ਭਾਰਤ ਚ ਹਰ ਦਸਾਂ ਚੋਂ 1 ਦਵਾ ਨਕਲੀ!!

-ਪੰਜਾਬੀਲੋਕ ਬਿਊਰੋ
ਵਿਸ਼ਵ ਸਿਹਤ ਸੰਗਠਨ ਨੇ ਰਿਪੋਰਟ ਦਿੱਤੀ ਹੈ ਕਿ ਭਾਰਤ ਉਨਾਂ ਮੁਲਕਾਂ ਵਿਚ ਸ਼ਾਮਲ ਹੈ ਜਿੱਥੇ 10 ਵਿੱਚੋਂ 1 ਦਵਾਈ ‘ਨਕਲੀ’ ਹੈ। ਇਸ ਕਾਰਨ ਕਮਜ਼ੋਰ ਤਬਕੇ ਦੇ ਲੋਕ ਸਭ ਤੋਂ ਵਧ ਪ੍ਰਭਾਵਿਤ ਹੋਏ ਹਨ। ਸਾਲ 2013 ਤੋਂ ਵਿਸ਼ਵ ਸਿਹਤ ਸੰਗਠਨ ਨੂੰ ਫਰਜ਼ੀ, ਘਟੀਆ ਅਤੇ ਨਕਲੀ ਦਵਾਈਆਂ ਦੇ ਮਾਮਲੇ ਚ 1500 ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਨਾਂ ਚ ਕੈਂਸਰ ਦੀਆਂ ਦਵਾਈਆਂ ਤੋਂ ਲੈ ਕੇ ਗਰਭ ਨਿਰੋਧਕ, ਟੀਕਿਆਂ ਤੋਂ ਲੈ ਕੇ ਐਂਟੀਬਾਇਓਟਿਕਸ ਵਰਗੇ ਉਤਪਾਦ ਸ਼ਾਮਲ ਹਨ। 10 ਸਾਲਾਂ ਚ ਅਜਿਹਾ ਪਹਿਲੀ ਵਾਰ ਹੈ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਚ ਘਟੀਆ ਅਤੇ ਨਕਲੀ ਦਵਾਈਆਂ ਨੂੰ ਲੈ ਕੇ ਰਿਪੋਰਟ ਤਿਆਰ ਕੀਤੀ ਹੈ। ਤਕਰੀਬਨ 42 ਫੀਸਦੀ ਅਜਿਹੇ ਮਾਮਲੇ ਅਫਰੀਕੀ ਖੇਤਰ, ਅਤੇ 21 ਫੀਸਦੀ ਅਮਰੀਕਾ ਤੋਂ ਅਤੇ ਬਾਕੀ 21 ਫੀਸਦੀ ਯੂਰਪੀ ਖੇਤਰਾਂ ਤੋਂ ਪ੍ਰਾਪਤ ਕੀਤੇ ਗਏ ਹਨ। ਰਿਪੋਰਟ ਮੁਤਾਬਕ, ਭਾਰਤ ਵਰਗੇ ਦੇਸ਼ਾਂ ਚ ਵੇਚੀਆਂ ਜਾਣ ਵਾਲੀਆਂ 10.5 ਫੀਸਦੀ ਦਵਾਈਆਂ ਜਾਂ ਤਾਂ ਨਕਲੀ ਹਨ ਜਾਂ ਫਿਰ ਬਹੁਤ ਘਟੀਆ ਕਿਸਮ ਦੀਆਂ ਹੁੰਦੀਆਂ ਹਨ। ਇਹ ਦਵਾਈਆਂ ਨਾ ਸਿਰਫ ਬੀਮਾਰੀ ਠੀਕ ਕਰਨ ਚ ਫੇਲ ਹਨ ਸਗੋਂ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹਨ। ਇੰਨਾ ਹੀ ਨਹੀਂ ਇਨਾਂ ਦੀ ਵਰਤੋਂ ਨਾਲ ਗੰਭੀਰ ਬੀਮਾਰੀ ਦੇ ਨਾਲ ਮੌਤ ਵੀ ਹੋ ਸਕਦੀ ਹੈ। ਰਿਪੋਰਟ ਚ ਐਂਟੀ ਮਲੇਰੀਆ ਅਤੇ ਐਂਟੀ ਬਾਇਓਟਿਕਸ ਨੂੰ ਲੈ ਕੇ ਵੀ ਉਂਗਲੀ ਉਠਾਈ ਗਈ ਹੈ। ਮਰੀਜ ਕਦੇ ਲੋੜੀਂਦਾ ਇਲਾਜ ਨਾ ਮਿਲਣ ਅਤੇ ਕਦੇ ਖਰਾਬ ਦਰਜੇ ਦੀ ਦਵਾਈਆਂ ਦੇ ਮੱਦੇਨਜ਼ਰ ਜਾਨ ਗੁਆ ਬੈਠਦੇ ਹਨ। ਇਸ ਰਿਪੋਰਟ ‘ਤੇ ਭਾਰਤ ਸਰਕਾਰ ਨੇ ਚਿੰਤਾ ਜਤਾਈ ਹੈ।