• Home »
  • ਖਬਰਾਂ
  • » ਡਾ.ਅੰਬੇਦਕਰ ਨੂੰ ਪ੍ਰੀਨਿਰਵਾਣ ਦਿਵਸ ਮੌਕੇ ਸ਼ਰਧਾਂਜਲੀ 

ਡਾ.ਅੰਬੇਦਕਰ ਨੂੰ ਪ੍ਰੀਨਿਰਵਾਣ ਦਿਵਸ ਮੌਕੇ ਸ਼ਰਧਾਂਜਲੀ 

-ਪੰਜਾਬੀਲੋਕ ਬਿਊਰੋ
ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਰਤਨ ਡਾ.ਬੀ.ਆਰ ਅੰਬੇਦਕਰ ਜੀ ਦੇ ਵਿਖਾਏ ਹੋਏ ਰਸਤੇ ‘ਤੇ ਚਲਦੇ ਹੋਏ ਇਕ ਆਦਰਸ਼ ਅਤੇ ਪ੍ਰਗਤੀਸ਼ੀਲ ਸਮਾਜ ਉਸਾਰਨ ਲਈ ਯਤਨ ਕਰਨ। ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਡਾ.ਅੰਬੇਦਕਰ ਜੀ ਨੂੰ ਉਨਾਂ ਦੇ ਪ੍ਰੀ-ਨਿਰਵਾਣ ਦਿਵਸ ‘ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਨਾਂ ਨੂੰ ਇਕ ਮਹਾਨ ਚਿੰਤਕ,ਅਰਥ ਸ਼ਾਸ਼ਤਰੀ ,ਸਮਾਜ ਸੇਵਕ ਅਤੇ ਨੀਤੀਵਾਨ ਦੱਸਿਆ। ਉਨਾਂ ਕਿਹਾ ਕਿ ਡਾ.ਅੰਬੇਦਕਰ ਵਿਸ਼ਵ ਦੇ ਚੋਟੀ ਦੇ ਆਗੂਆਂ ਵਿੱਚ ਸ਼ਾਮਿਲ ਸਨ ਜਿਨਾਂ ਨੇ ਲੋਕਾਂ ਦੀ ਭਲਾਈ ਲਈ ਅਣਥੱਕ ਯਤਨ ਕੀਤੇ। ਸ੍ਰੀ ਸ਼ਰਮਾ ਨੇ ਕਿਹਾ ਕਿ ਗਰੀਬਾਂ ਦੇ ਇਹ ਮਸੀਹਾ ਕਿਤਾਬਾਂ ਦੇ ਵੱਡੇ ਪ੍ਰੇਮੀ ਸਨ ਤੇ ਉਨਾਂ ਦੀ ਨਿੱਜੀ ਲਾਇਬ੍ਰੇਰੀ ਵਿੱਚ 50000 ਤੋਂ ਉਪਰ ਕਿਤਾਬਾਂ ਸਨ।  ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਹਾਲਾਂਕਿ ਡਾ.ਅੰਬੇਦਕਰ ਇਕ ਗਰੀਬ ਪਰਿਵਾਰ ਨਾਲ ਸਬੰਧਿਤ ਸਨ ਪਰ ਉਨਾਂ ਦੀਆਂ ਵਿਲੱਖਣ ਪ੍ਰਾਪਤੀਆ ਨੇ ਉਨਾਂ ਨੂੰ ਵਿਸ਼ਵ ਦਾ ਇੱਕ ਚੋਟੀ ਦਾ ਆਗੂ ਬਣਾ ਦਿੱਤਾ। ਉਨਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਡਾ.ਅੰਬੇਦਕਰ ਜੀ ਦੀ ਸਖਤ ਮਿਹਨਤ,ਲਗਨ ਅਤੇ ਦੂਰ ਅੰਦੇਸ਼ੀ ਦਾ ਸਿੱਟਾ ਸੀ। ਨਾਲ ਹੀ ਉਨਾਂ ਕਿਹਾ ਕਿ ਡਾ.ਅੰਬੇਦਕਰ ਕੇਵਲ ਗਰੀਬਾਂ ਤੇ ਦਬੇ ਕੁਚਲੇ ਲੋਕਾਂ ਦੇ ਨਹੀਂ ਬਲਕਿ ਪੂਰੀ ਮਨੁੱਖਤਾ ਦੇ ਆਗੂ ਸਨ। ਸ੍ਰੀ ਸ਼ਰਮਾ ਨੇ ਅੱਗੇ ਕਿਹਾ ਕਿ ਸੰਵਿਧਾਨ ਦੇ ਮੁੱਖ ਨਿਰਮਾਤਾ ਹੋਣ ਦੇ ਨਾਲ-ਨਾਲ ਡਾ.ਅੰਬੇਦਕਰ ਨੇ ਭਾਰਤੀ ਰਿਜਰਵ ਬੈਂਕ ਦੀ ਵੀ ਨੀਂਹ ਰੱਖੀ। ਉਨਾਂ ਕਿਹਾ ਕਿ ਇਸ ਦੇ ਨਾਲ-ਨਾਲ ਡਾ.ਅੰਬੇਦਕਰ ਔਰਤਾਂ ਦੇ ਸਸ਼ਕਤੀਕਰਨ ਦੇ ਵੀ ਹਮਾਇਤੀ ਰਹੇ ਹਨ।  ਉਨਾਂ ਕਿਹਾ ਕਿ ਲੋਕਾਂ ਨੂੰ ਡਾ.ਅੰਬੇਦਕਰ ਵਲੋਂ ਦਰਸਾਏ ਗਏ ਰਾਹ ‘ਤੇ ਚੱਲਣਾ ਚਾਹੀਦਾ ਹੈ ਜੋ ਕਿ ਇਸ ਮਹਾਨ ਆਤਮਾ ਨੂੰ ਸਾਡੇ ਵਲੋਂ ਸੱਚੀ ਸੁੱਚੀ ਸਰਧਾਂਜਲੀ ਹੋਵੇਗੀ। ਸ੍ਰੀ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਿਆਂ ਅਤੇ ਬਰਾਬਰਤਾ ਦੇ ਅਧਾਰਿਤ ਸਮਾਜ ਸਿਰਜਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਜਾਤ-ਪਾਤ ਤੇ ਨਸਲੀ ਵਿਤਕਰੇ ਤੋਂ ਉਪਰ ਉਠ ਕੇ ਆਪਣੇ ਦੇਸ਼ ਨੂੰ ਮਜਬੂਤ ਕਰਨਾ ਚਾਹੀਦਾ ਹੈ। ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ ਸ੍ਰ.ਜਸਬੀਰ ਸਿੰਘ, ਮਦਨ ਲਾਲ ਗਿੱਲ, ਦਰਯੋਧਨ ਲਾਲ ,ਕੁਲਦੀਪ ਸਿੰਘ, ਰਾਜੀਵ ਮਹਿਤਾ, ਰੂਬੀ ਬਾਲਿਮ, ਰਜਿੰਦਰ ਕੁਮਾਰ, ਗੁਰਦੀਪ ਸਿੰਘ, ਮਦਨ ਲਾਲ, ਬਲਜਿੰਦਰ ,ਤਰਸੇਮ, ਭੁਪਿੰਦਰ ਸਿੰਘ, ਪਵਨ ਕੁਮਾਰ, ਅਜੇ ਕੁਮਾਰ, ਅਮਰਜੀਤ ਸਿੰਘ, ਪ੍ਰੇਮ ਤੋਂ ਹੋਰ ਪਤਵੰਤੇ ਹਾਜ਼ਰ ਸਨ।