿਰਤੀ ਬਾਪ ਕੇਸ਼ਵਰ ਕਪੂਰਥਲਾ ਕਰਤਾਰਪੁਰ ਸੜਕ ‘ਤੇ ਪੈਂਦੇ ਮਸ਼ਹੂਰ ਕਪੂਰ ਡੇਅਰੀ ਫਾਰਮ ਦੇ 50-60 ਲਵੇਰੇ ਸਾਂਭਦਾ ਹੈ, ਦਬੁਰਜੀ ਪਿੰਡ ਚ ਬਣੇ ਸ਼ੈਡ ਵਿੱਚ ਸਵੇਰੇ 6 ਵਜੇ ਤੋਂ ਰਾਤ 8-9 ਵਜੇ ਤੱਕ ਸਾਰੇ ਪਸ਼ੂਆਂ ਨੂੰ ਪੱਠਾ ਤੱਥਾ ਪਾਉਣਾ, ਗੋਹਾ ਕੂੜਾ ਕਰਨਾ, ਪਾਣੀ ਪਿਲਾਉਣਾ, ਧਾਰਾਂ ਚਵਾਉਣੀਆਂ ਸਾਰਾ ਕੰਮ 15-16 ਘੰਟੇ ਕਰਦਾ ਹੈ, ਨਾਲ ਹੀ ਉਸ ਦੀ 40 ਸਾਲਾ ਪਤਨੀ ਜੋਤੀ ਵੀ ਇਸੇ ਕੰਮ ਵਿੱਚ ਹੱਥ ਵਟਾਉਂਦੀ ਹੈ। ਇਹ ਡੇਅਰੀ ਫਾਰਮ ਕੀਹਦਾ ਹੈ, ਇਹ ਬਾਅਦ ਚ ਦੱਸਾਂਗੇ.. ਪਰ ਕਿਰਤੀ ਜੋੜੇ ਨੂੰ ਹਰ ਦਿਨ 15-16 ਘੰਟਿਆਂ ਦੀ ਹੱਡ ਭੰਨਵੀਂ ਮਿਹਨਤ ਦਾ ਡੇਅਰੀ ਫਾਰਮ ਦੇ ਮਾਲਕ 7 ਹਜ਼ਾਰ ਰੁਪਏ ਦਿੰਦੇ ਨੇ, 6000 ਕੇਸ਼ਵਰ ਨੂੰ ਤੇ 1000 ਜੋਤੀ ਨੂੰ। ਰਹਿਣ ਲਈ ਇਕ ਕਮਰਾ ਦਿੱਤਾ ਹੈ, ਜਿੱਥੇ 6 ਬੱਚਿਆਂ ਨਾਲ ਇਹ ਜੋੜਾ ਰਹਿੰਦਾ ਹੈ। ਦੁੱਧ ਵੀ ਡੇਅਰੀ ਵਾਲੇ ਨਹੀਂ ਦਿੰਦੇ, ਉਹ ਵੀ ਮੁੱਲ ਲੈਣਾ ਪੈਂਦਾ ਹੈ, ਰੋਟੀ ਕੱਪੜਾ, ਦਵਾ ਦਾਰੂ ਸਭ ਕੁਝ ਪੱਲਿਓਂ ਕਰਦੇ ਨੇ, ਕੱਪੜਾ ਤਾਂ ਕਹਿੰਦੇ, ਲੋਕ ਪੁਰਾਣੇ ਦੇ ਜਾਂਦੇ ਨੇ, ਸਰ ਜਾਂਦਾ ਹੈ ਪਰ ਬਾਕੀ ਖਰਚੇ ਐਨੇ ਵੱਡੇ ਪਰਿਵਾਰ ਦੇ ਇਸ ਨਿਗੁਣੀ ਰਕਮ ਨਾਲ ਪੂਰੇ ਨਹੀਂ ਹੁੰਦੇ, ਤਿੰਨ ਸਾਲਾਂ ਤੋਂ ਇਹ ਜੋੜਾ ਇਥੇ ਕੰਮ ਕਰ ਰਿਹਾ ਹੈ, ਪੈਸੇ ਵਧਾਉਣ ਲਈ ਮਾਲਕਾਂ ਨੂੰ ਕਹਿੰਦੇ ਨੇ ਤਾਂ ਅੱਗੋਂ ਘੂਰ ਮਿਲਦੀ ਹੈ,  ਪ੍ਰੀਤੀ ਦੀ ਕੋਰੀ ਅਨਪੜ ਮਾਂ ਜੋਤੀ ਜੋ ਜੁਆਕਾਂ ਨੂੰ ਰੱਬ ਦੀ ਦਾਤ ਮੰਨਦੀ ਹੈ, ਉਸ ਨੇ ਇਕ ਵਾਅਦਾ ਕੀਤਾ ਹੈ ਕਿ ਹੁਣ ਭਾਰਤੀ ਨਾਗਰਿਕ ਦੀ ਪੈਦਾਇਸ਼ ਵਿੱਚ ਹੋਰ ਯੋਗਦਾਨ ਨਹੀਂ ਪਾਵੇਗੀ।
ਤੇ ਇਹ ਵੀ ਦੱਸ ਦੇਈਏ ਕਿ ਇਹ ਡੇਅਰੀ ਫਾਰਮ ਕਾਂਗਰਸੀ ਐਮ ਐਲ ਏ ਰਮਨਜੀਤ ਸਿੰਘ ਸਿੱਕੀ ਤੇ ਜੈਦੀਪ ਸਿੰਘ ਦੀ ਸਾਂਝੀ ਮਾਲਕੀ ਵਾਲਾ ਹੈ, 4-5 ਏਕੜ ਚ ਫੈਲਿਆ ਹੋਇਆ ਹੈ, ਇਸ ਦੇ ਕਾਮਿਆਂ ਦਾ ਸ਼ੋਸ਼ਣ ਕਰਨ ਦੇ ਨਾਲ ਨਾਲ ਹੋਰ ਵੀ ਕਈ ਕਿੱਸੇ ਨੇ, ਉਹ ਫੇਰ ਕਦੇ ਸਾਂਝੇ ਕਰਾਂਗੇ।
ਜਗਰੂਪ ਮਹਿਣਾ ਵਲੋਂ ਗੋਦ ਲਈ ਦੂਜੀ ਬੱਚੀ ਕਰਤਾਰਪੁਰ ਕੋਲ ਪੈਂਦੇ ਪਿੰਡ ਘੁੱਗ ਦੀ ਵਿਧਵਾ ਧੀ ਮਨਜੀਤ ਕੌਰ ਦੀ ਹੈ। 13 ਸਾਲਾ ਕਾਜਲ ਦੀ 30 ਸਾਲਾ ਮਾਂ ਜਲੰਧਰ ਦੀ ਇਕ ਫੈਕਟਰੀ ਵਿੱਚ ਕੰਮ ਕਰਦੀ ਹੈ, ਸਵੇਰੇ 9 ਵਜੇ ਤੋਂ 6 ਵਜੇ ਸ਼ਾਮ ਤੱਕ ਡਿਊਟੀ ਬਦਲੇ 6000 ਰੁਪਏ ਮਿਲਦੇ ਨੇ, ਵਿਚੋਂ ਦੋ ਢਾਈ ਹਜ਼ਾਰ ਰੁਪਏ ਕਿਰਾਇਆ ਨਿਕਲ ਜਾਂਦਾ ਹੈ, ਇਸ 30 ਸਾਲਾ ਕਿਰਤੀ ਮਹਿਲਾ ਦਾ 33 ਕੁ ਸਾਲਾ  ਪਤੀ ਚਾਰ ਮਹੀਨੇ ਪਹਿਲਾਂ  ਦਿਲ ਦਾ ਦੌਰਾ ਪੈਣ ਨਾਲ ਜਹਾਨੋਂ ਕੂਚ ਕਰ ਗਿਆ। ਦੋ ਧੀਆਂ ਤੇ ਇਕ ਪੁੱਤ ਦੀ ਜ਼ਿਮੇਵਾਰੀ ਮਨਜੀਤ ਕੌਰ ਦੇ ਸਿਰ ਪੈ ਗਈ, ਪਤੀ ਨਾਲ ਜਲੰਧਰ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿੰਦੀ ਸੀ, ਜੀਵਨ ਸਾਥੀ ਦੇ ਆਸਰੇ ਤੰਗੀ ਤੁਰਸ਼ੀਆਂ ਨੂੰ ਮੂਹਰੇ ਲਾਈ ਫਿਰਦੀ ਸੀ, ਪਰ ਵਿਧਵਾ ਹੋਣ ਮਗਰੋਂ ਉਸ ਨੂੰ ਰਿਸ਼ਤੇਦਾਰਾਂ ਨੇ ਜਲੰਧਰ ਚ ਇਕੱਲੀ ਨੂੰ ਰਹਿਣ ਦੀ ਇਜਾਜ਼ਤ ਨਾ ਦਿੱਤੀ। ਅਖੌਤੀ ਸਮਾਜ ਦਾ ਫਿਕਰ ਸੀ ਕਿ ਸ਼ਹਿਰ ਚ ਤੀਮੀ ਮਾਨੀ ਇਕੱਲੀ ਕਿਵੇਂ ਰਹੂ, ਕੂੰਜ ਨੂੰ ਕਿਤੇ ਬਾਜ਼ ਨਾ ਪੈ ਜਾਣ….. ..
ਮਨਜੀਤ ਕੌਰ ਦੀ ਮਾਂ ਬੀਰੋ ਨੂੰ ਇਹ ਡਰ ਦੇ ਕੇ ਵਿਧਵਾ ਧੀ ਨੂੰ ਪੇਕੇ ਲਿਆਉਣ ਲਈ ਮਜਬੂਰ ਕਰ ਦਿੱਤਾ। ਮਨਜੀਤ ਕੌਰ ਦੇ ਸਹੁਰਿਆਂ ਨੇ ਮੂੰਹ ਮੋੜ ਲਿਆ। ਮਾਂ ਬੀਰੋ ਵੀ ਵਿਧਵਾ ਹੈ, ਇਕ ਨਸ਼ੇੜੀ ਭਰਾ ਹੈ, ਜੀਹਦੇ ਦੋ ਬੱਚੇ ਨੇ , ਦੂਹਰੇ ਚੌਹਰੇ ਦਰਦਾਂ ਨਾਲ ਭੰਨੀ ਬੀਰੋ ਹੱਸਦੀ ਕਹਿੰਦੀ ਹੈ, ਪੁੱਤ ਮੈਂ ਹਾਰਨ ਵਾਲੀ ਨਹੀਂ ਸੀ, ਜਦ 15-20 ਸਾਲ ਪਹਿਲਾਂ ਇਹਨਾਂ ਦਾ ਬਾਪ (ਬੀਰੋ ਦਾ ਪਤੀ) ਮੁੱਕਿਆ ਸੀ, ਮੈਂ ਉਦੋਂ ਵੀ ਨਹੀਂ ਸੀ ਹਾਰੀ, ਦਿਹਾੜੀ ਦੱਪੇ ਕਰਕੇ ਇਹਨਾਂ ਦੇ ਕਾਰਜ ਸਿਰੇ ਚਾੜੇ, ਪਰ ਦੁੱਖ ਐ ਬਈ ਧੀਆਂ ਨੂੰ ਪੜਨ ਨਾ ਦੇ ਸਕੀ। ਜਮਾਨਾ ਚੰਗਾ ਨਹੀਂ, ਤਾਂ ਕਰਕੇ ਨਿੱਕੀਆਂ ਨਿੱਕੀਆਂ ਈ ਵਿਆਹ ਦਿੱਤੀਆਂ ਸੀ। ਸੋਚਦੀ ਹੁੰਦੀ ਸੀ ਪੁੱਤ ਜਵਾਨ ਹੋਊ, ਮੇਰਾ ਦੂਜਾ ਖਸਮ ਬਣੂ, ਜ਼ਿਮੇਵਾਰੀ ਚੁੱਕ ਲਊ, ਪਰ ਕੀ ਪਤਾ ਸੀ ਬਈ ਮਾੜੀ ਸੰਗਤ ਚ ਪੈ ਜਾਊ..?
ਉਮਰ ਨੂੰ ਧੱਕਾ ਦੇਣ ਦਾ ਭਰਮ ਪਾਲ਼ੀ ਬੈਠੀ ਗਠੀਏ ਦੀ ਮਰੀਜ਼ 55 ਸਾਲਾ ਬੀਰੋ  ਨੂੰਹ ਪੁੱਤ ਤੇ ਉਹਨਾਂ ਦੇ ਬੱਚਿਆਂ ਦਾ ਖਰਚਾ ਚੁੱਕਣ ਲਈ ਕਪੂਰਥਲਾ ਸ਼ਹਿਰ ਵਿੱਚ ਇਕ ਧਨਾਢ ਘਰ ਵਿੱਚ ਕੰਮ ਕਰਨ ਆਉਂਦੀ ਹੈ, ਸਵੇਰੇ 7 ਵਜੇ ਤੋਂ ਸ਼ਾਮ 5-6 ਵਜੇ ਤੱਕ..  ਇਸ ਦੇ ਇਵਜ਼ ਚ ਉਸ ਨੂੰ 3000 ਰੁਪਏ ਮਿਲਦੇ ਨੇ. 700 ਆਟੋ ਦਾ ਕਿਰਾਇਆ ਨਿਕਲ ਜਾਂਦਾ ਹੈ, 2300 ਰੁਪਏ ਬਚਦੇ ਨੇ, ਕਦੇ ਕਦਾਈਂ 500 ਰੁਪਏ ਵਿਧਵਾ ਪੈਨਸ਼ਨ ਵੀ ਮਿਲ ਜਾਂਦੀ ਹੈ, ਬੱਸ ਦਿਨਾਂ ਨੂੰ ਰੇੜ ਰਹੀ ਹੈ। ਹੁਣ ਜਵਾਨ ਧੀ ਮਨਜੀਤ ਦੇ ਸਿਰ ਦੀ ਚਿੱਟੀ ਚੁੰਨੀ ਉਸ ਤੋਂ ਝੱਲੀ ਨਹੀਂ ਜਾਂਦੀ। 28 ਸਾਲਾ ਨਸ਼ੇੜੀ ਪੁੱਤ ਦੇ ਐਬ ਵੀ ਲੁਕੋਂਦੀ ਹੈ, ਜੋ ਕਿਸੇ ਨਾਲ ਡਰਾਇਵਰੀ ਕਰਦਾ ਹੈ, ਮਹੀਨੇ ਦੇ ਦੋ ਤਿੰਨ ਹਜ਼ਾਰ ਰੁਪਏ ਮਿਲਦੇ ਨੇ, ਜੀਹਦਾ ਨਸ਼ਾ ਵੀ ਪੁਰਾ ਨਹੀਂ ਹੁੰਦਾ,  ਮੇਰਾ ਪੁੱਤ ਐਨਾ ਮਾੜਾ ਨਹੀਂ, ਬੱਸ ਯਾਰ ਬੇਲੀ ਈ ਮਾੜੇ ਨੇ, ਮਾਂ ਹੈ.. ਕਿਵੇਂ ਮੰਨੇ.. ਕਿ ਚਿੱਟੇ ਤੇ ਲੱਗਿਆ ਉਹਦਾ ਪੁੱਤ ਕਿਸੇ ਵੇਲੇ ਵੀ ਉਸ ਦੀ ਕੁੱਖ ਨੂੰ ਧੋਖਾ ਦੇ ਸਕਦਾ ਹੈ.. ਬੀਰੋ ਦੀ ਪਾਟੀ ਬੁੱਕਲ ਵਿੱਚ ਨਸ਼ੇੜੀ ਪੁੱਤ ਦਾ ਦਰਦ ਵੀ ਛੁਪਿਆ ਹੈ ਤੇ ਵਿਧਵਾ ਧੀ ਮਨਜੀਤ ਕੌਰ ਨੂੰ ਸਮੇਟਣ ਦੀ ਕੋਸ਼ਿਸ਼ ਕਰ ਰਹੀ ਹੈ।
ਮਨਜੀਤ ਕੌਰ ਦੀ ਪਲੇਠੀ ਧੀ ਕਾਜਲ ਦੀ ਮਸੂਮੀਅਤ ਦੁੱਖਾਂ ਹੇਠ ਮਧੋਲੀ ਪਈ ਹੈ, ਪੜਨ ਨੂੰ ਇਹ ਬੱਚੀ ਵੀ ਕੇਸ਼ਵਰ ਦੀ ਧੀ ਪ੍ਰੀਤੀ ਨਾਲੋਂ ਘੱਟ ਨਹੀਂ। ਜਲੰਧਰ ਵਿੱਚ ਇਕ ਨਿੱਜੀ ਸਕੂਲ ਦੀ ਟੌਪਰ ਰਹੀ ਕਾਜਲ ਨੂੰ ਪਿਤਾ ਦੀ ਮੌਤ ਮਗਰੋਂ ਸਰਕਾਰੀ ਸਕੂਲ ਵਿੱਚ ਪੜਨ ਲਾਇਆ ਗਿਆ ਹੈ। ਮੈਂ ਪੜਨਾ ਹੈ.. ਲੋਕਾਂ ਦੇ ਘਰਾਂ ਚ ਝਾੜੂ ਪੋਚਾ ਨਹੀਂ ਕਰਨਾ, ਅਮਲੀ ਮਾਮੇ ਕੋਲ ਨਹੀਂ ਰਹਿਣਾ..  ਡਰ ਲੱਗਦਾ ਹੈ, ਡੂੰਘੇ ਦਰਦ ਚ ਗੋਤੇ ਲਾ ਰਹੀ ਨਿੱਕੀ ਜਿਹੀ ਕਾਜਲ ਰਹਿ ਰਹਿ ਕੇ ਡੁਸਕ ਪੈਂਦੀ ਹੈ।
ਇਹ ਕਿਰਤੀ ਪਰਿਵਾਰ ਜੋ ਸ਼ੋਸ਼ਣ ਕਰਵਾਉਂਦੇ ਨੇ, ਕੁਦਰਤ ਦੀਆਂ ਮਾਰਾਂ, ਸਰਕਾਰਾਂ ਦੀਆਂ ਅਣਦੇਖੀਆਂ ਨੂੰ ਜਰਦੇ, ਜ਼ਿੰਦਗੀ ਜਿਉਂਦੇ ਨੇ, ਖੁਦਕੁਸ਼ੀ ਬਾਰੇ ਨਹੀਂ ਸੋਚਦੇ .. ਜ਼ਿੰਦਗੀ ਇਹਨਾਂ ਨੂੰ ਸਲਾਮ ਕਰਦੀ ਹੈ ਤੇ ਨਾਲ ਹੀ ਸਲਾਮ ਬਾਬਾ ਨਾਨਕ ਦੇ ਵਾਰਸ ਜਗਰੂਪ ਸਿੰਘ ਮਹਿਣਾ ਨੂੰ ਜਿਹਨਾਂ ਨੇ ਹਨੇਰ ਢੋਂਹਦੇ ਇਹਨਾਂ ਪਰਿਵਾਰਾਂ ਦੀਆਂ ਬੱਚੀਆਂ ਲਈ ਗਿਆਨ ਦਾ ਦੀਵਾ ਬਲ਼ਦਾ ਰੱਖਣ ਲਈ ਦਸਵੰਧ ਦਾ ਮੱਥਾ ਟੇਕਿਆ ਹੈ।
ਆਓ! ਇਸ ਪਿਰਤ ਨੂੰ ਇਕ ਲਹਿਰ ਬਣਾਈਏ ਤੇ ਬਾਬਾ ਨਾਨਕ ਦੇ ਗਿਆਨ ਵੰਡਣ ਵਾਲੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਈਏ। ਹਾਸ਼ੀਆਗਤ ਲੋਕਾਂ ਦਾ ਇਕ ਇਕ ਬੱਚਾ ਪੜੇ, ਇਸ ਨੂੰ ਇਕ ਸੁਪਨਾ ਬਣਾ ਲਈਏ ਤੇ ਇਹ ਸੁਪਨਾ ਸਾਨੂੰ ਸੌਣ ਦੇਵੇ, ਅਸੀਂ ਇਹਨੂੰ ਨਾ ਸੌਣ ਦੇਈਏ।