ਨਗਰ ਨਿਗਮ ਚੋਣਾਂ ਤੇ ਪੰਜਾਬ ਦੀ ਸਿਆਸੀ ਹਲਚਲ

-ਪੰਜਾਬੀਲੋਕ ਬਿਊਰੋ
ਲੁਧਿਆਣਾ ਨਗਰ ਨਿਗਮ ਚੋਣਾਂ ਦੇ ਮਾਮਲੇ ਵਿੱਚ ਲੋਕ ਇਨਸਾਫ ਪਾਰਟੀ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਪਾਰਟੀ ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਹਾਈਕੋਰਟ ਨੇ ਅੰਸ਼ਿਕ ਰਾਹਤ ਦਿੱਤੀ ਹੈ ਪਰ ਜਲਦ ਚੋਣ ਕਰਵਾਉਣ ਲਈ ਸੁਪਰੀਮ ਜਾ ਰਹੇ ਹਾਂ। ਦਰਅਸਲ ਹਾਈਕੋਰਟ ਨੇ ਚੋਣ ਦੀ ਗੱਲ ਨਹੀਂ ਮੰਨੀ ਤੇ ਸਿਰਫ ਵਾਰਡਬੰਦੀ ਦੀ ਗੱਲ ਕਹੀ ਹੈ। ਬੈਂਸ ਨੇ ਕਿਹਾ ਕਿ ਕਾਂਗਰਸ ਇਸ ਕਰਕੇ ਲੁਧਿਆਣਾ ਚੋਣ ਨਹੀਂ ਕਰਵਾ ਰਹੀ ਕਿਉਂਕਿ ਕਾਂਗਰਸ ਹਾਰ ਰਹੀ ਹੈ। ਉਨਾਂ ਕਿਹਾ ਕਿ ਜਦੋਂ ਕਾਂਗਰਸ 3 ਚੋਣਾਂ ਜਿੱਤ ਜਾਵੇਗੀ, ਉਦੋਂ ਇਹ ਚੋਣ ਕਰਵਾਏਗੀ ਤਾਂ ਕਿ ਜਿੱਤ ਨੂੰ ਦਿਖਾ ਕੇ ਲੁਧਿਆਣਾ ਨਿਗਮ ਜਿੱਤਿਆ ਜਾ ਸਕੇ। ਉਨਾਂ ਕਿਹਾ ਕਿ ਸਾਡਾ ਲੁਧਿਆਣਾ ਵਿੱਚ ਮਜ਼ਬੂਤ ਅਧਾਰ ਹੈ ਤੇ ਕਾਂਗਰਸ ਇਸੇ ਤੋਂ ਡਰਦੀ ਹੈ। ਬੈਂਸ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਤੋਂ ਮੰਗ ਕਰਨਗੇ ਕਿ ਜਾਂ ਤਾਂ ਲੁਧਿਆਣਾ ਚੋਣ ਬਾਕੀ ਨਿਗਮਾਂ ਦੇ ਨਾਲ ਹੋਵੇ ਜਾਂ ਬਾਕੀ ਤਿੰਨ ਨਿਗਮਾਂ ਦੀਆਂ ਚੋਣਾਂ ਵੀ ਬਾਅਦ ਵਿੱਚ ਹੋਣ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਲੋਕ ਇਨਸਾਫ ਪਾਰਟੀ ਲੁਧਿਆਣਾ ਤੋਂ ਬਾਹਰ ਨਿਕਲੇਗੀ। ਉਨਾਂ ਕਿਹਾ ਕਿ ਅਸੀ ਹਰ ਜ਼ਿਲੇ ਵਿੱਚ ਆਪਣੇ ਅਹੁਦੇਦਾਰ ਲਾਉਣ ਜਾ ਰਹੇ ਹਾਂ।
ਅਕਾਲੀ ਦਲ ਬਾਦਲ ਨੇ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਸਰਕਾਰੀ ਮਸ਼ੀਨਰੀ ਵਿਰੋਧੀ ਧਿਰਾਂ ਨੂੰ ਨਾਮਜ਼ਦਗੀਆਂ ਭਰਨ ਤੋਂ ਰੋਕ ਰਹੀ ਹੈ। ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਨਿਗਮ ਚੋਣਾਂ ਵਿੱਚ ਵੱਡੀ ਗੜਬੜ ਦੇ ਇਲਜ਼ਾਮ ਲਾਏ ਜਾ ਰਹੇ ਹਨ ਪਰ ਚੋਣ ਕਮਿਸ਼ਨ ਤੋਂ ਜਾਣਕਾਰੀ ਮਿਲੀ ਹੈ ਕਿ ਜ਼ੁਬਾਨੀ ਇਲਜਾਮ ਲਾਉਣ ਵਾਲਿਆਂ ਨੇ ਹਾਲੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ। ਉਂਝ ਚੋਣ ਕਮਿਸ਼ਨ ਨੇ ਵੱਖ-ਵੱਖ ਖ਼ਬਰਾਂ ਦਾ ਨੋਟਿਸ ਲੈਂਦਿਆਂ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਰ ਅਧਿਕਾਰੀ ਸਵੇਰੇ 9 ਤੋਂ 5 ਵਜੇ ਤੱਕ ਦਫਤਰ ਬੈਠੇ ਤੇ ਪਾਰਟੀਆਂ ਦੇ ਗਿਲੇ ਸ਼ਿਕਵੇ ਸੁਣੇ ਤਾਂ ਕਿ ਚੋਣ ਕਮਿਸ਼ਨ ਪ੍ਰਤੀ ਕੋਈ ਅਸੰਤੁਸ਼ਟੀ ਜ਼ਾਹਰ ਨਾ ਹੋਵੇ। ਚੋਣ ਕਮਿਸ਼ਨ ਨੇ ਹੇਠਲੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਕਿਹਾ ਕਿ ਜੇ ਕਿਸੇ ਅਧਿਕਾਰੀ ਨੇ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਉਨਾਂ ਤੇ ਕਾਰਵਾਈ ਕੀਤੀ ਜਾਵੇਗੀ।