ਕੀ ਮਲੂਕਾ ਸਾਬ! ਦੋ ਸਵਾਲਾਂ ਦੇ ਜਵਾਬ ਦੇਣਗੇ…?

ਜਸਪਾਲ ਸਿੰਘ ਹੇਰਾਂ
ਬੜਬੋਲੇ ਬੰਦੇ ਦਾ ਕੰਮ, ਜ਼ੁਬਾਨ ਨਾਲ ਗੋਲੇ ਦਾਗਣਾ ਹੁੰਦਾ ਹੈ, ਇਹ ਗੋਲੇ ਨਿਸ਼ਾਨੇ ‘ਤੇ ਲੱਗਦੇ ਹਨ ਜਾਂ ਨਹੀਂ, ਇਸ ਨਾਲ ਉਸਦਾ ਬਹੁਤਾ ਲੈਣ-ਦੇਣ ਵੀ ਨਹੀਂ ਹੁੰਦਾ। ਬਾਦਲ ਬ੍ਰਿਗੇਡ ਚ ਸਿਕੰਦਰ ਸਿੰਘ ਮਲੂਕਾ, ਅਜਿਹੇ ਬੜਬੋਲੇ ਆਗੂਆਂ ਚੋਂ ਇੱਕ ਮੰਨੇ ਜਾਂਦੇ ਹਨ। ਜਿਹੜੇ ਹਮੇਸ਼ਾਂ ਆਪਣੀ ਜ਼ੁਬਾਨ ਰਾਂਹੀਂ ਆਏ ਦਿਨ ਨਵਾਂ ਵਿਵਾਦ ਖੜਾ ਕਰੀ ਰੱਖਦੇ ਹਨ। ਬੀਤੇ ਦਿਨ ਮਲੂਕਾ ਸਾਬ ਨੇ ਬਠਿੰਡੇ ਦੇ ਥਰਮਲ ਪਲਾਂਟ ਨੂੰ ਬੰਦ ਕਰਨ ਸਬੰਧੀ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਆਪਣੀ ਜੀਭ-ਤੋਪ ਦਾ ਮੂੰਹ ਸਿੱਖ ਪ੍ਰਚਾਰਕਾਂ ਭਾਈ ਪੰਥਪ੍ਰੀਤ ਸਿੰਘ ਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਸਮੇਤ ਸਰਬੱਤ ਖਾਲਸਾ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੱਲ ਕਰ ਦਿੱਤਾ। ਮਲੂਕਾ ਨੇ ਦੋਸ਼ ਲਾਇਆ ਕਿ ਪੰਜਾਬ ਦੀ ਧਰਤੀ ‘ਤੇ ਜਦੋਂ ਨਿਰੰਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਲੱਗ ਪਈ ਸੀ ਤਾਂ ਇਨਾਂ ਸਿੱਖ ਆਗੂਆਂ ਨੇ ਕਾਂਗਰਸ ਦੀ ਸ਼ਹਿ ‘ਤੇ ਪੰਜਾਬ ਚ ਧਰਨੇ ਲਵਾਏ ਸਨ। ਇਸ ਤੋਂ ਅੱਗੇ ਜਾਂਦਿਆਂ ਮਲੂਕੇ ਨੇ ਇਨਾਂ ਧਾਰਮਿਕ ਆਗੂਆਂ ਨੂੰ ਕਾਂਗਰਸ ਦੇ ਦਲਾਲ ਤੱਕ ਆਖ਼ ਦਿੱਤਾ। ਅਸੀਂ ਮਲੂਕੇ ਵੱਲੋਂ ਲਾਏ ਦੋਸ਼ਾਂ ਨੂੰ ਇੱਕ ਪਾਸੇ ਛੱਡ ਕੇ ਉਨਾਂ ਤੋਂ ਸਿਰਫ਼ ਦੋ ਸੁਆਲਾਂ ਦਾ ਜਵਾਬ ਮੰਗਦੇ ਹਾਂ ਜੇ ਮਲੂਕਾ ਸਾਬ ਇਨਾਂ ਸਵਾਲਾਂ ਦੇ ਜਵਾਬ ਦੇ ਦੇਣ ਤਾਂ ਅਸੀਂ ਉਨਾਂ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਵਾਂਗੇ। ਪੰਜਾਬ ਚ ਬਾਦਲ ਦੀ ਸਰਕਾਰ ਸੀ।
ਪਹਿਲੀ ਜੂਨ 2015 ਨੂੰ ਪਿੰਡ ਜਵਾਹਰ ਸਿੰਘ ਵਾਲਾ ਤੋਂ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਚੋਰੀ ਕਰ ਲਏ ਜਾਂਦੇ ਹਨ। 15 ਕੁ ਦਿਨ ਬਾਅਦ ਉਸ ਇਲਾਕੇ ਚ ਪੋਸਟਰ ਲੱਗਦੇ ਹਨ ਕਿ ਪਾਵਨ ਸਰੂਪ ਸਾਡੇ ਪਾਸ ਹਨ ਤੇ ਅਸੀਂ ਇਨਾਂ ਦੀ ਬੇਅਦਬੀ ਕਰਾਂਗੇ। ਫ਼ਿਰ ਇਸ ਧਮਕੀ ਨੂੰ ਸਤੰਬਰ ਮਹੀਨੇ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ, ਬਰਗਾੜੀ ਦੀਆਂ ਗਲੀਆਂ, ਬਜ਼ਾਰਾਂ ਚ ਗੁਰੂ ਸਾਹਿਬ ਦੇ ਅੰਗਾਂ ਦਾ ਕਤਲੇਆਮ ਕਰਕੇ ਖਿੰਡਾ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਬੇਅਦਬੀ ਦਾ ਇਹ ਸਿਲਸਿਲਾ ਨਿਰੰਤਰ ਚਾਲੂ ਹੋ ਜਾਂਦਾ ਹੈ। ਪਰ ਮਲੂਕੇ ਹੁਰਾਂ ਦੀ ਸਰਕਾਰ, ਏਜੰਸੀਆਂ, ਪੁਲਿਸ ਕੁਝ ਨਹੀਂ ਕਰਦੀ। ਕਿਉਂ? ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਢਾਈ ਵਰਿਆਂ ਚ ਬੇਨਕਾਬ ਕਿਉਂ ਨਹੀਂ ਹੋਏ? ਕੀ ਕਾਂਗਰਸ ਦੇ ਕਹਿਣ ‘ਤੇ ਉਨਾਂ ਨੂੰ ਨਹੀਂ ਫੜਿਆ ਗਿਆ, ਜਾਂ ਫ਼ਿਰ ਕਿਸੇ ਹੋਰ ਤਾਕਤ ਦੇ ਦਬਾਅ ਥੱਲੇ? ਮਲੂਕਾ, ਜਵਾਬ ਦੇਵੇਗਾ? ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਚ ਸੰਗਤਾਂ ਸਮੁੱਚੇ ਪੰਜਾਬ ਚ ਥਾਂ-ਥਾਂ ਸੜਕਾਂ ‘ਤੇ ਆ ਗਈਆਂ। ਪੰਜਾਬ ਮੁਕੰਮਲ ਠੱਪ ਹੋ ਗਿਆ। ਬਹਿਬਲ ਕਲਾਂ ਚ ਸਾਂਤਮਈ ਰੋਸ ਧਰਨੇ ਦੇ ਰਹੀਆਂ ਸਿੱਖ ਸੰਗਤਾਂ ‘ਤੇ ਪੁਲਿਸ ਵਾਲਿਆਂ ਨੇ ਅੰਨੇਵਾਹ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਪ੍ਰੰਤੂ ਪਰਚਾ ਅਣਪਛਾਤੇ ਪੁਲਿਸ ਮੁਲਾਜ਼ਮਾਂ ‘ਤੇ ਦਰਜ ਹੋਇਆ। ਕੀ ਪੁਲਿਸ ਵਾਲੇ ਵੀ ਕਦੇ ਅਣਪਛਾਤੇ ਹੋਏ ਹਨ? ਕੀ ਪੁਲਿਸ ਵਾਲਿਆਂ ਦੀ ਡਿੳੂਟੀ ਸਰਕਾਰੀ ਰਿਕਾਰਡ ਚ ਦਰਜ ਨਹੀਂ ਹੁੰਦੀ? ਕੀ ਬਿਨਾਂ ਕਿਸੇ ਦੇ ਹੁਕਮਾਂ ਤੋਂ ਪੁਲਿਸ ਗੋਲੀ ਚਲਾ ਸਕਦੀ ਹੈ? ਕੀ ਇਨਾਂ ਸਵਾਲਾਂ ਦੇ ਜਵਾਬ ਮਲੂਕਾ ਦੇਣਗੇ?
ਦੂਜੇ ਵੱਲ ਉਂਗਲੀ ਕਰਨੀ ਬੇਹੱਦ ਸੌਖੀ ਹੁੰਦੀ ਹੈ, ਪਤਾ ਉਸ ਦਿਨ ਲੱਗਦਾ ਜਦੋਂ ਇਹੋ ਉਂਗਲੀ ਹੀ ਕੋਈ ਆਪਣੇ ਵੱਲ ਇਸ਼ਾਰਾ ਕਰ ਦਿੰਦੀ ਹੈ। ਸਿੱਖ ਪ੍ਰਚਾਰਕਾਂ ਨੇ ਤਾਂ ਗੁਰੂ ਸਾਹਿਬ ਦੀ ਬੇਅਦਬੀ ਦੇ ਵਿਰੁੱਧ ਸ਼ੁਰੂ ਹੋਏ ਸੰਘਰਸ਼ ਚ ਹਿੱਸਾ ਲਿਆ ਸੀ। ਪ੍ਰੰਤੂ ਇਸ ਸੰਘਰਸ਼ ਦੀ ਬੁਨਿਆਦ ਕੌਣ ਬਣਿਆ? ਜੇ ਬਾਦਲ ਸਰਕਾਰ, ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲਣ ਲਈ ਦੋਸ਼ੀਆਂ ਦੀ ਤਰੁੰਤ ਗ੍ਰਿਫ਼ਤਾਰੀ ਕਰ ਲੈਂਦੀ, ਫ਼ਿਰ ਧਰਨੇ ਵੀ ਨਾਂਹ ਲੱਗਦੇ, ਸਿੱਖ ਪ੍ਰਚਾਰਕਾਂ ਨੂੰ ਵੀ ਸੜਕਾਂ ‘ਤੇ ਨਾਂਹ ਬੈਠਣਾ ਪੈਂਦਾ। ਮਲੂਕਾ ਸਾਬਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਸੰਗਤਾਂ ਚ ਉਹ ਗੁੱਸਾ, ਉਹ ਰੋਸ, ਸਿਰਫ਼ ਤੇ ਸਿਰਫ਼ ਗੁਰੂ ਸਾਹਿਬ ਦੀ ਹੋ ਰਹੀ ਬੇਅਦਬੀ ਕਾਰਣ ਸੀ। ਕਿਸੇ ਪ੍ਰਚਾਰਕ ਜਾਂ ਆਗੂ ਦੇ ਉਕਸਾਉਣ ‘ਤੇ ਨਹੀਂ ਸੀ। ਸਿਆਸੀ ਸੱਤਾ ਲਈ ਸਿਆਸੀ ਰੋਟੀਆਂ ਸੇਕਣ ਦੀ ਆਦਤ ਸਿਰਫ਼ ਰਾਜਸੀ ਲੋਕਾਂ ਨੂੰ ਹੀ ਹੁੰਦੀ ਹੈ। ਆਮ ਸਿੱਖ ਗੁਰੂ ਨੂੰ ਸਮਰਪਿਤ ਹੈ, ਉਹ ਗੁਰੂ ਦੇ ਨਾਮ ‘ਤੇ ਮਰ ਮਿਟਣ ਲਈ ਵੀ ਤਿਆਰ ਹੈ। ਪ੍ਰੰਤੂ ਜਦੋਂ ਉਸਨੂੰ ਅਹਿਸਾਸ ਹੁੰਦਾ ਹੈ ਕਿ ਉਸਦੀਆਂ ਧਾਰਮਿਕ ਭਾਵਨਾਵਾਂ ਨਾਲ ਸਿਆਸੀ ਖਿਲਵਾੜ ਹੋ ਰਿਹਾ ਹੈ ਤਾਂ ਉਹ ਉਸਦਾ ਬਦਲਾ ਜਿਵੇਂ 2017 ਦੀਆਂ ਚੋਣਾਂ ਚ ਬਾਦਲਕਿਆਂ ਤੋਂ ਲਿਆ ਹੈ, ਲੈਂਦਾ ਹੈ। ਕਿਸੇ ਦੇ ਭੜਕਾਉਣ ਦਾ, ਕਿਸੇ ਦੇ ਪ੍ਰਚਾਰ ਦਾ ਉਸ ‘ਤੇ ਕੋਈ ਪ੍ਰਭਾਵ ਨਾ ਕਦੇ ਪਿਆ ਤੇ ਨਾ ਹੀ ਕਦੇ ਪੳੂਗਾ। ਮਲੂਕਾ ਸਾਬ! ਇਹ ਯਾਦ ਰੱਖਿਓ।