ਕੇਜਰੀਵਾਲ ‘ਤੇ ਬਣੀ ਫਿਲਮ ਦੀ ਧੂਮ, ਸਲਮਾਨ ਦੀ ਫਿਲਮ ‘ਤੇ ਹੰਗਾਮਾ

-ਪੰਜਾਬੀਲੋਕ ਬਿਊਰੋ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਿੰਦਗੀ ਤੇ ਸੰਘਰਸ਼ ਬਾਰੇ ਦਸਤਾਵੇਜ਼ੀ ਫਿਲਮ ‘ਇਨ ਸਿਗਨੀਫਿਕੈਂਟ ਮੈਨ’ ਬਣਾਉਣ ਵਾਲਿਆਂ ਨੇ ਇਸ ਨੂੰ ਆਨਲਾਈਨ ਪਲੇਟਫਾਰਮ ਯੂਟਿਯੂਬ ‘ਤੇ ਰਿਲੀਜ਼ ਕਰ ਦਿੱਤਾ ਹੈ। ਫਿਲਮ ਦੇ ਪ੍ਰੋਡਿਊਸਰ ਨੇ ਕਿਹਾ, “ਸਾਨੂੰ ਬਹੁਤ ਸਾਰੀਆਂ ਆਨਲਾਈਨ ਵੈੱਬਸਾਈਟਾਂ ਤੋਂ ਆਫਰ ਆਏ ਸਨ ਪਰ ਅਸੀਂ ਇਸ ਨੂੰ ਯੂਟਿਯੂਬ ‘ਤੇ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ, ਤਾਂ ਜੋ ਇਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਾ ਸਕੇ। ਅਸੀਂ ਚਾਹੁੰਦੇ ਹਾਂ ਕਿ ਦਰਸ਼ਕ ਮੁਫਤ ਵਿੱਚ ਇਸ ਸਿਨੇਮਾ ਦਾ ਮਜ਼ਾ ਲੈਣ।” ਪੂਰੇ ਮੁਲਕ ਵਿੱਚ ਇਹ ਫਿਲਮ 17 ਨਵੰਬਰ ਨੂੰ ਰਿਲੀਜ਼ ਹੋਈ ਸੀ। ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨਾਂ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਦੇ ਆਸੇ-ਪਾਸੇ ਘੁੰਮਦੀ ਹੈ। ਫਿਲਮ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਬਣੀ। ਫਿਲਮ ਨੂੰ ਰਾਂਕਾ ਤੇ ਵਿਨੇ ਸ਼ੁਕਲਾ ਨੇ ਬਣਾਇਆ ਹੈ। ਆਨੰਦ ਗਾਂਧੀ ਇਸ ਦੇ ਪ੍ਰੋਡਿਊਸਰ ਹਨ।
ਦੂਜੇ ਪਾਸੇ ਸਲਮਾਨ ਖਾਨ ਦੀ ਫਿਲਮ ‘ਟਾਈਗਰ ਜ਼ਿੰਦਾ ਹੈ’ ਦਾ ਰਾਜਸਥਾਨ ਤੇ ਯੂ ਪੀ ਵਿੱਚ ਵਿਰੋਧ ਹੋ ਰਿਹਾ ਹੈ। ਸਿਨਮਾ ਘਰਾਂ ਦੀ ਭੰਨਤੋੜ ਹੋਣ ਦੀਆਂ ਵੀ ਖਬਰਾਂ ਆਈਆਂ ਹਨ, ਸਾਰਾ ਮਾਮਲਾ ਫਿਲਮ ਦੀ ਪ੍ਰਮੋਸ਼ਨ ਦੌਰਾਨ ਸਲਮਾਨ ਖਾਨ ਵਲੋਂ ਨ੍ਰਿਤ ਦੀ ਇਕ ਅਦਾ ਨੂੰ ਜਾਤੀਸੂਚਕ ਨਾਮ ਦੇਣ ‘ਤੇ ਵਾਲਮੀਕ ਭਾਈਚਾਰਾ ਨਰਾਜ਼ ਹੋ ਗਿਆ, ਜਿਸ ਕਰਕੇ ਸਲਮਾਨ ਦੀ ਫਿਲਮ ਦਾ ਵਿਰੋਧ ਹੋ ਰਿਹਾ ਹੈ।  ਇਸ ਮਾਮਲੇ ਚ ਸਲਮਾਨ ਖਾਨ ਖਿਲਾਫ ਵਾਲਮੀਕੀ ਸਮਾਜ ਨੇ ਕੇਸ ਦਰਜ ਕਰਵਾਇਆ ਹੈ। ਨੈਸ਼ਨਲ ਕਮੀਸ਼ਨ ਫਾਰ ਸ਼ੈਡਿਊਲ ਟ੍ਰਾਈਬ ਨੇ ਨੋਟਿਸ ਜਾਰੀ ਕਰਕੇ ਸੂਚਨਾ ਪ੍ਰਸਾਰਣ ਮੰਤਰਾਲੇ ਤੇ ਦਿੱਲੀ-ਮੁੰਬਈ ਦੇ ਪੁਲਸ ਕਮਿਸ਼ਨਰ ਤੋਂ 7 ਦਿਨਾਂ ਚ ਜਵਾਬ ਮੰਗਿਆ ਹੈ।
ਮਾਮਲੇ ਚ ਸ਼ਿਲਪਾ ਸ਼ੈਟੀ ਵੀ ਫਸੀ ਹੈ, ਜਿਸ ਨੇ ਟਿਪਣੀ ਕੀਤੀ ਸੀ ਕਿ ਉਹ ਘਰ ਵਿੱਚ ਫਲਾਣੇ ਭਾਈਚਾਰੇ ਵਰਗੇ ਕੱਪੜੇ ਪਾ ਕੇ ਰੱਖਦੀ ਹੈ। ਕਾਰਵਾਈ ਦੋਵਾਂ ਖਿਲਾਫ ਹੋ ਰਹੀ ਹੈ।