• Home »
  • ਸਿਆਸਤ
  • ਖਬਰਾਂ
  • » ਨਾਮਜ਼ਦਗੀਆਂ ਦੇ ਆਖਰੀ ਦਿਨ ਹਿੰਸਾ, ਦਸਤਾਰਾਂ ਲਹੀਆਂ, ਗੋਲੀਆਂ ਚੱਲੀਆਂ

ਨਾਮਜ਼ਦਗੀਆਂ ਦੇ ਆਖਰੀ ਦਿਨ ਹਿੰਸਾ, ਦਸਤਾਰਾਂ ਲਹੀਆਂ, ਗੋਲੀਆਂ ਚੱਲੀਆਂ

-ਪੰਜਾਬੀਲੋਕ ਬਿਊਰੋ
ਪੰਜਾਬ ਚ ਨਗਰ ਨਿਗਮ, ਮਿਊਂਸਪਲ ਤੇ ਪੰਚਾਇਤ ਚੋਣਾਂ ਲਈ ਕਾਗਜ਼ ਭਰਨ ਦੇ ਆਖਰੀ ਦਿਨ ਕਈ ਥਾਈਂ ਹਿੰਸਾ ਹੋਈ।
ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਸੂਬਾਈ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੂੰ ਮੰਗ ਪੱਤਰ ਦੇ ਕੇ ਮਿਉਂਸਿਪਲ ਚੋਣ ਪ੍ਰਕਿਰਿਆ ਦੌਰਾਨ ਹੋਈ ਗੋਲੀਬਾਰੀ ਅਤੇ ਹਿੰਸਾ ਕਾਰਨ ਚੋਣਾਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਵਫ਼ਦ ਨੇ ਵੱਖ-ਵੱਖ ਥਾਵਾਂ ‘ਤੇ ਚੋਣ ਜ਼ਾਬਤੇ ਦੀਆਂ ਉਲੰਘਣਾਵਾਂ ਦੇ ਫੋਟੋਆਂ ਸਮੇਤ ਸਬੂਤ ਚੋਣ ਕਮਿਸ਼ਨਰ ਨੂੰ ਸੌਂਪੇ।
ਮੱਖੂ ਵਿੱਚ ਕਾਂਗਰਸੀ ਵਰਕਰਾਂ ਨੇ ਅਕਾਲੀ ਵਰਕਰਾਂ ‘ਤੇ ਹਮਲਾ ਕੀਤਾ, ਵਾਹਨਾਂ ਦੀ ਭੰਨ-ਤੋੜ ਕੀਤੀ, ਗੋਲੀਆਂ ਵੀ ਚਲਾਈਆਂ।
ਬਾਘਾਪੁਰਾਣਾ ਵਿੱਚ ਅਕਾਲੀ ਉਮੀਦਵਾਰ ਦੇ ਨਾਮਜ਼ਦਗੀ ਕਾਗਜ਼ ਦਾਖ਼ਲ ਖੋਹ ਕੇ ਪਾੜ ਦਿੱਤੇ ਗਏ ਜਿਸ ਕਰਕੇ ਕਈ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਕਰ ਸਕੇ। ਇਥੇ ਇਕ ਦੀ ਬਾਂਹ ਟੁੱਟੀ, ਦਸਤਾਰਾਂ ਲਹਿ ਗਈਆਂ।
ਮੱਲਾਂਵਾਲਾ ਵਿੱਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਝੜਪ ਹੋਈ, ਦੋਵੇਂ ਪਾਸਿਓਂ ਇੱਟਾਂ-ਰੋੜਿਆਂ ਤੋਂ ਇਲਾਵਾ ਗੋਲੀਆਂ ਚੱਲੀਆਂ। ਅਕਾਲੀਆਂ ਨੇ ਦੋਸ਼ ਲਾਇਆ ਕਿ ਸਰਕਾਰੀ ਤੰਤਰ ਕਾਂਗਰਸੀ ਆਗੂਆਂ ਦਾ ਪੱਖ ਪੂਰ ਰਿਹਾ ਹੈ।
ਨਗਰ ਨਿਗਮ ਚੋਣਾਂ ਵਿੱਚ ‘ਆਪ’ ਨੂੰ ਛੱਡ ਕੇ ਬਾਕੀ ਸਿਆਸੀ ਪਾਰਟੀਆਂ ਲਈ ਬਾਗ਼ੀ ਉਮੀਦਵਾਰ ਸਿਰਦਰਦੀ ਬਣ ਗਏ ਹਨ। ਟਿਕਟ ਨਾ ਮਿਲਣ ‘ਤੇ ਇਨਾਂ ਆਗੂਆਂ ਨੇ ਬਗ਼ਾਵਤ ਦੇ ਝੰਡੇ ਫੜ ਲਏ ਹਨ। ਕਈਆਂ ਨੇ ਅਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰ ਦਿੱਤੇ ਨੇ ਤੇ ਕਈ ਰੁੱਸ ਕੇ ਘਰ ਬਹਿ ਗਏ ਨੇ। ਆਮ ਆਦਮੀ ਪਾਰਟੀ ਬਾਰੇ ਕਿਹਾ ਜਾ ਰਿਹਾ ਹੈ ਕਿ ਪਾਰਟੀ ਨੂੰ ਕਈ ਥਾਵਾਂ ਤੋਂ ਉਮੀਦਵਾਰ ਹੀ ਨਹੀਂ ਲੱਭੇ।
ਓਧਰ ਚੋਣਾਂ ਦੇ ਮੱਦੇਨਜ਼ਰ ਛਾਪਾਮਾਰੀ ਦੌਰਾਨ ਪੁਲਿਸ ਨੇ ਸ਼ਰਾਬ ਤੇ ਭੁੱਕੀ ਬਰਾਮਦ ਕੀਤੀ ਹੈ।
ਸੰਗਰੂਰ ਤੇ ਸੁਨਾਮ ਥਾਣਿਆਂ ਨੇ ਤਿੰਨ ਥਾਵਾਂ ਤੋਂ ਹਰਿਆਣਾ ਦੀ ਦੇਸੀ ਮਾਰਕਾ ਸ਼ਰਾਬ ਦੀਆਂ 288 ਬੋਤਲਾਂ ਅਤੇ 20 ਕਿਲੋ ਭੁੱਕੀ ਬਰਾਮਦ ਕੀਤੀ ਤੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।