ਢੀਂਡਸਾ ਦੀ ਪਕੜ ਤੋੜਨ ਲਈ ਲਿਆਂਦੇ ਗਏ ਲੌਂਗੋਵਾਲ??

-ਪੰਜਾਬੀਲੋਕ ਬਿਊਰੋ
ਜੇ ਸੂਤਰਾਂ ਦੀ ਸੱਚ ਮੰਨੀਏ ਤਾਂ ਐਸ ਜੀ ਪੀ ਸੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨਗੀ ਦੇ ਕੇ ਬਾਦਲ ਪਰਿਵਾਰ ਨੇ ਅਸਲ ਵਿੱਚ ਪਾਰਟੀ ਚ ਉਭਰ ਰਹੇ ਬਰਾਬਰ ਦੇ ਸਿਆਸੀ ਸ਼ਰੀਕ ਢੀਂਡਸਾ ਪਰਿਵਾਰ ਦੇ ਰਾਹ ਲੌਂਗੋਵਾਲ ਜ਼ਰੀਏ ਰੋਕਣ ਦੀ ਕੋਸ਼ਿਸ਼ ਕੀਤੀ ਹੈ।
ਸੂਤਰ ਦੱਸਦੇ ਨੇ ਕਿ ਅੱਜ ਦੀ ਘੜੀ ਬਾਦਲ ਪਰਿਵਾਰ ਲਈ ਮਰਹੂਮ ਜਥੇਦਾਰ ਜਗਦੇਵ ਤਲਵੰਡੀ, ਮਰਹੂਮ ਗੁਰਚਰਨ ਸਿੰਘ ਟੌਹੜਾ ਆਦਿ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਹੀ ਇੱਕ ਵੰਗਾਰ ਹਨ। ਸਿਆਸਤ ਚ ਪੈਸਾ ਵੀ ਅਹਿਮ ਹੁੰਦਾ ਹੈ। ਪਰ ਟੌਹੜਾ ਸਾਹਿਬ ਪੈਸੇ ਨਾ ਹੋਣ ਕਾਰਨ ਹੀ ਬਾਦਲਾਂ ਨੂੰ ਮੁਕਾਬਲਾ ਨਹੀਂ ਦੇ ਸਕੇ ਸਨ। ਢੀਂਡਸਾ ਦੇ ਮਾਮਲੇ ਚ ਇਹ ਗੱਲ ਨਹੀਂ ਹੈ। ਢੀਂਡਸਾ ਖ਼ੁਦ ਵੀ ਸਾਧਨ ਸੰਪੰਨ ਹਨ ਤੇ ਉਨਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਦੇ ਸਹੁਰਾ ਸਾਹਬ ਵੀ ਪੰਜਾਬ ਦੇ ਵੱਡੇ ਅਮੀਰਾਂ ਚੋਂ ਇੱਕ ਹਨ ਤੇ ਉਹ ‘ਬੰਬੇ’ ਰਹਿ ਕੇ ਬਿਜ਼ਨੈੱਸ ਕਰਦੇ ਹਨ।
ਦਲ ਦੀਆਂ ਅੰਦਰੂਨੀ ਬੈਠਕਾਂ ਚ ਤਕਰੀਬਨ ਸਾਰੇ ਹੀ ਲੀਡਰ ਸਿਰਫ਼ ਜੀ-ਹਜ਼ੂਰੀਏ ਹਨ। ਇਕੱਲੇ ਢੀਂਡਸਾ ਅੱਜ ਵੀ ਕਈ ਗੱਲਾਂ ‘ਤੇ ਅੜ ਜਾਂਦੇ ਹਨ। ਚੋਣਾਂ ਤੋਂ ਪਹਿਲਾਂ ਉਨਾਂ ਅਕਾਲੀ ਦਲ ਦੇ ਚੰਡੀਗੜ ਦਫ਼ਤਰ ਦੀ ਜਨਤਕ ਮੀਟਿੰਗ ਚ ਸਟੇਜ ਤੋਂ ਕਹਿ ਦਿੱਤਾ ਸੀ ਕਿ ਮੈਨੂੰ ਬੈਠਕ ਦਾ ਸੱਦਾ ਹੀ ਨਹੀਂ ਲੱਗਿਆ ਸੀ ਤੇ ਬਾਦਲ ਦੇ ਚਹੇਤੇ ਲੀਡਰਾਂ ਨੇ ਉਨਾਂ ਨੂੰ ਕਿਵੇਂ ਨਾ ਕਿਵੇਂ ਸ਼ਾਂਤ ਕੀਤਾ ਸੀ। ਚੋਣਾਂ ਤੋਂ ਪਹਿਲਾਂ ਪਾਰਟੀ ਖ਼ਿਲਾਫ ਚੱਲਦੇ ਮੁੱਦਿਆਂ ਨਸ਼ਾ ਤਸਕਰੀ, ਮਾਇਨਿੰਗ ਮਾਫ਼ੀਆ ਤੇ ਅਕਾਲੀ ਦਲ ‘ਤੇ ਲੱਗਦੇ ਹੋਰ ਇਲਜ਼ਮਾਂ ਨੂੰ ਜ਼ੋਰਾਂ-ਸ਼ੋਰਾਂ ਨਾਲ ਪਾਰਟੀ ਅੰਦਰ ਉਠਾਉਂਦੇ ਰਹੇ ਹਨ। ਉਨਾਂ ਨੂੰ ਕੇਂਦਰ ਦੀ ਐਨਡੀਏ ਸਰਕਾਰ ਚ ਵੀ ਮੰਤਰੀ ਨਾ ਬਣਾਉਣ ਦਾ ਰੰਜ਼ ਹੈ। ਪੰਜਾਬ ਤੋਂ ਇੱਕੋ ਮੰਤਰੀ ਜਾਣਾ ਸੀ ਤੇ ਉਹ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਹੈ। ਸੀਨੀਅਰਤਾ ਨੇ ਹਿਸਾਬ ਨਾਲ ਹਰਸਿਮਰਤ ਢੀਂਡਸਾ ਦੇ ਮੁਕਾਬਲੇ ਕਿਤੇ ਨਹੀਂ ਟਿਕਦੀ ਪਰ ਇਸ ਦੇ ਬਾਵਜੂਦ ਬਾਦਲ ਦੀ ਨੂੰਹ ਹੋਣ ਕਰਕੇ ਉਹ ਮੰਤਰੀ ਬਣੀ।
ਜਿਵੇਂ ਇਹ ਕਿਹਾ ਜਾਂਦਾ ਹੈ ਕਿ ਅਕਾਲੀ ਸਰਕਾਰ ਸਮੇਂ ਮਾਝੇ ਚ ਬਿਕਰਮ ਮਜੀਠੀਆ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ। ਇਸੇ ਤਰਾਂ ਬਾਦਲਾਂ ਦੇ ਇਲਾਕੇ ਚ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਤੇ ਵੱਖ-ਵੱਖ ਇਲਾਕਿਆਂ ਚ ਹੋਰ ਅਕਾਲੀ ਲੀਡਰਾਂ ਦੀ ਚੱਲਦੀ ਸੀ। ਸੰਗਰੂਰ ਤੇ ਬਰਨਾਲਾ ਇਲਾਕੇ ਚ ਢੀਂਡਸਾ ਪਰਿਵਾਰ ਦਾ ਇਸੇ ਤਰਾਂ ਦਾ ਜਬਰਦਸਤ ਦਬਦਬਾ ਹੈ। ਢੀਂਡਸਾ ਨੇ ਬਰਨਾਲਾ ਪਰਿਵਾਰ, ਸਾਬਕਾ ਮੰਤਰੀ ਬਲਦੇਵ ਸਿੰਘ, ਮਰਹੂਮ ਮਲਕੀਤ ਸਿੰਘ ਕੀਤੂ ਤੇ ਹੋਰ ਕਈਆਂ ਦੇ ਸੰਗਰੂਰ ਤੇ ਬਰਨਾਲਾ ਚ ਪੈਰ ਨਹੀਂ ਲੱਗਣ ਦਿੱਤੇ। ਜਦੋਂ ਕੋਈ ਪਾਰਟੀ ਸੱਤਾ ਚ ਨਾ ਹੋਵੇ ਤੇ ਕਮਜ਼ੋਰ ਹੋਵੇ ਤਾਂ ਉਸ ਚ ਕੱਦਾਵਰ ਲੀਡਰ ਸਥਾਪਤ ਧਿਰ ਨੂੰ ਅੱਖਾਂ ਦਿਖਾਉਂਦੇ ਹਨ ਤੇ ਬਗਾਵਤ ਹੋਣ ਦੀਆਂ ਸੰਭਾਵਨਾਵਾਂ ਪਈਆਂ ਹੁੰਦੀਆਂ ਹਨ। ਸ਼ਾਇਦ ਇਸੇ ਧਾਰਨਾ ਵਿੱਚੋਂ ਯਾਨੀ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਚੋਂ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਨਿਕਲੀ ਹੈ। ਢੀਂਡਸਾ ਲੰਮੇ ਸਮੇਂ ਤੋਂ ਸੰਗਰੂਰ-ਬਰਨਾਲਾ ਦਾ ਇੱਕੋ ਇੱਕ ਮਜ਼ਬੂਤ ਪਾਵਰ ਸੈਂਟਰ ਹਨ। ਸਿਰਫ਼ ਮਰਹੂਮ ਮਲਕੀਤ ਕੀਤੂ ਨੇ ਇਸ ਨੂੰ ਜਨਤਕ ਤੌਰ ‘ਤੇ ਤੋੜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾਮ ਰਹੇ। ਹੁਣ ਬਾਦਲਾਂ ਨੇ ਢੀਂਡਸਾ ਦੇ ਇਲਾਕੇ ਚ ਦੂਜਾ ਵੱਡਾ ਪਾਵਰ ਸੈਂਟਰ ਖੜਾ ਕਰ ਦਿੱਤਾ ਹੈ। ਉਹ ਵੀ ਉਦੋਂ ਜਦੋਂ ਅਕਾਲੀ ਦਲ ਦੀ ਸਰਕਾਰ ਨਹੀਂ। ਇਸ ਤੋਂ ਪਹਿਲਾਂ ਬਰਨਾਲਾ ਪਰਿਵਾਰ ਦੀ ਅਕਾਲੀ ਦਲ ਵਿੱਚ ਵਾਪਸੀ ਤੇ ਮਰਹੂਮ ਮਲਕੀਤ ਸਿੰਘ ਕੀਤੂ ਦੇ ਬੇਟੇ ਕੁਲਵੰਤ ਸਿੰਘ ਕੀਤੂ ਨੂੰ ਜ਼ਿਲਾ ਪ੍ਰਧਾਨ ਬਣਾਉਣਾ ਵੀ ਇਸੇ ਕਵਾਇਦ ਦਾ ਹਿੱਸਾ ਮੰਨਿਆ ਜਾ ਸਕਦਾ ਹੈ।ਬਰਨਾਲਾ-ਸੰਗਰੂਰ ਚ ਅੱਜ ਦੀ ਘੜੀ ਢੀਂਡਸਾ ਪਰਿਵਾਰ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਗੋਬਿੰਦ ਸਿੰਘ ਲੌਂਗੋਵਾਲ ਹਨ। ਸੁਖਦੇਵ ਸਿੰਘ ਢੀਂਡਸਾ ਦੀ ਫੋਟੋ ਤੋਂ ਬਿਨਾਂ ਲੌਂਗੋਵਾਲ ਨੂੰ ਵਧਾਈਆਂ ਦਿੰਦੇ ਵੱਡੇ-ਵੱਡੇ ਪੋਸਟਰ ਭਵਾਨੀਗੜ ਤੋਂ ਤਪਾ ਤੱਕ ਦੇਖੇ ਜਾ ਸਕਦੇ ਹਨ। ਦਰਅਸਲ ਬਾਦਲਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਹਨ। ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਉਨਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੇ ਜੋ ਇਲਾਕੇ ਚ ਜਨਤਕ ਪਕੜ ਬਣਾਈ ਹੈ, ਉਸ ਨੂੰ ਗੋਬਿੰਦ ਸਿੰਘ ਲੌਂਗੋਵਾਲ ਲਈ ਤੋੜਣਾ ਮੁਸ਼ਕਲ ਰਹੇਗਾ ਕਿਉਂਕਿ ਲੌਂਗੋਵਾਲ ਦਾ ਕੋਈ ਵੱਡਾ ਜਨਤਕ ਅਧਾਰ ਨਹੀਂ। ਪਰ ਐਸ ਜੀ ਪੀ ਸੀ ਦੀ ਪ੍ਰਧਾਨਗੀ ਨਾਲ ਲੌਂਗੋਵਾਲ ਲੋਕਾਂ ਦੇ ਬਹੁਤ ਸਾਰੇ ਕੰਮ ਕਰਵਾ ਸਕਦੇ ਹਨ। ਗੋਬਿੰਦ ਲੌਂਗੋਵਾਲ ਵੀ ਇਲਾਕੇ ਚ ਫੋਕਸ ਕਰਨ ਲੱਗੇ ਹਨ ਤੇ ਉਹ ਹੀ ਆਪਣੇ ਜ਼ਰੀਏ ਇਲਾਕੇ ਚੋਂ ਢੀਂਡਸਾ ਪਰਿਵਾਰ ਦੇ ਪ੍ਰਭਾਵ ਨੂੰ ਤੋੜਣ ਦੀ ਕੋਸ਼ਿਸ਼ ਕਰਨਗੇ। ਲੌਂਗੋਵਾਲ ਬਾਰੇ ਇੱਕ ਅਹਿਮ ਤੱਥ ਇਹ ਵੀ ਹੈ ਕਿ ਪਿੰਗਲਵਾੜਾ ਸੰਸਥਾ ਨੂੰ ਚਲਾਉਣ ਵਾਲੀ ਬੀਬੀ ਇੰਦਰਜੀਤ ਕੌਰ ਉਹਨਾਂ ਦੀ ਸਾਲੀ ਹੈ।  ਬੀਬੀ ਦੀ ਛੋਟੀ ਭੈਣ ਗੋਬਿੰਦ ਲੌਂਗੋਵਾਲ ਦੀ ਪਤਨੀ ਹੈ। ਚਰਚਾ ਹੈ ਕਿ ਬਾਦਲ ਪਰਿਵਾਰ ਦੀ ਢੀਂਡਸਾ ਪਰਿਵਾਰ ਨੂੰ ‘ਥਾਂ ਸਿਰ’ ਰੱਖਣ ਦੀ ਖੇਡੀ ਚਾਲ ਕਿੰਨੀ ਕੁ ਕਾਮਯਾਬ ਹੁੰਦੀ ਹੈ, ਇਹ ਤਾਂ ਸਮਾਂ ਦੱਸੇਗਾ ਪਰ ਨਾਲ ਹੀ ਚਰਚਾ ਇਹ ਵੀ ਜ਼ੋਰ ਫੜ ਰਹੀ ਹੈ ਕਿ ਡੇਰਾ ਸਿਰਸਾ, ਸ਼ਿਵਲਿੰਗ ਪੂਜਾ ਤੇ ਈਸਾਈ ਮਤ ਦੇ ਆਗੂ ਤੋਂ ਅਸ਼ੀਰਵਾਦ ਲੈਣ ਵਾਲੇ ਮਸਲਿਆਂ ਨੇ ਲੌਗੋਂਵਾਲ ਦੇ ਨਾਲ ਨਾਲ ਬਾਦਲ ਪਰਿਵਾਰ ਨੂੰ ਵੀ ਉਲਝਾਇਆ ਪਿਆ ਹੈ।