ਇਹ ਮੇਰਾ ਪੰਜਾਬ ਬੇਲੀਓ ਇਹ ਮੇਰਾ ਪੰਜਾਬ..

ਨਸ਼ੇ ਤੇ ਵਿਗੜੀ ਕਾਨੂੰਨ ਵਿਵਸਥਾ ਬਾਰੇ ਵਿਸ਼ੇਸ਼ ਰਿਪੋਰਟ
-ਅਮਨ
.. ਜਨਾਬ ਇਹ ਨਾਗਣੀ ਤਾਂ ਬਾਬਾ ਜ਼ੋਰਾ ਸਿੰਘ ਮਾਣੂਕੇ ਤੇ ਬਾਬਾ ਰਾਮ ਸਿੰਘ ਦੀ ਹੈ .. ਕੱਲ ਹਠੂਰ ਪੁਲਿਸ ਨੇ ਅਮਰਜੀਤ ਸਿੰਘ ਨਾਮ ਦੇ ਸ਼ਖਸ ਨੂੰ ਇਕ ਕਿਲੋ ਅਫੀਮ ਸਣੇ ਕਾਬੂ ਕੀਤਾ ਤਾਂ ਉਸ ਨੇ ਪੁੱਛਗਿੱਛ ਦੌਰਾਨ ਹਠੂਰ ਦੇ ਇਤਿਹਾਸਕ ਧਾਰਮਿਕ ਅਸਥਾਨ ਤੇ ਸੈਕਟਰੀ ਬਾਬਾ ਜ਼ੋਰਾ ਸਿੰਘ ਮਾਣੂਕੇ ਤੇ ਸੇਵਾਦਾਰ ਰਾਮ ਸਿੰਘ ਦਾ ਨਾਮ ਲੈ ਦਿੱਤਾ ਕਿ ਅਫੀਮ ਤਾਂ ਉਹਨਾਂ ਦੀ ਹੈ। ਪਹਿਲਾਂ ਤਾਂ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਬਾਬਿਆਂ ਦਾ ਨਾਮ ਸਾਜ਼ਿਸ਼ ਤਹਿਤ ਲਿਆ ਹੈ, ਪਰ ਜਦ ਪੁਲਿਸ ਨੇ ਰੇਡ ਕੀਤੀ ਤਾਂ ਬਾਬੇ ਭੱਜ ਚੁੱਕੇ ਸਨ, ਪੁਲਿਸ ਨੇ ਦੋਵਾਂ ਬਾਬਿਆਂ ਦਾ ਨਾਮ ਵੀ ਰਿਪੋਰਟ ਚ ਦਰਜ ਕਰ ਲਿਆ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਬਾਬੇ ਹਰ 15 ਦਿਨਾਂ ਬਾਅਦ ਇਕ ਕਿਲੋ ਅਫੀਮ ਉਸ ਤੋਂ ਮੰਗਵਾਉਂਦੇ ਸਨ, ਕੁਝ ਵੇਚੀ ਜਾਂਦੀ ਸੀ, ਕੁਝ ਵਰਤਾਈ ਜਾਂਦੀ ਸੀ।
ਪੁਲਿਸ ਜਾਂਚ ਕਰ ਰਹੀ ਹੈ।
**
ਬਠਿੰਡਾ ਪੁਲਿਸ ਨੇ ਭੈਣੀ ਪਿੰਡ ਦੇ ਜਸਪਾਲ ਸਿੰਘ ਨੂੰ ਹੈਰੋਇਨ ਨਾਲ ਕਾਬੂ ਕੀਤਾ, ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਡੇਅਰੀ ਦਾ ਕੰਮ ਕਰਦਾ ਸੀ, ਪਰ ਹੈਰੋਇਨ ਦਾ ਐਸਾ ਨਸ਼ਾ ਲੱਗਿਆ ਕਿ ਨਸ਼ੇ ਦੀ ਪੂਰਤੀ ਲਈ ਘਰ ਦਾ ਸਮਾਨ ਵੇਚਣ ਮਗਰੋਂ ਨਸ਼ਾ ਵੀ ਵੇਚਣ ਲੱਗਿਆ। ਉਹ ਦਿੱਲੀਓਂ ਹੈਰੋਇਨ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ।
**
ਨਸ਼ੇ ਨੇ ਪੰਜਾਬ ਦੀਆਂ ਤ੍ਰੀਮਤਾਂ ਦਾ ਅਕਸ ਵੀ ਧੁੰਦਲਾ ਕਰਕੇ ਰੱਖ ਦਿੱਤਾ ਹੈ।
ਫਾਜ਼ਿਲਕਾ ਦਾ ਪਿੰਡ ਸੁਖੇਰਾ ਬੋਦਲਾ ਹੁਣ ਪੰਜਾਬ ਦੇ ਕੌੜੇ ਸੱਚ ਨੂੰ ਦੱਸਣ ਲਈ ਕਾਫ਼ੀ ਹੈ। ਜਿਸ ਦੀਆਂ 34  ਔਰਤਾਂ ‘ਤੇ ਨਸ਼ਾ ਤਸਕਰੀ ਦੇ ਕੇਸ ਦਰਜ ਹੋਏ ਹਨ। ਮੁਕਤਸਰ ਦਾ ਪਿੰਡ ਝੋਰੜ ਕਦੇ ਨਰਮੇ ਦੀ ਦੇਸੀ ਕਿਸਮ ‘ਝੋਰੜ’ ਵਜੋਂ ਮਸ਼ਹੂਰ ਸੀ। ਪਰ ਹੁਣ ਕੁਝ ਔਰਤਾਂ ਨੇ ਪਿੰਡ ਝੋਰੜ ਨੂੰ ਸ਼ਰਮਸਾਰ ਕਰ ਦਿੱਤਾ ਹੈ। ਲੰਘੇ ਦਹਾਕੇ ਚ ਝੋਰੜ ਦੇ ਵਸਨੀਕਾਂ ਤੇ ਤਸਕਰੀ ਦੇ 24 ਕੇਸ ਦਰਜ ਹੋਏ ਹਨ, ਜਿਨਾਂ ਚੋਂ 13 ਔਰਤਾਂ ਨੇ। ਰਾਣੀ ਨਾਂ ਦੀ ਔਰਤ ਤੇ ਪੰਜ ਕੇਸ ਦਰਜ ਹੋਏ ਹਨ।
ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਦੋਨਾ ਖੁਰਦ ਦੀਆਂ ਔਰਤਾਂ ‘ਤੇ ਤਸਕਰੀ ਦੇ 65 ਕੇਸ ਦਰਜ ਹੋਏ ਹਨ।
ਫਿਰੋਜ਼ਪੁਰ ਦੇ ਪਿੰਡ ਖਿਲਚੀਆਂ ਕਦੀਮ ਦੀ ਛਿੰਦੋ ‘ਤੇ ਐਕਸਾਈਜ਼ ਐਕਟ ਤਹਿਤ 9 ਕੇਸ ਦਰਜ ਹੋਏ ਹਨ।
ਮੋਗਾ ਜ਼ਿਲੇ ਦਾ ਪਿੰਡ ਦੌਲੇਵਾਲਾ ਤਾਂ ਤਸਕਰਾਂ ਦੀ ਰਾਜਧਾਨੀ ਹੈ। ਇਸ ਪਿੰਡ ਦੇ 75 ਫ਼ੀਸਦ ਘਰ ਤਸਕਰੀ ਕਰਦੇ ਹਨ। ਇਸ ਪਿੰਡ ਦੀਆਂ ਔਰਤਾਂ ‘ਤੇ 80 ਕੇਸ ਦਰਜ ਹਨ ।
ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਛਾਂਗਾ ਖੁਰਦ ਚ ਚਾਰ ਔਰਤਾਂ ‘ਤੇ 10 ਕੇਸ ਨਸ਼ੇ ਦੇ ਦਰਜ ਹੋਏ ਹਨ।
ਬਠਿੰਡਾ ਦੇ ਥਾਣਾ ਸੰਗਤ ਚ 26 ਅਤੇ ਥਾਣਾ ਸਦਰ ਚ 16 ਕੇਸ ਔਰਤਾਂ ‘ਤੇ ਨਸ਼ੇ ਦੇ ਦਰਜ ਹੋਏ ਹਨ।
ਤਸਕਰੀ ਚ ਸ਼ਾਮਲ ਅੰਦਾਜ਼ਨ 20 ਫ਼ੀਸਦ ਔਰਤਾਂ ਵਿਧਵਾ ਨੇ ਅਤੇ 30 ਫ਼ੀਸਦੀ ਔਰਤਾਂ ਦੇ ਪਤੀ ਵੀ ਤਸਕਰੀ ਦੇ ਧੰਦੇ ਵਿੱਚ ਹਨ।
ਇਕੱਲੇ ਮੁਕਤਸਰ ਜ਼ਿਲੇ ਚ ਲੰਘੇ ਦਹਾਕੇ ਦੌਰਾਨ ਔਰਤਾਂ ‘ਤੇ ਤਸਕਰੀ ਦੇ 160 ਕੇਸ ਦਰਜ ਹੋਏ ਹਨ ਜਦੋਂ ਕਿ ਫਿਰੋਜ਼ਪੁਰ ਚ ਔਰਤਾਂ ‘ਤੇ ਕਰੀਬ 200 ਕੇਸ ਦਰਜ ਹੋਏ ਹਨ। ਦੋਆਬੇ ਚੋਂ ਜਲੰਧਰ (ਦਿਹਾਤੀ) ਤੇ ਸ਼ਹੀਦ ਭਗਤ ਸਿੰਘ ਨਗਰ ਅੱਗੇ ਹਨ, ਜਿਥੇ ਔਰਤਾਂ ‘ਤੇ ਤਸਕਰੀ ਦੇ 500 ਕੇਸ ਨੇ। ਬਠਿੰਡਾ ਜ਼ਿਲੇ ਚ ਔਰਤਾਂ ‘ਤੇ ਤਸਕਰੀ ਦੇ ਸਵਾ ਸੌ ਕੇਸ ਦਰਜ ਨੇ। ਬਰਨਾਲਾ ਜ਼ਿਲੇ ਚ ਗਿਣਤੀ 100 ਤੋਂ ਉਪਰ ਹੈ। ਦੋਆਬੇ ਵਿੱਚ ਸੈਂਸੀ ਭਾਈਚਾਰੇ ਅਤੇ ਮਾਲਵੇ ਚ ਦਲਿਤ ਵਰਗ ਦੀਆਂ ਔਰਤਾਂ ‘ਤਸਕਰੀ’ ਕਰਨ ਲਈ ਮਜਬੂਰ ਹੋਈਆਂ ਹਨ।
ਇਹ ਅੰਕੜੇ ਸੁਣ ਕੇ ਪੜ ਕੇ ਜਾਗਦੀਆਂ ਜਮੀਰਾਂ ਵਾਲੇ ਭਾਵੇਂ ਬੇਚੈਨ ਹੋ ਜਾਣ, ਪਰ ਪੁਲਿਸ ਜੀ ਕਹਿੰਦੀ ਫਿਕਰ ਵਾਲੀ ਵੱਡੀ ਗੱਲ ਨਹੀਂ..
ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਔਰਤਾਂ ਚ ਤਸਕਰੀ ਦਾ ਰੁਝਾਨ ਬਹੁਤ ਹੀ ਘੱਟ ਹੈ। ਔਰਤ ਤਸਕਰਾਂ ਦੀ ਗਿਣਤੀ ਨਾਂ-ਮਾਤਰ ਹੈ। ਉਹੀ ਔਰਤਾਂ ਇਸ ਪਾਸੇ ਆਈਆਂ ਹਨ, ਜਿਨਾਂ ਦੇ ਪਤੀ ਪਹਿਲਾਂ ਹੀ ਇਸ ਧੰਦੇ ਵਿੱਚ ਸਨ। ਉਨਾਂ ਕਿਹਾ ਕਿ ਪਿੰਡ ਦੌਲੇਵਾਲਾ ਚ ਔਰਤਾਂ ਦੀ ਸ਼ਮੂਲੀਅਤ ਵੱਡੀ ਹੈ ਉਥੇ ਪੁਲੀਸ ਚੌਕੀ ਸਥਾਪਤ ਕੀਤੀ ਗਈ ਹੈ।ਵੈਸੇ ਫਿਕਰ ਵਾਲੀ ਗੱਲ ਨਹੀਂ।
*
ਤੇ ਫਿਕਰ ਵਾਲੀ ਗੱਲ ਤਾਂ ਇਹ ਵੀ ਨਹੀਂ ਕਿ ਪੰਜਾਬ ਵਿੱਚ ਗੁੰਡਾ ਗਿਰੋਹਾਂ ਦਾ ਰਾਜ ਹੈ.. ਚੋਰ ਉਚੱਕੇ ਪ੍ਰਧਾਨ ਨੇ..
ਮÎੋਹਾਲੀ ਵਿੱਚ ਬਿਲਡਿੰਗ ਮਟੀਰੀਅਲ ਦਾ ਕੰਮ ਕਰਦੇ ਵਪਾਰੀ ਅਨੁਰਾਗ ਕੁਮਾਰ ਨੂੰ ਵੀਰਵਾਰ ਦੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਮਾਰਕੀਟ ਵਿਚੋਂ ਕੁਝ ਅਣਪਛਾਤਿਆਂ ਨੇ ਅਵਗਾ ਕੀਤਾ, ਕੁਝ ਸੁੰਘਾਅ ਕੇ ਬੇਹੋਸ਼ ਕੀਤਾ, ਤੇ ਚਾਰ ਘੰਟੇ ਉਸ ਦੀ ਕਾਰ ਵਿੱਚ ਹੀ ਸ਼ਹਿਰ ਵਿੱਚ ਘੁੰਮਾਉਂਦੇ ਰਹੇ, ਜਦ ਹੋਸ਼ ਆਈ ਤਾਂ ਸਾਢੇ ਬਾਰਾਂ ਵਜੇ ਦੇ ਕਰੀਬ ਝਾੜੀਆਂ ਵਿੱਚ ਡਿੱਗੇ ਪਏ ਸਨ, ਨਾ ਕਾਰ, ਨਾ ਫੋਨ, ਨਾ ਪਰਸ ਕੁਝ ਵੀ ਕੋਲ ਨਹੀਂ ਸੀ, ਹਾਈਵੇਅ ‘ਤੇ ਕਾਲਜ ਦੇ ਕੁਝ ਵਿਦਿਆਰਥੀ ਘੁੰਮਦੇ ਮਿਲੇ ਤਾਂ ਉਹਨਾਂ ਦਾ ਫੋਨ ਲੈ ਕੇ ਪਰਿਵਾਰ ਨੂੰ ਜਾਣਕਾਰੀ ਦਿੱਤੀ, ਮਾਮਲਾ ਪੁਲਿਸ ਕੋਲ ਹੈ, ਪੁਲਿਸ ਕਹਿੰਦੀ ਜਾਂਚ ਕਰ ਰਹੇ ਹਾਂ।