ਪੰਜਾਬ 2017-ਵਿਕਾਸ ਪੱਖੋਂ ਜ਼ੀਰੋ ਰਿਹਾ

-ਜਸਪਾਲ ਸਿੰਘ ਹੇਰਾਂ

ਸਿੱਖ ਪੰਥ ਨੇ 2017 ’ਚ ਪੰਜਾਬ ਦੀ ਧਰਤੀ ’ਤੇ ਇੱਕ ਵੱਡੀ ਤਬਦੀਲੀ ਲਿਆਂਦੀ। ਉਸ ਨੇ ਸਿੱਖੀ ਹੋਂਦ ’ਤੇ ਲਗਾਤਾਰ ਆਰਾ ਚਲਾ ਰਹੇ, ਬਾਦਲਕਿਆਂ ਦਾ ਸਿਆਸੀ ਅੰਤ ਕਰ ਦਿੱਤਾ। ਪੰ੍ਰਤੂ ਬਾਦਲਕਿਆਂ ਦਾ ਕੋਈ ਪੰਥਕ ਬਦਲ ਖੜਾ ਨਾ ਹੋ ਸਕਣ ਕਾਰਣ, ਬਾਦਲਕੇ ਮੁੜ 2017 ’ਚ ਹੀ ਸਹਿਕਣ ਲੱਗ ਪਏ ਹਨ। ਇਹ ਇਸ ਵਰੇ ਦੀ ਸਭ ਤੋਂ ਚਿੰਤਾਜਨਕ ਖ਼ਬਰ ਤੇ ਸਥਿੱਤੀ ਹੈ। ਇਸ ਤੋਂ ਵਧੇਰੇ ਚਿੰਤਾਜਨਕ ਹੈ ਗੁਰੂ ਸਾਹਿਬ ’ਤੇ ਹਮਲਿਆਂ ਦਾ ਨਿਰੰਤਰ ਜਾਰੀ ਰਹਿਣਾ। ਦੋਸ਼ੀ ਧਿਰਾਂ ਦਾ ਹਾਲੇ ਤੱਕ ਬੇਨਕਾਬ ਨਾ ਹੋਣਾ। ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖੀ ਤੋਂ ਬਾਅਦ ਗੁਰੂ ’ਤੇ ਹਮਲੇ ਸ਼ੁਰੂ ਕੀਤੇ ਹੋਏ ਹਨ। ਲਗਾਤਾਰ  ਹੁੰਦੇ ਹਮਲਿਆਂ ਨੇ ਕੌਮ ਨੂੰ ਨਿਰਾਸ਼ਤਾ ਦੀ ਖੱਡ ’ਚ ਸੁੱਟ ਦਿੱਤਾ ਹੈ। ਇਸੇ ਨਿਰਾਸ਼ਤਾ ਨੇ ਕੌਮ ’ਚ ਬੁਜ਼ਦਿਲੀ ਦੀ ਭਾਵਨਾ ਵੀ ਪੈਦਾ ਕਰ ਦਿੱਤੀ ਹੈ। ਜਿਨਾਂ ਬਾਦਲਾਂ ਨੂੰ ਗਲੋਂ ਲਾਹ ਕੇ, ਕੈਪਟਨਕਿਆਂ ਦੇ ਆਉਣ ’ਤੇ ਕੁਝ ਚੰਗਾ ਹੋਣ ਦੀ ਉਮੀਦ ਸੀ ਉਹ ਪੂਰੀ ਤਰਾਂ ਤਿੜਕ ਗਈ। ਕੈਪਟਨ ਅਮਰਿੰਦਰ ਨੇ ਆਪਣਾ ਸਿੱਖ ਵਿਰੋਧੀ ਚਿਹਰਾ ਪੂਰੀ ਤਰਾਂ ਬੇਨਕਾਬ ਕਰ ਦਿੱਤਾ। ਸਿੱਖਾਂ ਨੂੰ ਕਿਧਰੇ ਵੀ ਆਸ ਦੀ ਕਿਰਨ ਵਿਖਾਈ ਨਹੀਂ ਦਿੰਦੀ। ਦੁਸ਼ਮਣ ਤਾਂ ਦੁਸ਼ਮਣ ਹੀ ਹਨ, ਆਪਣੇ ਵੀ ਦੁਸ਼ਮਣਾਂ ਤੋਂ ਘੱਟ ਨਹੀਂ ਹਨ। ਸਮੇਂ ਦਾ ਪਹੀਆਂ ਘੁੰਮਦਾ ਰਹਿੰਦਾ ਹੈ। ਜਿੳੂਂਦੇ ਜੀਆਂ ਦੀ ਜ਼ਿੰਦਗੀ ਅੱਗੇ ਤੁਰਦੀ ਰਹਿੰਦੀ ਹੈ। ਪ੍ਰੰਤੂ ਲੰਘਿਆ ਸਮਾਂ ਆਪਣੀਆਂ ਖੱਟੀਆਂ-ਮਿੱਠੀਆਂ ਯਾਦਾਂ ਤੇ ਪੈੜਾਂ ਜ਼ਰੂਰ ਛੱਡ ਜਾਂਦਾ ਹੈ। ਇਹ ਯਾਦਾਂ ਹਰ ਜ਼ਿੰਦਗੀ ਦਾ ਸਰਮਾਇਆ ਬਣ ਜਾਂਦੀਆਂ ਹਨ ਅਤੇ ਕਿਸੇ ਨਾ ਕਿਸੇ ਮੋੜ ਤੇ ਆ ਕੇ ਯਾਦਾਂ ਦੇ ਮਾਲਕ ਨੂੰ ਆਪਣੀ ਯਾਦਾਂ ਦੀ ਪਟਾਰੀ ’ਚ ਝਾਤੀ ਮਾਰਨ ਲਈ ਮਜ਼ਬੂਰ ਕਰਦੀਆਂ ਹਨ। ਸਾਲ ਆਉਂਦੇ ਹਨ, ਚਲੇ ਜਾਂਦੇ ਹਨ। ਸਮਾਂ ਨਿਰੰਤਰ ਆਪਣੀ ਤੋਰ ਤੁਰਦਾ ਰਹਿੰਦਾ ਹੈ, ਪ੍ਰੰਤੂ ਆਪਣੇ ਪਿੱਛੇ ਆਪਣੀਆਂ ਪੈੜਾਂ ਤੇ ਯਾਦਾਂ ਜ਼ਰੂਰ ਛੱਡ ਜਾਂਦਾ ਹੈ। ਇਨਾਂ ਯਾਦਾਂ ’ਚ ਕਈ ਖੱਟੀਆਂ, ਕਈ ਮਿੱਠੀਆਂ ਤੇ ਕਈ ਕੌੜੀਆਂ ਹੁੰਦੀਆਂ ਹਨ। ਕੈਲੰਡਰ ਨਿਰੰਤਰ ਬਦਲਦਾ ਰਹਿੰਦਾ ਹੈ, ਪ੍ਰੰਤੂ ਕੈਲੰਡਰ ਦੇ ਬਦਲਣ ਨਾਲ  ਹਰ ਜਾਗਰੂਕ ਇਨਸਾਨ, ਕੌਮ, ਦੇਸ਼ ਇਹ ਲੇਖਾ-ਜੋਖਾ ਜ਼ਰੂਰ ਕਰਦਾ ਹੈ ਕਿ ਉਸਦੇ ਪੱਲੇ ਲੰਘਿਆ ਸਾਲ ਕੀ ਕੁਝ ਪਾ ਗਿਆ? ਕੀ ਕੁਝ ਗੁਆ ਗਿਆ? ਆਪਣੀਆਂ ਪ੍ਰਾਪਤੀਆਂ ਤੇ ਮਾਣ ਕਰਨਾ ਅਤੇ ਗਲਤੀਆਂ ਤੋਂ ਸਬਕ ਸਿੱਖਣਾ, ਜਾਗਰੂਕ ਹੋਣ ਦੀ ਨਿਸ਼ਾਨੀ ਹੁੰਦੀ ਹੈ। ਸਿੱਖ ਪੰਥ ਲਈ ੨੦੧੭ ਦਾ ਵਰਾ ਕਿਵੇਂ ਰਿਹਾ? ਕੌਮ ਗੁਰੂ ਦੇ ਨੇੜੇ ਆਈ ਜਾਂ ਹੋਰ ਦੂਰ ਹੋਈ, ਕੌਮੀ ਮੁੱਦਿਆਂ ਦੀ ਪ੍ਰਾਪਤੀ ਲਈ ਕੋਈ ਸਫ਼ਲਤਾ ਹੱਥ ਲੱਗੀ ਜਾਂ ਫ਼ਿਰ ਪ੍ਰਾਪਤੀਆਂ ਪੱਖੋਂ ਝੋਲੀ ਖ਼ਾਲੀ ਰਹੀ? ਕੌਮ ਨੂੰ ਅੰਦਰੂਨੀ ਤੇ ਬਾਹਰਲੀਆਂ ਚੁਣੌਤੀਆਂ ਦਾ ਅਸੀਂ ਕਿਵੇਂ ਅਤੇ ਕਿੰਨਾ ਕੁ ਮੁਕਾਬਲਾ ਕੀਤਾ? ੨੦੧੭ ਦੇ ਵਰੇ ਨੂੰ ਯਾਦ ਕਰਨ ਯੋਗ ਕੁਝ ਸਿਰਜਿਆ ਗਿਆ ਜਾਂ ਨਹੀਂ? ਇਹ ਸਾਰੇ ਸੁਆਲ 31 ਦਸੰਬਰ ਨੂੰ ਇਕ ਵਾਰ ਫ਼ਨ ਜ਼ਰੂਰ ਚੁੱਕਣਗੇ, ਪ੍ਰੰਤੂ ਅਸੀਂ ਕਿਸੇ ਸੁਆਲ ਦਾ ਜਵਾਬ ਦੇਣ ਦੇ ਸਮਰੱਥ ਨਹੀਂ ਹੋਣ ਕਾਰਣ, ਸਿਰਫ਼ ਸਿਰ ਸੁੱਟ ਕੇ, ਨਿਰਾਸ਼ਤਾ ਦਾ ਪ੍ਰਗਟਾਵਾ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਾਂਗੇ। ਭਾਵੇਂ ਕਿ ਈਸਵੀ, ਸੰਨ, ਸਾਡੇ ਲਈ ਮਹੱਤਵਪੂਰਨ ਨਹੀਂ ਹੋਣਾ ਚਾਹੀਦਾ, ਪ੍ਰੰਤੂ ਕਿਉਂਕਿ ਸਿੱਖ ਕੌਮ ਅੱਜ ਵਿਸ਼ਵ ਭਰ ’ਚ ਫੈਲੀ ਹੋਈ ਹੈ, ਅਸੀਂ ਈਸਵੀ, ਸੰਨ ਨੂੰ ਅਤੇ ਇਸਦੇ ਕੈਲੰਡਰ ਨੂੰ ਦਿਮਾਗੋ ਸਵੀਕਾਰ ਕਰੀ ਬੈਠੇ ਹਾਂ ਅਤੇ ਪਹਿਲੀ ਜਨਵਰੀ ਨੂੰ ‘‘ਹੈਪੀ ਨਿੳੂ ਯੀਅਰ’’ ਕਰਦੇ ਹਾਂ, ਨਾਨਕਸ਼ਾਹੀ ਕੈਲਡੰਰ ਨੂੰ ਤਾਂ ਵਿਵਾਦਾਂ ’ਚ ਘੇਰ ਕੇ ਉਸਦਾ ਖ਼ਾਤਮਾ ਹੀ ਕਰ ਚੁੱਕੇ ਹਾਂ। ਇਸ ਲਈ ਈਸਵੀ ਸੰਨ ਦੇ ਨਵੇਂ ਸਾਲ ਤੇ ਪਿਛਲੇ ਸਾਲ ਦਾ ਲੇਖਾ-ਜੋਖਾ ਕਰਨ ਦੀ ਗੱਲ ਤੁਰਨੀ ਸੁਭਾਵਿਕ ਹੈ। ਜਿਸ ਤਰਾਂ 2015 ਤੇ 2016 ਦੇ ਵਰੇ ਸਿੱਖ ਕੌਮ ਲਈ ਬੇਹੱਦ ਨਿਰਾਸ਼ਾ, ਨਮੋਸ਼ੀ, ਦੁੱਖ ਤੇ ਦਹਿਸ਼ਤ ਦੇ ਵਰੇ ਗਿਣੇ ਜਾਣਗੇ। ਇਹ ਉਹ ਵਰੇ ਸਾਬਤ ਹੋਏ ਹਨ, ਉਸੇ ਤਰਾਂ ਹੀ 2017 ਰਿਹਾ। ਇਨਾਂ ਵਰਿਆਂ ’ਚ ਕੌਮ ਗੁਰੂ ਨੂੰ ਬੇਦਾਵਾ ਦੇ ਗਈ। ਸਿੱਖ ਦੁਸ਼ਮਣ ਤਾਕਤਾਂ ਨੇ ਖੁੱਲ ਕੇ ਸਿੱਖੀ ਦੇ ਵਿਹੜੇ ’ਚ ਧਮਾਲਾਂ ਪਾਈਆਂ? ਸਮੁੱਚੀਆਂ ਸਿੱਖ ਸੰਸਥਾਵਾਂ ਨੂੰ ਰੱਜ ਕੇ ਖੋਰਾ ਲਾਇਆ ਤੇ ਬੇਵੱਸ ਕੌਮ ਅੱਖਾਂ ’ਚ ਹੰਝੂ ਭਰਕੇ ਸਿਰਫ਼ ਤੱਕਦੀ ਰਹੀ, ਤੱਕਦੀ ਰਹੀ, ਕਰ ਕੁਝ ਨਹੀਂ ਸਕੀ। 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨਿਰੰਤਰ ਹਮਲੇ ਸ਼ੁਰੂ ਹੋਏ। 2015 ’ਚ ਸਿੱਖ ਕੌਮ ਇਸ ਘੋਰ ਬੇਅਦਬੀ ਵਿਰੁੱਧ ਡੱਟ ਕੇ ਮੈਦਾਨ ’ਚ ਨਿੱਤਰੀ। ਪ੍ਰੰਤੂ 2016 ਦੇ ਆਉਂਦਿਆਂ, ਆਉਂਦਿਆਂ, ਗੁਰੂ ਦਾ ਭਾਣਾ ਮੰਨ ਕੇ, ਸਿਰ ਸੁੱਟ ਕੇ ਘਰੋਂ-ਘਰੀਂ ਬੈਠ ਗਈ। 2017 ’ਚ ਤਾਂ ਸਿੱਖਾਂ ਨੇ ਗੁਰੂ ਦੇ ਹੁੰਦੇ ਹਮਲਿਆਂ ਵਿਰੁੱਧ ਮੂੰਹ ਤੱਕ ਖੋਲਣਾ ਬੰਦ ਕਰ ਦਿੱਤਾ। ਸਿੱਖ ਦੁਸ਼ਮਣ ਤਾਕਤਾਂ ਨੇ ਆਪਣੇ ਫ਼ੀਲਿਆਂ ਬਾਦਲਕਿਆਂ ਰਾਂਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਨੂੰ ਚੈਲਿੰਜ ਕਰ ਦਿੱਤਾ, ਜਥੇਦਾਰਾਂ ਨੂੰ ਆਪਣੇ ਪੱਕੇ ਰਾਜਸੀ ਗ਼ੁਲਾਮ ਬਣਾ ਲਿਆ, ਸ਼ੋ੍ਰਮਣੀ ਕਮੇਟੀ ਤਾਂ ਪਹਿਲਾ ਹੀ ਉਨਾਂ ਦੀ ਗ਼ੁਲਾਮੀ ’ਚ ਸੀ। ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਏ ਨੂੰ ਤਾਂ ੨੨ ਵਰੇ ਹੋ ਚੁੱਕੇ ਹਨ। ਪੰਜ ਪਿਆਰਿਆਂ ਤੇ ਸਰਬੱਤ ਖਾਲਸਾ ਵਰਗੀਆਂ ਸਿੱਖਾਂ ਦੀਆਂ ਸਿਖ਼ਰਲੀਆਂ ਸੰਸਥਾਵਾਂ ਦਾ ਵੀ ਭੋਗ ਪਾਉਣ ਦਾ ਕੋਝਾ ਯਤਨ ਹੋਇਆ  ਸਿਆਣੀਆਂ ਕੌਮਾਂ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋ ਜਾਂਦੀਆਂ ਹਨ, ਪ੍ਰੰਤੂ ਸਿੱਖ ਕੌਮ ਇਕਜੁੱਟ ਹੋਣ ਦੀ ਥਾਂ ਹੋਰ ਪਾਟੋਧਾੜ ਹੁੰਦੀ ਰਹੀ। ਜਿਸਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਸਿਆਸਤ ’ਚੋਂ ਸਿੱਖ ਸਿਆਸਤ ਮਨਫ਼ੀ ਵਰਗੀ ਹੋ ਗਈ। ਸਿੱਖੀ ਦੀ ਹੋਂਦ ਦੇ ਖ਼ਾਤਮੇ ਲਈ ਦੁਸ਼ਮਣ ਤਾਕਤਾਂ ਪੜਾਅ-ਦਰ-ਪੜਾਅ ਅੱਗੇ ਵਧ ਰਹੀਆਂ ਹਨ, ਪ੍ਰੰਤੂ ਸੁਆਰਥ-ਪਦਾਰਥ ਦੀ ਡੂੰਘੀ ਨੀਂਦ ’ਚ ਸੁੱਤੀ ਕੌਮ ਜਾਗਣ ਲਈ ਤਿਆਰ ਨਹੀਂ ਹੋਈ।  ੨੦੧੭ ਦੇ ਆਖ਼ੀਰਲੇ ਦਿਨ ਤਾਂ ਇਹ ਸੁਆਲ ਵੀ ਸਿਰ ਚੁੱਕੀ ਖੜਾ ਹੈ ਕਿ ਕੀ ੨੦੧੮ ਇਸ ਤੋਂ ਵੀ ਭਿਆਨਕ ਹੋਵੇਗਾ?   ਇਸ ਵਰੇ ’ਚ ਪੰਜਾਬ ਦੇ ਲੋਕਾਂ ਵੱਲੋਂ ਸਾਰੀਆਂ ਸਿਆਸੀ ਸਥਾਪਤ ਧਿਰਾਂ ਨੂੰ ਨਕਾਰਣ ਕਾਰਣ ਅਤੇ ਖ਼ਾਸ ਕਰਕੇ ਸਿੱਖ ਸਿਆਸਤ ਦੇ ਵਿਹੜੇ ’ਚ ਆਏ ਖ਼ਲਾਅ ਨੂੰ ਲੈ ਕੇ ਵੀ ਯਾਦ ਕੀਤਾ ਜਾਵੇਗਾ। ਵਿਕਾਸ ਪੱਖੋਂ ਜ਼ੀਰੋ ਰਿਹਾ, ਬੇਰੁਜ਼ਗਾਰੀ ’ਚ ਅਥਾਹ ਵਾਧਾ ਹੋਇਆ, ਬਾਦਲ ਸਰਕਾਰ ਤੇ ਬਾਦਲਾਂ ਤੋਂ ਸਮੁੱਚੇ ਪੰਜਾਬੀਆਂ ਦਾ ਮੋਹ ਪੂਰੀ ਤਰਾਂ ਭੰਗ ਹੋਇਆ। ਪੰਜਾਬ ’ਚ ੳੂੜੇ ਤੇ ਜੂੜੇ ਦੇ ਖ਼ਾਤਮੇ ਦੇ ਯਤਨ ਵੀ ਤੇਜ਼ ਗਤੀ ਨਾਲ ਸ਼ੁਰੂ ਹੋਏ। ਸਿੱਖ ਪੰਥ ਤੇ ਸਿੱਖ ਰਾਜਨੀਤੀ ਦੇ ਵਿਹੜੇ ਜਿਹੜਾ ਖਲਾਅ ਪੈਦਾ ਹੋਇਆ ਹੈ, ਉਸਨੇ ਸਾਡੀ ਜੁਆਨੀ ਨੂੰ ਜਿਥੇ ਦਿਸ਼ਾਹੀਣ ਕੀਤਾ ਹੈ, ਉਥੇ ਜਾਗਰੂਕ ਸਿੱਖ ਨੌਜਵਾਨ ਚੇਤੰਨ ਵੀ ਹੋਏ ਹਨ, ਉਹ ਕੌਮ ਦੇ ਨਿਕੰਮੇ, ਲੋਭੀ-ਲਾਲਸੀ ਤੇ ਵਿਕਾੳੂ ਲੀਡਰਸ਼ਿਪ ਦਾ ਸੱਚ ਜਾਣ ਕੇ ਇਸ ਨੂੰ ਭੂਤਕਾਲ ਦੀ ਭੁੱਲੀ ਵਿਸਰੀ ਯਾਦ ਬਣਾਉਣ ਲਈ ਯਤਨਸ਼ੀਲ ਹੋਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮਰੱਥਾ ਤੇ ਸਤਿਕਾਰ ’ਚ ਆਈ ਗਿਰਾਵਟ ਨੇ ਡੇਰੇਦਾਰ ਸਾਧਾਂ ਦੀ ਪਕੜ ਨੂੰ ਵਧਾਇਆ ਹੈ ਅਤੇ ਇਹ ਅਮਰੀਕੀ ਘਾਹ ਵਾਗੂੰ ਹਰ ਪਾਸੇ ਫੈਲੇ ਹਨ। ਪੰਜਾਬ ’ਚ ਜਿੱਥੇ ਨਸ਼ਿਆਂ, ਲੱਚਰਤਾ, ਤੇ ਪਤਿਤਪੁਣੇ ’ਚ ਅਥਾਹ ਵਾਧਾ ਹੋਇਆ ਹੈ, ਉਥੇ ਖਾਲਸਾ ਪੰਥ ਤੇ ਬ੍ਰਾਹਮਣਵਾਦੀ ਆਡੰਬਰ ਤੇ ਪਾਖੰਡਵਾਦ ਨੇ ਵੀ ਆਪਣਾ ਪ੍ਰਭਾਵ ਵਧਾਇਆ ਹੈ, ਸਿੱਖ ਹੋਰ ਕਰਮਕਾਂਡੀ, ਪਾਖੰਡੀ ਤੇ ਆਡੰਬਰੀ ਹੋਇਆ ਹੈ। ਉਹ ਗੁਰੂ ਨਾਨਕ ਸਾਹਿਬ ਦੀ ਨਿਰਮਲੀ ਵਿਚਾਰਧਾਰਾ ਤੋਂ ਕੋਹਾਂ ਦੂਰ ਚਲਾ ਗਿਆ ਹੈ। ਸਿੱਖੀ ਦਾ ਪ੍ਰਚਾਰ ਵਧਿਆ ਹੈ, ਪਰ ਸਿੱਖੀ ਦਾ ਪਸਾਰ ਘਟਿਆ ਹੈ, ਨਵੀਂ ਸੰਚਾਰ ਸਾਧਨਾਂ ਦੀ ਕ੍ਰਾਂਤੀ ਨੇ ਕੌਮ ’ਚ ਥੋੜੀ ਜਾਗਰੂਕਤਾ ਜ਼ਰੂਰ ਪੈਦਾ ਕੀਤੀ ਹੈ। ਪਰ ਲੜਾਈ ਫੈਸਲਾਕੁੰਨ ਦੌਰ ’ਚ ਨਹੀਂ ਪੁੱਜੀ। ਸਹੀ ਅਰਥਾਂ ’ਚ ਜੇ ੨੦੧੭ ਦਾ ਸਾਰ ਕੱਢਣਾ ਹੋਵੇ ਤਾਂ ਉਹ ਇਹੋ ਹੈ ਕਿ ਸਿੱਖੀ ਤੇ ਪੰਜਾਬ ਦੋਵੇਂ ਨਿਘਾਰ ਵੱਲ ਗਏ ਹਨ, ਚਾਨਣ ਦੀ ਕਿਰਨ ਕਿਧਰੇ ਵਿਖਾਈ ਨਹੀਂ ਦਿੱਤੀ। ੨੦੧੮ ’ਚ ਇਸ ਘੁੱਪ ਹਨੇਰੇ ਨੂੰ ਦੂਰ ਕਰਨ ਲਈ ਨਵੀਂ ਪੀੜੀ ਜੇ ਕੋਈ ਹੱਲਾ ਬੋਲਦੀ ਹੈ ਤਾਂ ਉਹ ਸਫ਼ਲ ਜ਼ਰੂਰ ਹੋਵੇਗੀ।