ਚਿੱਟੇ ਮੱਛਰ ਨੇ ਖਾ’ਲੇ ਸਾਡੇ ਨਰਮੇ ਫਾਹੇ ਦੇ ਰੱਸਿਆਂ ਕਿਸਾਨ .. 

-ਅਮਨ
ਆਰਥਿਕ ਤੰਗੀਆਂ ਦੀ ਝੰਬੀ ਕਿਸਾਨੀ ਦਾ ਦਰਦ ਕਦ ਮੁੱਕੂ?
ਜਦ ਹਾਕਮਾਂ ਦੀ ਨੀਅਤ ਸਾਫ ਹੋਊ, ਜਾਂ ਕਹਿ ਲਈ ਕਿ ਸਾਫ ਨੀਅਤ ਵਾਲਾ ਕੋਈ ਹਾਕਮ ਲੱਭੂ.. ਮÎੌਜੂਦਾ ਹਾਕਮ ਨੇ ਗੱਦੀ ਸਾਂਭਣ ਤੋਂ ਪਹਿਲਾਂ ਸਾਰੇ ਕਰਜ਼ੇ ਤੇ ਲੀਕ ਮਾਰਨ ਦਾ ਵਾਅਦਾ ਕੀਤਾ, ਗੱਦੀ ਸਾਂਭ ਕੇ ਕਿਹਾ 2-2 ਲੱਖ ਮਾਫ ਕਰਾਂਗੇ, ਹੁਣ 8 –9 ਮਹੀਨੇ ਹੋ ਗਏ ਹਾਲੇ ਅਫਸਰਾਂ ਤੋਂ ਕਾਗਜ਼ ਹੀ ਕਾਲੇ ਕਰਵਾਏ ਜਾ ਰਹੇ ਨੇ, ਤੇ ਬੈਂਕਾਂ ਕਰਜ਼ੇ ਮਾਰੇ ਕਿਸਾਨਾਂ ਨੂੰ ਡਿਫਾਲਟਰ ਐਲਾਨਣ ਦੀ ਕਾਰਵਾਈ ਜਾਰੀ ਰੱਖ ਰਹੀਆਂ ਨੇ , ਕੀਹਦਾ ਕਿੰਨਾ ਕਰਜ਼ਾ ਮਾਫ ਹੋਣਾ ਹੈ, ਕੋਈ ਨਹੀਂ ਜਾਣਦਾ.
ਕਰਜ਼ੇ ਫਾਹੇ ਬਣ ਬਣ ਮਿੱਟੀ ਦੇ ਪੁੱਤਾਂ ਦੀ ਜਾਨ ਲੈ ਰਹੇ ਨੇ..
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚਿੱਬੜਾਂਵਾਲੀ ਦੇ 41 ਸਾਲਾ ਮਿੱਟੀ ਦੇ ਮਜ਼ਦੂਰ ਪੁੱਤ ਮਨਜੀਤ ਸਿੰਘ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ, ਉਸ ਕੋਲ 4 ਕਨਾਲ ਜ਼ਮੀਨ ਸੀ। ਉਸ ਨੇ ਹੋਰ ਕੰਮ-ਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਲਈ ਬੈਂਕ ਸਮੇਤ ਹੋਰ ਕਈ ਜਣਿਆਂ ਤੋਂ ਕਰਜ਼ਾ ਲਿਆ, ਪਰ ਨਾ ਕੰਮ ਚੱਲਿਆ ਤੇ ਨਾ ਕਰਜ਼ਾ ਮੁੜਿਆ। ਕਰਜ਼ੇ ਤੋਂ  ਪ੍ਰੇਸ਼ਾਨ ਫਾਹਾ ਲੈ ਲਿਆ। ਉਸਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ।
ਮਾਨਸਾ ਜ਼ਿਲੇ ਦੇ  ਪਿੰਡ ਠੂਠਿਆਂਵਾਲੀ ਦੇ 31 ਸਾਲਾ ਮਿੱਟੀ  ਦੇ ਅਣਵਿਆਹੇ ਮਜ਼ਦੂਰ ਪੁੱਤ ਪਾਲੀ ਸਿੰਘ ਨੇ ਖੇਤ ਵਿੱਚ ਜ਼ਹਿਰ ਨਿਗਲ ਕੇ ਜਾਨ ਦੇ ਦਿੱਤੀ। ਪਾਲੀ ਨੇ ਕੁਝ ਜ਼ਮੀਨ ਠੇਕੇ ‘ਤੇ ਲਈ ਹੋਈ ਸੀ, ਉਸ ਦੀਆਂ ਦੋ ਫਸਲਾਂ ਖਰਾਬ ਹੋ ਗਈਆਂ ਸਨ,  ਤਿੰਨ ਲੱਖ ਦਾ ਕਰਜ਼ਾ ਸੀ।
ਹਾਕਮ ਵਾਰੋ ਵਾਰੀ ਗੱਦੀ ਸਾਂਭਦੇ ਨੇ ਤੇ ਕਿਸਾਨੀ ਸੰਕਟ ਲਈ ਇਕ ਦੂਏ ਵੱਲ ਇਲਜ਼ਾਮਾਂ ਵਾਲੀ ਉਂਗਲ ਕਰਦੇ ਰਹਿੰਦੇ ਨੇ, ਸਰਕਾਰੀ ਰਿਪੋਰਟ ਹੀ ਦੱਸਦੀ ਹੈ ਕਿ ਖੁਦਕੁਸ਼ੀ ਕਿਸੇ ਇਕ ਹਾਕਮ ਦੇ ਰਾਜਭਾਗ ਚ ਸ਼ੁਰੂ ਨਹੀਂ ਹੋਈ ਤੇ ਨਾ ਮੁੱਕੀ, ਕਿ ਤੇਰੇ ਮੇਰੇ ਪੰਜਾਬ ਦੇ ਛੇ ਜ਼ਿਲਿਆਂ ਮਾਨਸਾ, ਸੰਗਰੂਰ, ਬਠਿੰਡਾ, ਬਰਨਾਲਾ, ਮੋਗਾ ਅਤੇ ਲੁਧਿਆਣਾ ਵਿੱਚ ਡੇਢ ਦਹਾਕੇ ਵਿੱਚ ਲਗਪਗ 15 ਹਜ਼ਾਰ  ਮਿੱਟੀ ਦੇ ਪੁੱਤ ਖ਼ੁਦਕੁਸ਼ੀ ਕਰ ਗਏ, ਇਨਾਂ ਵਿੱਚ ਵੱਡੀ ਗਿਣਤੀ 15 ਤੋਂ 45 ਸਾਲ ਉਮਰ ਵਰਗ ਦੀ ਹੈ। ਸਾਰੇ ਨਾ ਸਹੀ ਪਰ 83 ਫੀਸਦੀ ਖ਼ੁਦਕੁਸ਼ੀਆਂ ਦਾ ਮੁੱਖ ਕਾਰਨ ਕਰਜ਼ਾ ਹੈ। ਇਹ ਖੁਲਾਸਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਧਾਨ ਸਭਾ ਦੀ ਕਮੇਟੀ ਨਾਲ ਸਾਂਝੀ ਕੀਤੀ ਰਿਪੋਰਟ ਤੋਂ ਹੋਇਆ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਹੋਰਾਂ ਜ਼ਿਲਿਆਂ ਦੇ ਕੀਤੇ ਸਰਵੇ ਦੇ ਅੰਕੜੇ ਜੋੜਨ ਨਾਲ ਖੁਦਕੁਸ਼ੀਆਂ ਦੀ ਗਿਣਤੀ ਦੋ ਹਜ਼ਾਰ ਹੋਰ ਵਧ ਜਾਣ ਦਾ ਡਰਾਉਣਾ ਅਨੁਮਾਨ ਹੈ।
ਜ਼ਿਲਾ ਵਾਰ ਸੰਗਰੂਰ ਵਿੱਚ ਸਾਲ 2000 ਤੋਂ 2015 ਤੱਕ  ਸਭ ਤੋਂ ਜ਼ਿਆਦਾ 2173 ਕਿਸਾਨਾਂ ਅਤੇ 1645 ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ। ਮਾਨਸਾ ਦੂਸਰੇ ਨੰਬਰ ਉੱਤੇ ਹੈ। ਮਾਨਸਾ ਜ਼ਿਲੇ ਵਿੱਚ ਕੁੱਲ 3388 ਖ਼ੁਦਕੁਸ਼ੀਆਂ ਹੋਈਆਂ , ਤੀਸਰੇ ਨੰਬਰ ਉੱਤੇ ਬਠਿੰਡਾ ਹੈ ਜਿਸ ਵਿੱਚ 1728 ਕਿਸਾਨਾਂ ਅਤੇ 1366 ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ। ਬਰਨਾਲਾ ਜ਼ਿਲੇ ਵਿੱਚ 1014  ਕਿਸਾਨਾਂ ਅਤੇ 692 ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ। ਮੋਗਾ ਵਿੱਚ 816 ਕਿਸਾਨ ਅਤੇ 607 ਮਜ਼ਦੂਰ ਖ਼ੁਦਕੁਸ਼ੀ ਕਰ ਗਏ। ਲੁਧਿਆਣਾ ਵਿੱਚ ਕੁੱਲ 1238 ਖ਼ੁਦਕੁਸ਼ੀਆਂ ਹੋਈਆਂ।
ਖੁਦਕੁਸ਼ੀਆਂ ਦੇ ਰੁਝਾਨ ਘਟਾਉਣ ਲਈ ਮਾਹਿਰਾਂ ਨੇ ਦਰਮਿਆਨੇ ਅਤੇ ਛੋਟੇ ਕਿਸਾਨਾਂ ਤੋਂ ਕਰਜ਼ਾ ਵਸੂਲੀ ਇੱਕ ਸਾਲ ਲਈ ਪਿੱਛੇ ਪਾ ਦੇਣ, ਮੌਜੂਦਾ ਕਰਜ਼ੇ ਨੂੰ ਲੰਬੇ ਸਮੇਂ ਵਿੱਚ ਤਬਦੀਲ ਕਰਨ, ਕੁਦਰਤੀ ਜਾਂ ਮਨੁੱਖੀ ਆਫ਼ਤਾਂ ਕਾਰਨ ਹੋਏ ਨੁਕਸਾਨ ਸਮੇਂ ਬਿਨਾਂ ਵਿਆਜ਼ ਕਰਜਾ ਦੇਣ, ਕਰਜ਼ਾ ਅਦਾ ਨਾ ਕੀਤੇ ਜਾ ਸਕਣ ਕਰਕੇ ਜ਼ਮੀਨ ਤੇ ਮਸ਼ੀਨਰੀ ਦੀ ਕੁਰਕੀ ਬੰਦ ਕਰਨ ਦੀ ਸਿਫਾਰਿਸ਼ ਕੀਤੀ ਹੈ।
ਅਜਿਹੀਆਂ ਸਿਫਾਰਸ਼ਾਂ ਵਰਿਆਂ ਤੋਂ ਸੁਣਦੇ ਆ ਰਹੇ ਹਾਂ.. ਪਰ ਅਮਲ ਨਹੀਂ ਹੋਇਆ, ਤੇ ਹੁਣ ਵੀ ਉਮੀਦ ਰੱਖਣੀ ਸਿਆਣਪ ਨਹੀਂ ਹੋਣੀ..
ਸਰਕਾਰਾਂ ਦੀਆਂ ਕਿਸਾਨੀ ਪ੍ਰਤੀ ਬਣਾਈਆਂ ਨੀਤੀਆਂ ਵਿੱਚ ਗੜਬੜੀਆਂ ਵੱਡੇ ਸੰਕਟ ਲਈ ਜਿਮੇਵਾਰ ਨੇ, ਬਿਜਲੀ ਸਬਸਿਡੀ 2 ਕਨਾਲਾਂ ਵਾਲੇ ਨੂੰ ਤਾਂ ਕੋਈ ਫਾਇਦਾ ਨਹੀਂ ਦਿੰਦੀ ਪਰ 200 ਏਕੜ ਵਾਲਾ ਵੀ ਸਬਸਿਡੀ ਲੈ ਰਿਹਾ ਹੈ..
ਕਪਤਾਨ ਸਾਹਿਬ ਨੇ ਲੰਘੇ ਦਿਨ ਕਿਹਾ ਸੀ ਕਿ ਮੈਂ ਆਪਣੇ ਮੰਤਰੀਆਂ, ਵਿਧਾਇਕਾਂ ਨੂੰ ਅਪੀਲ ਕਰਾਂਗਾ ਕਿ ਉਹ ਬਿਜਲੀ ਸਬਸਿਡੀ ਛੱਡ ਦੇਣ..
ਅਪੀਲ ਦੀ ਥਾਂ ਸਵਾਲ ਹੋਣਾ ਚਾਹੀਦਾ ਹੈ ਕਿ ਧਨਾਢਾਂ ਨੂੰ ਕਾਹਦੀ ਸਬਸਿਡੀ??
ਖੈਰ.. ਖਬਰ ਆਈ ਹੈ ਕਿ ਸੁਨੀਲ ਜਾਖੜ ਨੇ ਤੇ ਉਸ ਦੇ ਟੱਬਰ ਨੇ ਹੁਣ 3 ਮੋਟਰਾਂ ਦੀ ਮੁਫਤ ਬਿਜਲੀ ਛੱਡੀ ਹੈ, ਸਖਪਾਲ ਖਹਿਰਾ ਪਹਿਲਾਂ ਹੀ ਛੱਡ ਚੁੱਕੇ ਨੇ।
20 ਸਾਲਾਂ ਤੋਂ ਮੁਫਤ ਬਿਜਲੀ ਦੇਣ ਵਾਲੀਆਂ ਸੂਬਾ ਸਰਕਾਰਾਂ ਸਬਸਿਡੀ ਦਾ ਬੋਝ ਘਟਾਉਣ ਲਈ ਠੋਸ ਪਹਿਲ ਨਹੀਂ ਕਰ ਸਕੀਆਂ, ਪੰਜਾਬ ਦੀ ਵੱਖੀ ਵੱਢ ਕੇ ਵੱਖ ਕੀਤੇ ਹਰਿਆਣਾ ਸੂਬੇ ਨੇ ਇਹ ਬੋਝ ਘਟਾਉਣ ਲਈ ਕਈ ਕਦਮ ਚੁੱਕੇ, ਖੇਤੀ ਮੋਟਰਾਂ ‘ਤੇ ਮੀਟਰ ਲਾਏ ਨੇ, 12 ਪੈਸੇ ਪ੍ਰਤੀ ਯੂਨਟ ਬਿੱਲ ਲਿਆ ਜਾ ਰਿਹਾ ਹੈ, ਹਾਲਾਂਕਿ ਬਿਜਲੀ ਨਿਗਮਾਂ ਨੂੰ 4 ਰੁਪਏ 26 ਪੈਸੇ ਪ੍ਰਤੀ ਯੂਨਿਟ ਪੈਂਦੀ ਹੈ, ਪਰ ਫੇ ਵੀ ਇਕ ਸਾਲ ਵਿੱਚ ਹਰਿਆਣਾ ਸੂਬੇ ਨੇ ਬਿਜਲੀ ਸਬਸਿਡੀ ਬੋਝ 6700 ਕਰੋੜ ਤੋਂ ਇਸ ਸਾਲ ਘਟਾ ਕੇ 4982 ਕਰੋੜ ਰੁਪਏ ਤੱਕ ਲੈ ਆਂਦਾ ਹੈ। ਤੇ ਇਧਰ ਸਾਡੇ ਪੰਜਾਬ ਚ 13 ਲੱਖ 51 ਹਜ਼ਾਰ ਮੋਟਰਾਂ ਬਿਨਾਂ ਮੀਟਰ ਤੋਂ ਚੱਲਦੀਆਂ ਨੇ। ਬਹੁਤੀਆਂ ਪਹੁੰਚ ਵਾਲਿਆਂ ਦੀਆਂ ਨੇ।
ਮਾਹਿਰ ਸਲਾਹ ਦੇ ਰਹੇ ਨੇ ਕਿ ਸਾਰੀ ਮੁਫਤ ਬਿਜਲੀ ਦੇਣ ਦੀ ਥਾਂ ਜ਼ਮੀਨ ਦੀ ਮਾਲਕੀ ਦੇ ਹਿਸਾਬ ਨਾਲ ਕਿਸਾਨਾਂ ਦੇ ਬੈਂਕ ਖਾਤਿਆਂ ਚ ਇਕ ਮੁਸ਼ਤ ਰਕਮ ਸਬਸਿਡੀ ਸਿੱਧੀ ਜਮਾ ਕਰਵਾਉਣੀ ਚਾਹੀਦੀ ਹੈ, ਤਾਂ ਜੋ ਫਰਜ਼ੀਵਾੜਾ ਰੋਕਿਆ ਜਾ ਸਕੇ। ਸਵਾਲ ਉਠ ਰਹੇ ਨੇ ਤਾਂ ਪੰਜਾਬ ਵਾਲੇ ਸਫਾਈ ਦੇ ਰਹੇ ਨੇ ਕਿ ਮੋਟਰਾਂ ‘ਤੇ ਲੱਗੇ ਆਟੋ ਸਟਾਰਟਰ ਹਟਾ ਰਹੇ ਹਾਂ..।