ਮੈਂ ਸਟਾਈਲਿਸ਼ ਦੇਵੀ ਹਾਂ-ਰਾਧੇ ਮਾਂ

-ਪੰਜਾਬੀਲੋਕ ਬਿਊਰੋ
ਬੀਬੀ ਬੱਬੂ ਉਰਫ ਰਾਧੇ ਮਾਂ ਨੇ ਅੰਮ੍ਰਿਤਸਰ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਸਪੈਸ਼ਲ ਰਾਧੇ ਮਾਂ ਹੈ ਤੇ ਪ੍ਰਮਾਤਮਾ ਦੇ ਬਹੁਤ ਕਰੀਬ ਹੈ। ਰਾਧੇ ਮਾਂ ਨੇ ਕੱਲ ਰਾਤ ਹਰਿਮੰਦਰ ਸਾਹਿਬ ਮੱਥਾ ਵੀ ਟੇਕਿਆ। ਉਸ ਨੇ ਕਿਹਾ ਕਿ ਉਹ ਜਲਦ ਹੀ ਉਨਾਂ ਲੋਕਾਂ ਨੂੰ ਆਪਣੀ ਫਿਲਮ ਰਾਹੀਂ ਜਵਾਬ ਦੇਵੇਗੀ, ਜਿਨਾਂ ਨੇ ਉਸ ਦੇ ਅਕਸ ਨੂੰ ਖ਼ਰਾਬ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰਾਧੇ ਮਾਂ ਦੀ ਫਿਲਮ ਵਿੱਚ ਬਾਲੀਵੁੱਡ ਕਲਾਕਾਰ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਥੋਂ ਵੱਡਾ ਕਲਾਕਾਰ ਕੋਈ ਨਹੀਂ। ਜਦੋਂ ਰਾਧੇ ਮਾਂ ਨੂੰ ਪੁੱਛਿਆ ਗਿਆ ਕਿ ਕੁਝ ਲੋਕ ਉਸ ਦੇ ਪਹਿਰਾਵੇ ਦਾ ਮਜ਼ਾਕ ਉਡਾਉਂਦੇ ਹਨ ਤੇ ਉਸ ਵਰਗੇ ਕੱਪੜੇ ਪਾ ਕੇ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਅਪਲੋਡ ਕਰਦੇ ਹਨ ਤਾਂ ਉਸ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਲੋਕ ਮੇਰਾ ਸਟਾਈਲ  ਕਾਪੀ ਕਰਦੇ ਹਨ। ਮੈਂ ਇੱਕ ਸਟਾਈਲਿਸ਼ ਦੇਵੀ ਹਾਂ ਤੇ ਇੱਕ ਟਰੈਂਡ ਸੈੱਟਰ ਵੀ ਹਾਂ, ਲੋਕ ਮੈਨੂੰ ਫਾਲੋਅ ਕਰਦੇ ਨੇ , ਚੰਗਾ ਲੱਗਦਾ ਹੈ।  ਬੀਤੇ ਦਿਨੀਂ ਮੀਡੀਆ ਵਿੱਚ ਉਸ ਦੇ ਡਿਪਰੈਸ਼ਨ ਵਿੱਚ ਜਾਣ ਦੀਆਂ ਖ਼ਬਰਾਂ ਬਾਰੇ ਕਿਹਾ ਕਿ ਹਾਂ ਉਹ ਪਿਛਲੇ ਦਿਨਾਂ ਵਿੱਚ ਕਾਫੀ ਪ੍ਰੇਸ਼ਾਨ ਸੀ ਤੇ ਡਿਪਰੈਸ਼ਨ ਦਾ ਸਾਹਮਣਾ ਕਰ ਰਹੀ ਸੀ ਪਰ ਹੁਣ ਹੌਲੀ-ਹੌਲੀ ਉਹ ਉਸ ਡਿਪ੍ਰੈਸ਼ਨ ਵਿੱਚੋਂ ਬਾਹਰ ਆ ਰਹੀ ਹੈ। ਰਾਧੇ ਮਾਂ ਨੇ ਡੌਲੀ ਬਿੰਦਰਾ ਤੇ ਸੁਰਿੰਦਰ ਮਿੱਤਲ ‘ਤੇ ਇਲਜ਼ਾਮ ਲਾਇਆ ਕੇ ਇਨਾਂ ਦੋਹਾਂ ਵੱਲੋਂ ਉਸ ਖਿਲਾਫ ਕੀਤੇ ਗਏ ਪ੍ਰਚਾਰ ਕਰਕੇ ਹੀ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋਈ ਹੈ।