• Home »
  • ਖਬਰਾਂ
  • » ਕਰਜ਼ਈ ਕਿਸਾਨ ਦੇ ਪੁੱਤਰ ਨੇ ਫਾਹਾ ਲਿਆ, ਫੀਸ ਭਰਨ ਲਈ ਪੈਸੇ ਨਹੀਂ ਸਨ

ਕਰਜ਼ਈ ਕਿਸਾਨ ਦੇ ਪੁੱਤਰ ਨੇ ਫਾਹਾ ਲਿਆ, ਫੀਸ ਭਰਨ ਲਈ ਪੈਸੇ ਨਹੀਂ ਸਨ

-ਪੰਜਾਬੀਲੋਕ ਬਿਊਰੋ
ਚਿੱਟੇ ਮੱਛਰ ਨੇ ਖਾ’ਲੇ ਸਾਡੇ ਨਰਮੇ,
ਫਾਹੇ ਦਿਆਂ ਰੱਸਿਆਂ ਕਿਸਾਨ
ਕਰਜ਼ੇ ਨੇ ਕਿਸਾਨੀ ਦੀ ਜਵਾਨ ਪੀੜੀ ਨੂੰ ਵਾਢਾ ਧਰਿਆ ਹੋਇਆ ਹੈ, ਸਰਕਾਰਾਂ ਵਲੋਂ ਗੱਲੀਂਬਾਤੀਂ ਡੰਗ ਟਪਾਇਆ ਜਾ ਰਿਹਾ ਹੈ। ਜੈਤੋ ਨੇੜਲੇ ਪਿੰਡ ਰਾਮੂੰਵਾਲਾ ਦੇ ਕਰਜ਼ੇ ਮਾਰੇ ਕਿਸਾਨ ਪਰਿਵਾਰ ਦੇ 18 ਸਾਲਾ ਪੁੱਤ ਨੇ ਫਾਹਾ ਲਾ ਲਿਆ, ਪਿਤਾ ਕੌਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਹੈ ਕਿ ਉਸ ਕੋਲ ਡੇਢ ਏਕੜ ਜ਼ਮੀਨ ਹੈ ਅਤੇ ਬੈਂਕ ਦਾ ਪੌਣੇ ਦੋ ਲੱਖ ਰੁਪਏ ਦਾ ਕਰਜ਼ਾ ਸਿਰ ਚੜਿਆ ਹੋਇਆ ਹੈ। ਉਸ ਦੇ ਦੋ ਪੁੱਤਰ ਹਨ। ਵੱਡਾ 18 ਸਾਲਾ ਗੁਰਪ੍ਰੀਤ ਸਿੰਘ ਬੀ. ਏ. ਦੀ ਪੜਾਈ ਕਰ ਰਿਹਾ ਸੀ ਅਤੇ ਹੁਣ ਦੂਜੇ ਸਮੈਸਟਰ ਦੀ ਦਾਖਲਾ ਫ਼ੀਸ ਜਮਾ ਕਰਵਾਉਣ ਲਈ ਪੈਸੇ ਮੰਗ ਰਿਹਾ ਸੀ, ਪਰ ਫੀਸ ਲਈ ਪੈਸੇ ਦਾ ਇੰਤਜ਼ਾਮ ਨਹੀਂ ਸੀ ਹੋ ਰਿਹਾ। ਗੁਰਪ੍ਰੀਤ ਸਿੰਘ ਆਪਣੀ ਪੜਾਈ ਨੂੰ ਲੈ ਕੇ ਚਿੰਤਤ ਸੀ ਪ੍ਰੰਤੂ ਉਸ ਦੀ ਪੇਸ਼ ਨਹੀ ਸੀ ਜਾ ਰਹੀ। ਗੁਰਪ੍ਰੀਤ ਸਿੰਘ ਆਪਣੇ ਘਰ ਇਹ ਕਹਿ ਕੇ ਚਲਾ ਗਿਆ ਕਿ ਉਹ ਖੇਤ ਚੱਲਿਆ ਹੈ। ਕੁਝ ਚਿਰ ਬਾਅਦ ਕਿਸੇ ਨੇ ਆ ਕੇ ਦੱਸਿਆ ਕਿ ਗੁਰਪ੍ਰੀਤ ਦੀ ਲਾਸ਼ ਦਰੱਖ਼ਤ ਨਾਲ ਲਟਕ ਰਹੀ ਹੈ। ਇਹ ਸੁਣਦਿਆਂ ਪਿੰਡ ਦੇ ਕਿਸਾਨ ਅਤੇ ਮੋਹਤਬਾਰ ਆਗੂ ਉਕਤ ਸਥਾਨ ‘ਤੇ ਪਹੁੰਚੇ ਅਤੇ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਤੁਰੰਤ ਥੱਲੇ ਲਾਹਿਆ। ਪਿੰਡ ਦੀ ਸਰਪੰਚ ਪਰਮਜੀਤ ਕੌਰ, ਪਿਆਰਾ ਸਿੰਘ, ਹਰਬੰਸ ਸਿੰਘ ਕਾਲਾ, ਸੁਰਜੀਤ ਸਿੰਘ ਬਰਾੜ, ਮਹਿੰਦਰ ਸਿੰਘ ਮਾਨ ਅਤੇ ਕੇਹਰ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਸਮੇਂ ਸਿਰ ਸਾਰ ਨਾ ਲੈਣ ਕਰਕੇ ਕਿਸਾਨੀ ਦੀ ਹਾਲਤ ਦਿਨੋਂ ਦਿਨ ਚਿੰਤਾਜਨਕ ਬਣ ਗਈ ਹੈ ਅਤੇ ਹਾਲਤ ਇਹ ਹੈ ਕਿ ਬੱਚਿਆਂ ਦੀ ਪੜਾਈ ਲਈ ਵੀ ਪੈਸਾ ਨਹੀਂ ਹੈ।
ਓਧਰ ਮਹਾਰਾਸ਼ਟਰ ਦੇ ਅਕੋਲਾ ਵਿੱਚ ਬਾਗ਼ੀ ਤੇਵਰ ਦਿਖਾਉਂਦਿਆਂ ਭਾਜਪਾ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਹੀ ਪਾਰਟੀ ਵਿਰੁੱਧ ਮੋਰਚਾ ਲਾਇਆ ਹੋਇਆ ਹੈ। ਇਥੇ ਜ਼ਿਲਾ ਕੁਲੈਕਟਰ ਦੇ ਦਫਤਰ ਦੇ ਬਾਹਰ ਨਰਮਾ ਤੇ ਸੋਇਆਬੀਨ ਉਤਪਾਦਕ ਕਿਸਾਨਾਂ ਵਲੋਂ ਸਰਕਾਰ ਦੀ ਬੇਰੁਖੀ ਖਿਲਾਫ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਇਹਨਾਂ ਕਿਸਾਨਾਂ ਦੇ ਨਾਲ ਯਸ਼ਵੰਤ ਸਿਨਹਾ ਵੀ ਡਟੇ ਹੋਏ ਨੇ। ਉਹਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ, ਤੇ ਕੁਝ ਸਮੇਂ ਮਗਰੋਂ ਛੱਡ ਦਿੱਤਾ, ਛੁੱਟਣ ਮਗਰੋਂ ਉਹ ਦੁਬਾਰਾ ਫੇਰ ਧਰਨੇ ‘ਤੇ ਆ ਬੈਠੇ। ਪੱਛਮੀ ਬੰਗਾਲ ਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਯਸ਼ਵੰਤ ਸਿਨਹਾ ਦਾ ਸਮਰਥਨ ਕੀਤਾ ਹੈ.