• Home »
  • ਦੁਨੀਆ
  • ਖਬਰਾਂ
  • » ਜਲਿਆਂਵਾਲਾ ਬਾਗ ਸਾਕੇ ਲਈ ਬਰਤਾਨਵੀ ਸਰਕਾਰ ਨੂੰ ਮਾਫੀ ਦੇ ਸੁਝਾਅ ਦਾ ਸਵਾਗਤ

ਜਲਿਆਂਵਾਲਾ ਬਾਗ ਸਾਕੇ ਲਈ ਬਰਤਾਨਵੀ ਸਰਕਾਰ ਨੂੰ ਮਾਫੀ ਦੇ ਸੁਝਾਅ ਦਾ ਸਵਾਗਤ

-ਪੰਜਾਬੀਲੋਕ ਬਿਊਰੋ
ਜਲਿਆਂਵਾਲਾ ਬਾਗ ਕਾਂਡ ਲਈ ਬਰਤਾਨਵੀ ਸਰਕਾਰ ਮਾਫੀ ਮੰਗੇ.. ਇਹ ਗੱਲ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਜਲਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖੀ। ਯਾਤਰੂ ਕਿਤਾਬ ਚ ਉਨਾਂ ਨੇ ਆਪਣੀਆਂ ਭਾਵਨਾਵਾਂ ਦਰਜ ਕਰਦਿਆਂ ਕਿਹਾ ਕਿ ਬਰਤਾਨਵੀ ਸਾਮਰਾਜ ਦੀ ਇਹ ਕਾਰਵਾਈ ਮੰਦਭਾਗੀ ਸੀ, ਜਿਸ ਲਈ ਮੁਆਫੀ ਮੰਗੀ ਜਾਣੀ ਚਾਹੀਦੀ ਹੈ। ਉਨਾਂ ਨੇ ਸ਼ਹੀਦੀ ਖੂਹ ਕੋਲ ਕੁੱਝ ਪਲ ਬਿਤਾਏ, ਉਸ ਦੇ ਇਤਿਹਾਸ ਬਾਰੇ ਜਾਣਕਾਰੀ ਲਈ। ਸ਼ਹੀਦੀ ਸਮਾਰਕ ‘ਤੇ ਫੁੱਲ ਭੇਟ ਕੀਤੇ, ਇਕ ਮਿੰਟ ਮੌਨ ਰਹਿ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਉਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਹੋਰਾਂ ਨੇ ਉਨਾਂ ਦਾ ਸਵਾਗਤ ਕੀਤਾ। ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵੀ ਗਏ, ਸੰਕੇਤਕ ਸੇਵਾ ਕੀਤੀ ਅਤੇ ਲੰਗਰ ਛਕਿਆ। ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ। ਉਨਾਂ ਨੂੰ ਲੋਈ, ਸਿਰੋਪਾਓ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ।  ਉਨਾਂ ਨੇ ਇੰਗਲੈਂਡ ਦੀ ਤਰੱਕੀ ਵਿੱਚ ਸਿੱਖਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।
ਮੇਅਰ ਵੱਲੋਂ ਜਲਿਆਂਵਾਲਾ ਬਾਗ ਕਾਂਡ ਲਈ ਬ੍ਰਿਟੇਨ ਸਰਕਾਰ ਨੂੰ ਮੁਆਫੀ ਮੰਗਣ ਦੇ ਦਿੱਤੇ ਸੁਝਾਅ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਬਰਤਾਨੀਆ ਸਰਕਾਰ ਮੁਆਫੀ ਮੰਗਦੀ ਹੈ ਤਾਂ ਇਸ ਨਾਲ ਦੋਨਾਂ ਮੁਲਕਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਇਹ ਭਾਰਤੀਆਂ ਦੇ ਜ਼ਖ਼ਮਾਂ ‘ਤੇ ਮੱਲਮ ਲਾਉਣ ਬਰਾਬਰ ਹੋਵੇਗਾ।ਹੋਰ ਜਥੇਬੰਦੀਆਂ ਨੇ ਵੀ ਲੰਡਨ ਦੇ ਮੇਅਰ ਦੇ ਸੁਝਾਅ ਦਾ ਸਵਾਗਤ ਕੀਤਾ ਹੈ।
13 ਅਪ੍ਰੈਲ 2019 ਨੂੰ ਇਸ ਸਾਕੇ ਦੀ 100ਵੀਂ ਬਰਸੀ ਹੈ, ਇਸ ਤੋਂ ਪਹਿਲਾਂ ਪਾਕਿਸਤਾਨੀ ਮੂਲ ਦੇ ਲੰਡਨ ਮੇਅਰ ਸਾਦਿਕ ਖਾਨ ਦਾ ਐਨਾ ਵੱਡਾ ਬਿਆਨ ਉਸ ਵਕਤ ਆਇਆ ਹੈ ਜਦ ਭਾਰਤ ਪਾਕਿਸਤਾਨ ਦੇ ਰਿਸ਼ਤੇ ਬਿਹਤਰ ਨਹੀਂ ਰਹੇ। ਇਹ ਬਿਆਨ ਬਰਤਾਨਵੀ ਹਕੂਮਤ ਦੀ ਮਰਜ਼ੀ ਨਾਲ ਆਇਆ ਹੈ, ਜਾਂ ਫਿਰ ਅਖੰਡ ਭਾਰਤ ਲਈ ਲੜਨ ਵਾਲੇ ਤੇ ਪਾਕਿਸਤਾਨ ਜਾ ਵਸੇ ਲੋਕਾਂ ਦਾ ਵੰਸ਼ ਚਾਹੁੰਦਾ ਹੈ ਕਿ ਉਹਨਾਂ ‘ਤੇ ਰਾਜ ਕਰਨ ਵਾਲੇ ਅੰਗਰੇਜ਼ਾਂ ਨੂੰ ਆਪਣੀ ਗ਼ਲਤੀ ਦੀ ਮਾਫੀ ਮੰਗਣੀ ਚਾਹੀਦੀ ਹੈ, ਇਹ ਸਵਾਲ ਵੀ ਉਠਣ ਲੱਗੇ ਹਨ।