ਜੇ ਨੌਕਰੀ ਦੁਬਾਰਾ ਨਾ ਦਿੱਤੀ ਤਾਂ ਸਿੱਖ ਧਰਮ ਛੱਡ ਦਿਆਂਗੇ..

-ਪੰਜਾਬੀਲੋਕ ਬਿਊਰੋ
ਇਹ ਧਮਕੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਦੁਆਰਾ ਗੁਰੂਸਰ ਮਾਧੋਕੇ ਬਰਾੜ ਦੇ 15 ਕਰਮਚਾਰੀਆਂ ਨੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਚਿੱਠੀ ਜ਼ਰੀਏ ਦਿੱਤੀ ਹੈ, ਇਨਾਂ ਵਿੱਚੋਂ ਕੁਝ ਸੇਵਾਦਾਰ ਹਨ ਅਤੇ ਕੁਝ ਸਹਾਇਕ। ਇੱਕ ਕਲਰਕ ਵੀ ਹੈ। ਇਹਨਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਨੇ ਉਨਾਂ ਨੂੰ ਨੌਕਰੀ ਤੋਂ ਬਿਨਾ ਕਿਸੇ ਕਾਰਨ ਫ਼ਾਰਗ ਕਰ ਦਿੱਤਾ, ਸਾਰੇ ਅੰਮ੍ਰਿਤਧਾਰੀ ਹਨ ਅਤੇ ਅਜਨਾਲਾ ਤਹਿਸੀਲ ਦੇ ਗੁਰਦੁਆਰਾ ਗੁਰੂਸਰ ਮਾਧੋਕੇ ਬਰਾੜ ਵਿੱਚ ਕੰਮ ਕਰ ਰਹੇ ਸਨ। ਇਹ ਗੁਰਦੁਆਰਾ 10 ਅਗਸਤ 2017 ਨੂੰ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਆ ਗਿਆ ਸੀ। ਇਸ ਕਾਰਵਾਈ ਤੋਂ ਬਾਅਦ ਉਨਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। ਉਨਾਂ ਦੋਸ਼ ਲਾਇਆ ਕਿ ਨੌਕਰੀ ਕਾਇਮ ਰੱਖਣ ਲਈ 50-50 ਹਜ਼ਾਰ ਰੁਪਏ ਰਿਸ਼ਵਤ ਮੰਗੀ ਗਈ, 10 ਅਗਸਤ ਤੋਂ ਤਨਖਾਹਾਂ ਵੀ ਨਹੀਂ ਮਿਲੀਆਂ । ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਉਨਾਂ ਨੂੰ ਨਿਆਂ ਨਾ ਮਿਲਿਆ ਤਾਂ ਉਹ ਧਰਮ ਬਦਲਣ ਲਈ ਮਜਬੂਰ ਹੋਣਗੇ ਅਤੇ 27 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਆਪਣੇ ਕਕਾਰ ਰੱਖ ਕੇ ਖਿਮਾ ਯਾਚਨਾ ਕਰਨਗੇ। 28 ਨਵੰਬਰ ਨੂੰ ਉਹ ਕਿਸੇ ਹੋਰ ਧਰਮ ਵਿੱਚ ਸ਼ਾਮਲ ਹੋ ਜਾਣਗੇ।
ਓਧਰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਨੇ ਕਿਹਾ ਹੈ ਕਿ  ਬੇਲੋੜੀ ਭਰਤੀ ਨਾਲ ਗੁਰਦੁਆਰੇ ‘ਤੇ ਵਾਧੂ ਵਿੱਤੀ ਬੋਝ ਪਿਆ ਆਮਦਨ ਦੋ ਲੱਖ ਰੁਪਏ ਹੈ ਜਦੋਂਕਿ ਕਰਮਚਾਰੀਆਂ ਦੀਆਂ ਤਨਖਾਹਾਂ ਲਗਭਗ ਸਾਢੇ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਹਨ। ਤਾਂ ਕਰਕੇ ਫਾਰਗ ਕੀਤੇ ਨੇ।