ਸ਼ਾਹਰੁਖ ਨੇ ਕੀਤੀ ਕੌਰ ਸਿੰਘ ਦੀ ਮਦਦ

-ਪੰਜਾਬੀਲੋਕ ਬਿਊਰੋ
ਦੇਸ਼ ਨੂੰ ਬਾਕਸਿੰਗ ਵਿੱਚ 10 ਸੋਨ ਤਮਗੇ ਦਿਵਾਉਣ ਵਾਲੇ ਪੰਜਾਬ ਦੀ ਮਿੱਟੀ ਦੇ ਜਾਏ ਕੌਰ ਸਿੰਘ ਦੀ ਖਸਤਾ ਹਾਲਤ ਤੇ ਬਿਮਾਰੀ ਬਾਰੇ ਮੀਡੀਆ ਚ ਮਾਮਲਾ ਆਉਣ ‘ਤੇ ਅਦਾਕਾਰ ਸ਼ਾਹਰੁਖ ਖਾਨ ਨੇ ਪੰਜ ਲੱਖ ਰੁਪਏ ਦੀ ਮਦਦ ਦਿੱਤੀ ਹੈ। ਕੌਰ ਸਿੰਘ ਕੋਲ ਹਸਪਤਾਲ ਦਾ ਬਿੱਲ ਅਦਾ ਕਰਨ ਦੇ ਪੈਸੇ ਨਹੀਂ ਸਨ। 13 ਦਸੰਬਰ ਨੂੰ ਕੌਰ ਸਿੰਘ ਬਾਰੇ ਖਬਰ ਛਪੀ ਤਾਂ ਕਿੰਗ ਖਾਨ ਭਾਵੁਕ ਹੋ ਗਏ। ਕੌਰ ਸਿੰਘ 1982 ਦੀਆਂ ਏਸ਼ਿਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਚੁੱਕੇ ਹਨ। ਇਸ ਵੇਲੇ ਉਨਾਂ ਕੋਲ ਆਪਣਾ ਇਲਾਜ ਕਰਵਾਉਣ ਲਈ ਵੀ ਪੈਸੇ ਨਹੀਂ ਸਨ। ਇਹ ਰਕਮ ਸ਼ਾਹਰੁਖ ਨੇ ਕੋਲਕਾਤਾ ਨਾਈਟ ਰਾਈਡਰ ਫਾਉਂਡੇਸ਼ਨ ਵੱਲੋਂ ਦਿੱਤੀ ਹੈ। ਸ਼ਾਹਰੁਖ ਨੇ ਕਿਹਾ, “ਖਿਡਾਰੀ ਸਾਡੇ ਮੁਲਕ ਦਾ ਮਾਣ ਹੁੰਦੇ ਹਨ ਤੇ ਸਮਾਜ ਦੇ ਰੂਪ ਵਿੱਚ ਉਨਾਂ ਦੀ ਦੇਖਭਾਲ ਕਰਨਾ ਸਾਡਾ ਮਕਸਦ ਹੈ। ਉਨਾਂ ਬਾਰੇ ਪੜ ਕੇ ਮੈਨੂੰ ਲੱਗਿਆ ਕਿ ਸਾਨੂੰ ਉਨਾਂ ਦਾ ਸਾਥ ਦੇਣ ਦੀ ਲੋੜ ਹੈ। ਖਨਾਲ ਖੁਰਦ ਦੇ ਇੱਕ ਛੋਟੇ ਜਿਹੇ ਘਰ ਵਿੱਚ ਰਹਿਣ ਵਾਲੇ ਕੌਰ ਸਿੰਘ ਨੇ ਕਿਹਾ, “ਮੈਨੂੰ ਲੱਗ ਰਿਹਾ ਹੈ ਕਿ ਮੈਂ ਆਪਣੀਆਂ ਕਾਮਯਾਬੀਆਂ ਨੂੰ ਫਿਰ ਤੋਂ ਜੀ ਰਿਹਾ ਹਾਂ। ਮੇਰੀ ਮਦਦ ਕਰਨ ਵਾਲੇ ਸਾਰਿਆਂ ਨੂੰ ਮੈਂ ਸ਼ੁਕਰੀਆਂ ਕਹਿੰਦਾ ਹਾਂ।” ਸਾਬਕਾ ਨੈਸ਼ਨਲ ਚੈਂਪੀਅਨ ਇਕਲੌਤੇ ਭਾਰਤੀ ਹਨ ਜੋ ਪ੍ਰਦਰਸ਼ਨੀ ਮੈਚ ਵਿੱਚ ਮੁੱਕੇਬਾਜ਼ ਮੁਹੰਮਦ ਅਲੀ ਖਿਲਾਫ ਰਿੰਗ ਵਿੱਚ ਖੜੇ ਹੋਏ ਸਨ।