ਪੇਡ ਸਮਰਥਕਾਂ ਨਾਲ ਹੋ ਰਿਹੈ ਨਗਰ ਨਿਗਮ ਚੋਣਾਂ ਦਾ ਪ੍ਰਚਾਰ

-ਪੰਜਾਬੀਲੋਕ ਬਿਊਰੋ
17 ਦਸੰਬਰ ਨੂੰ ਹੋਣ ਵਾਲੀਆਂ ਨਗਰ-ਨਿਗਮ ਚੋਣਾਂ ਚ 3 ਦਿਨ ਬਚੇ ਹਨ, ਪ੍ਰਚਾਰ ਸਿਖਰ ‘ਤੇ ਹੈ, ਪਰ ਜੇ ਸੂਤਰਾਂ ਦੀ ਮੰਨੀਏ ਤਾਂ ਐਤਕੀਂ ਵੋਟਰਾਂ ਨੇ ਚੋਣਾਂ ਲਈ ਖਾਸ ਉਤਸ਼ਾਹ ਨਹੀਂ ਦਿਖਾਇਆ, ਬਹੁਤੀ ਥਾਈਂ ਉਮੀਦਵਾਰਾਂ ਨੂੰ ਪ੍ਰਚਾਰ ਲਈ ਸਮਰਥਕ ਨਹੀਂ ਮਿਲ ਰਹੇ ਤੇ ਮੁੱਲ ਦੇ ਸਮਰਥਕਾਂ ਨੂੰ ਨਾਲ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਜਲੰਧਰ ਸ਼ਹਿਰ ਵਿੱਚ ਇਸ ਦਾ ਜ਼ਿਆਦਾ ਰੁਝਾਨ ਸੁਣਨ ਨੂੰ ਮਿਲਿਆ ਹੈ। ਇਥੇ 50 ਫੀਸਦੀ ਟਿਕਟਾਂ ਔਰਤ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਹਨ। ਇਨਾਂ ਔਰਤ ਉਮੀਦਵਾਰਾਂ ਨਾਲ ਔਰਤ ਸਮਰਥਕਾਂ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਉਮੀਦਵਾਰਾਂ ਨੂੰ ਆਪਣੇ ਨਾਲ ਚੱਲਣ ਲਈ ਔਰਤ ਸਮਰਥਕਾਂ ਨੂੰ ਹੋਰ ਵਾਰਡਾਂ ਤੋਂ ਬੁਲਾਉਣਾ ਪੈ ਰਿਹਾ ਹੈ। ਇਨਾਂ ਬੁਲਾਈਆਂ ਗਈਆਂ ਸਮਰਥਕਾਂ ਵਲੋਂ ਆਪਣੇ ਉਮੀਦਵਾਰ ਨੂੰ ਨਾ ਜਾਣਦਿਆਂ ਹੋਇਆਂ ਵੀ ਉਸ ਦੇ ਹੱਕ ਵਿਚ ਨਾਅਰੇ ਲਗਾਉਂਦੇ ਹੋਏ ਚੋਣ ਪ੍ਰਚਾਰ ਕਰਨਾ ਪੈ ਰਿਹਾ ਹੈ। ਜਿੱਤਣ ਦਾ ਭੁਲੇਖਾ ਪਾਲੀ ਬੈਠੇ ਕਈ ਉਮੀਦਵਾਰਾਂ ਨੂੰ ਵੀ ਡੋਰ-ਟੂ-ਡੋਰ ਪ੍ਰਚਾਰ ਲਈ ਪੇਡ ਸਮਰਥਕਾਂ ਦਾ ਸਹਾਰਾ ਲੈਣਾ ਪੈ ਰਿਹਾ ਕਿਉਂਕਿ ਸਮਰਥਕ ਖੁੱਲ ਕੇ ਸਾਹਮਣੇ ਆਉਣ ਤੋਂ ਕਤਰਾ ਰਹੇ ਹਨ।
ਇਸ ਦੌਰਾਨ ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਗਰਮ ਹੈ ਕਿ ਵੱਡੀ ਸਥਾਪਿਤ ਧਿਰ ਨੂੰ ਤੀਜੇ ਨੰਬਰ ‘ਤੇ ਧੱਕ ਕੇ ਮੁੱਖ ਵਿਰੋਧੀ ਧਿਰ ਬਣਨ ਵਾਲੀ ਆਮ ਆਦਮੀ ਪਾਰਟੀ ਦਾ ਅਧਾਰ ਪੰਜਾਬ ਵਿੱਚ ਤੇਜ਼ੀ ਨਾਲ ਖਤਮ ਹੋ ਰਿਹਾ ਜਾਪਦਾ ਹੈ। ਜਲੰਧਰ ਨਗਰ ਨਿਗਮ ਲਈ 80 ਸੀਟਾਂ ‘ਤੇ ਆਪ ਨੇ ਸਿਰਫ 43 ਉਮੀਦਵਾਰ ਉਤਾਰੇ, ਇਸ ਬਾਰੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ, ਕਿ “ਜਿੰਨੀਆਂ ਸੀਟਾਂ ‘ਤੇ ਇਮਾਨਦਾਰ ਉਮੀਦਵਾਰਾਂ ਨੇ ਅਪਲਾਈ ਕੀਤਾ ਅਸੀਂ ਸਕ੍ਰੀਨਿੰਗ ਕਰਕੇ ਟਿਕਟਾਂ ਦਿੱਤੀਆਂ, ਇਸ ‘ਤੇ ਸਵਾਲ ਉਠਿਆ ਹੈ ਕਿ 80 ਸੀਟਾਂ ਵਾਸਤੇ 80 ਇਮਾਨਦਾਰ ਬੰਦੇ ਵੀ ਪਾਰਟੀ ਨੂੰ ਨਹੀਂ ਲੱਭੇ?