• Home »
  • ਖਬਰਾਂ
  • » ਬਾਬਰੀ ਮਸਜਿਦ ਮਾਮਲਾ-ਸੁਪਰੀਮ ਕੋਰਟ ਚ ਸੁਣਵਾਈ ਟਲ਼ੀ

ਬਾਬਰੀ ਮਸਜਿਦ ਮਾਮਲਾ-ਸੁਪਰੀਮ ਕੋਰਟ ਚ ਸੁਣਵਾਈ ਟਲ਼ੀ

-ਪੰਜਾਬੀਲੋਕ ਬਿਊਰੋ
ਅਯੋਧਿਆ ਦੇ ਵਿਵਾਦਤ ਬਾਬਰੀ-ਰਾਮ ਜਨਮਭੂਮੀ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਅੱਜ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ, ਅਸ਼ੋਕ ਭੂਸ਼ਣ ਅਤੇ ਅਬਦੁੱਲ ਨਜ਼ੀਰ ਦੀ ਬੈਂਚ ਨੇ ਸੁਣਵਾਈ ਸ਼ੁਰੂ ਕੀਤੀ, ਇਸ ਬੈਂਚ ਨੇ ਮਾਮਲੇ ਨਾਲ ਜੁੜੇ ਸਾਰੇ ਵਕੀਲਾਂ ਨੂੰ ਕਿਹਾ ਕਿ ਸਾਰੇ ਦਸਤਾਵੇਜ਼ ਪੂਰੇ ਕਰੋ, ਤਾਂ ਜੋ ਮਾਮਲੇ ਦੀ ਸੁਣਵਾਈ ਟਾਲ਼ੀ ਨਾ ਜਾ ਸਕੇ। ਪਰ ਕੁਝ ਹੀ ਚਿਰ ਮਗਰੋਂ ਮਾਮਲੇ ਦੀ ਸੁਣਵਾਈ 8 ਫਰਵਰੀ ਤੱਕ ਟਾਲ਼ ਦਿੱਤੀ ਗਈ। ਕੱਲ ਨੂੰ  ਬਾਬਰੀ ਕਾਂਡ ਦੀ 25ਵੀਂ ਬਰਸੀ ਹੈ, ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਵਰੇਗੰਢ ‘ਤੇ ਕੇਂਦਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚੌਕਸ ਰਹਿਣ ਦੇ ਨਾਲ ਨਾਲ ਸ਼ਾਂਤੀ ਅਤੇ ਸੰਪਰਦਾਇਕ ਏਕਤਾ ਬਣਾਈ ਰੱਖਣ ਦੀ ਸਲਾਹ ਦਿੱਤੀ ਹੈ।
ਯਾਦ ਰਹੇ 6 ਦਸੰਬਰ 1992 ਨੂੰ ਲੱਖਾਂ ਕਾਰ ਸੇਵਕਾਂ ਦੀ ਭੀੜ ਨੇ ਬਾਬਰੀ ਮਸਜਿਦ ਢਾਹ ਦਿੱਤੀ ਸੀ।  ਉਸ ਵੇਲੇ ਉੱਤਰ ਪ੍ਰਦੇਸ਼ ਚ ਬੀਜੇਪੀ ਦੀ ਸਰਕਾਰ ਸੀ ਤੇ ਕਲਿਆਣ ਸਿੰਘ ਮੁੱਖ ਮੰਤਰੀ ਸਨ। ਜੋ ਹੋਇਆ, ਉਸ ਦੀ ਨੀਂਹ 1990 ਚ ਅਡਵਾਨੀ ਦੀ ਰੱਥ ਯਾਤਰਾ ਤੋਂ ਹੀ ਰੱਖੀ ਗਈ ਸੀ। ਉਸ ਵੇਲੇ ਇਹ ਨਾਅਰਾ ਦਿੱਤਾ ਗਿਆ ਸੀ ਕਿ ‘ਕਸਮ ਰਾਮ ਕੀ ਖਾਤੇ ਹੈਂ, ਮੰਦਿਰ ਵਹੀਂ ਬਨਾਏਂਗੇ’। 5 ਦਸੰਬਰ, 1992 ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਇੱਕ ਬਿਆਨ ਨੇ ਹਵਾ ਦਾ ਰੁਖ ਬਦਲ ਦਿੱਤਾ। ਉਨਾਂ ਕਿਹਾ ਸੀ ਕਿ ਉਸ ਥਾਂ ਨੂੰ ਪੱਧਰਾ ਕਰਨਾ ਪਵੇਗਾ। ਵਾਜਪਾਈ ਦੇ ਇਸ ਭਾਸ਼ਣ ਦੇ ਅਗਲੇ ਦਿਨ ਅਯੋਧਿਆ ਚ ਲੱਖਾਂ ਕਾਰ ਸੇਵਕਾਂ ਦੀ ਭੀੜ ਇਕੱਠੀ ਹੋ ਚੁੱਕੀ ਸੀ। ਇਸ ਭੀੜ ਦੇ ਨਾਲ-ਨਾਲ ਬੀਜੇਪੀ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਵੱਡੇ ਲੀਡਰ ਢਾਂਚੇ ਦੇ ਮੰਚ ‘ਤੇ ਮੌਜੂਦ ਸਨ। ਸਵੇਰੇ ਕਰੀਬ 11 ਵਜੇ ਕੁਝ ਕਾਰ ਸੇਵਕ ਢਾਂਚੇ ਦੇ ਅੰਦਰ ਰੇਲਿੰਗ ਟੱਪ ਕੇ ਚਲੇ ਗਏ। ਅੰਦਰ ਤਾਇਨਾਤ ਪੀਏਸੀ ਦੇ ਜਵਾਨਾਂ ਨੇ ਰੋਕਿਆ ਤਾਂ ਲੋਕਾਂ ਨੇ ਪੱਥਰ ਚਲਾਏ। ਵੇਖਦੇ ਹੀ ਵੇਖਦੇ ਕਾਰ ਸੇਵਕਾਂ ਨੇ ਮਸਜਿਦ ਦੇ ਗੁੰਬਦ ਨੂੰ ਡੇਗ ਦਿੱਤਾ ਸੀ।