ਮਾਝੇ ਚ ਆਪ ਨੇ ਨਹੀਂ ਲਾਇਆ ਕੋਈ ਜਰਨੈਲ

-ਪੰਜਾਬੀਲੋਕ ਬਿਊਰੋ
ਕਪੂਰਥਲਾ ਹਲਕੇ ਵਿਚੋਂ ਖਬਰ ਆਈ ਸੀ ਕਿ ਇਥੇ ਵਿਧਾਨ ਸਭਾ ਚੋਣ ਲੜਨ ਵਾਲੇ ਤੇ 18 ਹਜ਼ਾਰ ਵੋਟਾਂ ਲੈਣ ਵਾਲੇ ਸੁਖਵੰਤ ਪੱਡਾ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਛੱਡ ਕੇ ਵਿਦੇਸ਼ ਉਡਾਰੀ ਮਾਰ ਗਏ ਨੇ, ਪਾਰਟੀ ਸਮਰਥਕ ਬੇਹੱਦ ਨਿਰਾਸ਼ ਨੇ। ਹੁਣ ਮਾਝੇ ਵਿਚੋਂ ਵੀ ਇਹੋ ਜਿਹੀ ਨਿਰਾਸ਼ਾ ਭਰੀ ਖਬਰ ਨਸ਼ਰ ਹੋਈ ਹੈ। ਚਰਚਾ ਹੈ ਕਿ ਗੁਰਦਾਸਪੁਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ‘ਚ ਬੁਰੀ ਤਰਾਂ ਹਾਰਨ ਮਗਰੋਂ ਚਾਹੀਦਾ ਤਾਂ ਇਹ ਸੀ ਕਿ ਪਾਰਟੀ ਦੇ ਸੀਨੀਅਰ ਆਗੂ ਸਰਹੱਦੀ ਜ਼ਿਲੇ ਵਿਚ ਹਾਰ ਦੇ ਕਾਰਨਾਂ ਦੀ ਡੂੰਘਾਈ ਨਾਲ ਘੋਖ ਕਰਦੇ ਅਤੇ ਵਰਕਰਾਂ, ਸਮਰਥਕਾਂ ਨਾਲ ਪਾਰਟੀ ਗ੍ਰਾਫ ਚ ਆਈ ਭਾਰੀ ਗਿਰਾਵਟ ‘ਤੇ ਮੱਥਾਪੱਚੀ ਕਰਦੇ ਪਰ ਅਜਿਹਾ ਕਿੱਧਰੇ ਵੀ ਦਿਖਾਈ ਨਹੀਂ ਦਿੱਤਾ ਅਤੇ ਪਾਰਟੀ ਜ਼ਿਲੇ ਵਿਚ ਪੂਰੀ ਤਰਾਂ ਲੀਹ ਤੋਂ ਉੱਤਰੀ ਦਿਖਾਈ ਦੇ ਰਹੀ ਹੈ, ਜਿਸ ਦੀ ਝਲਕ ਪਾਰਟੀ ਵੱਲੋਂ ਜਾਰੀ ਕੀਤੀ ਗਈ ਹਲਕਾ ਪ੍ਰਧਾਨਾਂ ਦੀ ਲਿਸਟ ਤੋਂ ਦਿਖਾਈ ਦਿੰਦੀ ਹੈ।
ਦੱਸ ਦੇਈਏ ਕਿ ਬਟਾਲਾ, ਕਾਦੀਆਂ ਤੇ ਫਤਿਹਗੜ ਚੂੜੀਆਂ ਚ ਤਿੰਨੋਂ ਹਲਕੇ ਪਹਿਲਾਂ ਪਾਰਟੀ ਦੇ ਸਾਬਕਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਕਰ ਕੇ ਅਤੇ ਬਾਅਦ ਵਿਚ ਮਾਝਾ ਜ਼ੋਨ ਦੇ ਇੰਚਾਰਜ ਕੰਵਲਪ੍ਰੀਤ ਸਿੰਘ ਕਾਕੀ ਅਤੇ ਹਲਕਾ ਫਤਿਹਗੜ ਚੂੜੀਆਂ ਤੋਂ ਉਮੀਦਵਾਰ ਗੁਰਿੰਦਰ ਸਿੰਘ ਸ਼ਾਮਪੁਰਾ ਦੇ ਪਾਰਟੀ ਛੱਡਣ ਕਾਰਨ ਕਾਫ਼ੀ ਚਰਚਾ ਵਿਚ ਰਹੇ ਹਨ ਪਰ ਪਾਰਟੀ ਵੱਲੋਂ ਜਾਰੀ ਲਿਸਟ ਵਿਚ ਇਹ ਤਿੰਨੋਂ ਹਲਕੇ ਇਸ ਲਈ ਗਾਇਬ ਦੱਸੇ ਜਾ ਰਹੇ ਹਨ ਕਿਉਂਕਿ ਪਾਰਟੀ ਹਾਲ ਦੀ ਘੜੀ ਤਿੰਨਾਂ ਹਲਕਿਆਂ ਵਿਚ ਕੋਈ ਵੀ ਨਵਾਂ ਨਾਮਵਾਰ ਚਿਹਰਾ ਨਹੀਂ ਲੱਭ ਸਕੀ। ਸੂਤਰਾਂ ਮੁਤਾਬਕ ਪਾਰਟੀ ਦਾ ਗ੍ਰਾਫ ਮੂਧੇ-ਮੂੰਹ ਡਿੱਗਣ ਕਰ ਕੇ ਕੋਈ ਵੀ ਚਰਚਿਤ ਸਿਆਸੀ ਚਿਹਰਾ ‘ਆਪ’ ਵੱਲ ਅਕਰਸ਼ਿਤ ਹੁੰਦਾ ਦਿਖਾਈ ਵੀ ਨਹੀਂ ਦੇ ਰਿਹਾ, ਚਰਚਾ ਹੈ ਕਿ ਪਾਰਟੀ ਅਗਲੀ ਲਿਸਟ ਵਿਚ ਉਕਤ ਤਿੰਨਾਂ ਹਲਕਿਆਂ ਲਈ ਕਿਸੇ ਸਿਆਸੀ ਵਿਰੋਧੀ ਪਾਰਟੀ ਚੋਂ ਨਾਮਵਰ ਚਿਹਰਾ ਲੱਭ ਕੇ ਲਿਆਏਗੀ।