ਪੰਜਾਬ ਸਟੇਟ ਖੇਡਾਂ ਓਵਰ ਆਲ ਟਰਾਫ਼ੀ ਰਹੀ ਪਟਿਆਲਾ ਦੇ ਨਾਮ

-ਪੰਜਾਬੀਲੋਕ ਬਿਊਰੋ
ਪੰਜਾਬ ਰਾਜ ਖੇਡਾਂ (ਅੰਡਰ 17 ਸਾਲ) ਫਿਰ ਮਿਲਣ ਦੇ ਵਾਅਦੇ ਨਾਲ ਪੂਰੀ ਸ਼ਾਨੋ ਸ਼ੌਕਤ ਨਾਲ ਸੰਪਨ ਹੋਈਆਂ।  ਜ਼ਿਲਾ ਜਲੰਧਰ ਵਿੱਚ ਸੁਰੂ ਹੋਈਆਂ ਤਿੰਨ ਰੋਜਾ ਪੰਜਾਬ ਸਟੇਟ ਖੇਡਾਂ ਜਿਸ 2400 ਖਿਡਾਰੀਆਂ ਨੇ ਅਥਲੈਟਿਕ,ਬਾਸਕਬਾਲ,ਫੁੱਟਬਾਲ, ਹਾਕੀ,ਹੈਂਡਬਾਲ,ਜੁਡੂ,ਕਬੱਡੀ, ਵਾਲੀਬਾਲ,ਵੇਟ ਲਿਫਟਿੰਗ ਅਤੇ ਰੈਸਲਿੰਗ ਵਿੱਚ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਨਾਂ ਖੇਡਾਂ ਦੌਰਾਨ ਉਭਰਦੇ ਹੋਏ ਖਿਡਾਰੀਆਂ ਨੇ ਆਪਣੀ ਆਪਣੀ ਖੇਡ ਵਿੱਚ ਅਮਿੱਟ ਛਾਪ ਛੱਡੀ ਗਈ। ਇਸ ਤਿੰਨ ਰੋਜ਼ਾ ਖੇਡ ਮੇਲੇ ‘ਚ ਖਿਡਾਰੀਆਂ ਨੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਨੌਜਵਾਨਾ ਨੂੰ ਖੇਡ ਦੇ ਖੇਤਰ ਵਿੱਚ ਸੂਬੇ ਅਤੇ ਦੇਸ਼ ਨੂੰ ਅੱਗੇ ਲਿਜਾਣ ਦਾ ਕੰਮ ਕੀਤਾ। ਵਧੀਕ ਡਿਪਟੀ ਕਮਿਸ਼ਨਰ ਜਲੰਧਰ ਡਾ.ਭੁਪਿੰਦਰਪਾਲ ਸਿੰਘ ਵਲੋਂ ਅੱਜ ਖੇਡਾਂ ਦੇ ਸਮਾਪਤੀ ਸਬੰਧੀ ਸੁਰਜੀਤ ਹਾਕੀ ਸਟੇਡੀਅਮ ਵਿਖੇ ਇਕ ਸ਼ਾਨਦਾਰ ਸਮਾਗਮ ਦੌਰਾਨ ਜੇਤੂ ਟੀਮਾਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੇਵੀ ਸਹਾਏ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸਰੋਤਿਆਂ ਨੂੰ ਮਸ਼ਹੂਰ ਪੰਜਾਬੀ ਲੋਕ ਗੀਤਾਂ ਨਾਲ ਮੰਤਰ ਮੁਗਧ ਕੀਤਾ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੇ ਖੇਡ ਮੇਲੇ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖੇਡਾਂ ਲਈ ਤਿਆਰ ਕਰਨ ਦਾ ਬਿਹਤਰੀਨ ਮੰਚ ਹੁੰਦਾ ਹੈ। ਉਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਹਨ ਕਿ ਜਦੋਂ ਇਹ ਖਿਡਾਰੀ ਅੰਤਰ ਰਾਸ਼ਟਰੀ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਲਈ ਮੈਡਲ ਜਿੱਤਣਗੇ। ਡਾ.ਭੁਪਿੰਦਰਪਾਲ ਸਿੰਘ ਨੇ ਆਸ਼ਾ ਪ੍ਰਗਟ ਕੀਤੀ ਕਿ ਅਜਿਹੇ ਟੂਰਨਾਮੈਂਟ ਭਵਿੱਖ ਵਿੱਚ ਅੰਤਰ ਰਾਸ਼ਟਰੀ ਖਿਡਾਰੀ ਪੈਦਾ ਕਰਨ ਵਿੱਚ ਅਹਿਮ ਰੋਲ ਅਦਾ ਨਿਭਾਉਣਗੇ।  ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਹ ਸਮੇਂ ਦੀ ਜਰੂਰਤ ਹੈ ਕਿ ਇਸ ਤਰਾਂ ਦੇ ਖੇਡ ਟੂਰਨਾਮੈਂਟ ਜ਼ਿਆਦਾ ਤੋਂ ਜ਼ਿਆਦਾ ਕਰਵਾਏ ਜਾਣ ਤਾਂ ਜੋ ਸੂਬੇ ਨੂੰ ਨਸ਼ਾ ਰਹਿਤ ਬਣਾਇਆ ਜਾ ਸਕੇ। ਉਨਾਂ ਨੇ ਖੇਡ ਵਿਭਾਗ ਨੂੰ ਇਸ ਤਰਾਂ ਦੇ ਵੱਡੇ ਖੇਡ ਮੇਲੇ ਸਫ਼ਲਤਾ ਪੂਰਵਕ ਕਰਵਾਉਣ ਲਈ ਵਧਾਈ ਦਿੱਤੀ। ਇਸ ਤੋਂ ਪਹਿਲਾਂ ਸਹਾਇਕ ਡਾਇਰੈਕਟਰ ਖੇਡ ਵਿਭਾਗ ਸ੍ਰ.ਕਰਤਾਰ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰ ਸ਼ਖਸੀਅਤਾਂ ਦਾ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਖੇਡ ਅਫ਼ਸਰ ਸ੍ਰੀ ਵਿਜੈ ਕੁਮਾਰ, ਜ਼ਿਲਾ ਗਾਈਡੈਂਸ ਕਾਊਂਸਲਰ ਸ੍ਰੀ ਸੁਰਜੀਤ ਲਾਲ, ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਕੈਪਟਨ ਆਈ.ਐਸ.ਧਾਮੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਬਰਲਟਨ ਪਾਰਕ ਵਿਖੇ ਪੰਜਾਬ ਰਾਜ ਖੇਡਾਂ ਲੜਕੇ 17 ਸਾਲ ਉਮਰ ਵਰਗ ਤੋਂ ਘੱਟ ਦੇ ਆਖਰੀ ਦਿਨ ਪਟਿਆਲਾ ਨੇ 24 ਅੰਕ ਪ੍ਰਾਪਤ ਕਰਕੇ ਓਵਰਆਲ ਟ੍ਰਾਫੀ ਤੇ ਕਬਜਾ ਕੀਤਾ, ਲੁਧਿਆਣਾ ਦਾ ਦੁਜਾ ਸਥਾਨ ਰਿਹਾ ਜਿਸ ਨੇ 14 ਅੰਕ ਪ੍ਰਾਪਤ ਕੀਤਾ ਜਦ ਕਿ ਅੰਮ੍ਰਿਤਸਰ ਨੇ 13 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਮੋਕੇ ਤੇ ਸ. ਭੁਪਿੰਦਰਪਾਲ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੁੱਖ ਮਹਿਮਾਨ ਸਨ ਅਤੇ ਉਹਨਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ । ਸ਼ਾਟਪੁਟ ਵਿੱਚ ਜਲੰਧਰ ਦੇ ਧਨਵੀਰ ਸਿੰਘ ਨੇ 17.51 ਮੀਟਰ ਗੋਲਾ ਸਿੱਟ ਕੇ ਸੋਨੇ ਦਾ ਤਮਗਾ ਜਿਤਿਆ| ਮੋਗਾ ਦੇ ਕਰਮਵੀਰ ਸਿੰਘ ਨੇ 17.23 ਮੀਟਰ ਨਾਲ ਚਾਂਦੀ ਦਾ ਜਦ ਕਿ ਜਲੰਧਰ ਦੇ ਹੀ ਜਸਕਰਨ ਸਿੰਘ ਨੇ 16.54 ਮੀਟਰ ਨਾਲ ਕਾਂਸੇ ਦਾ ਤਮਗਾ ਜਿਤਿਆ 400 % 100 ਮੀਟਰ ਰਿਲੇਹ ਵਿੱਚ ਕਪੂਰਥਲਾ ਨੇ 45.95 ਸੈਕਿੰਡ ਵਿੱਚ ਸੋਨੇ ਦੇ, ਮੋਹਾਲੀ ਨੇ 46.22 ਸੈਕਿੰਡ ਵਿੱਚ ਚਾਂਦੀ ਦਾ ਅਤੇ ਮੋਗਾ ਨੇ 46.45 ਸੈਕਿੰਡ ਵਿੱਚ ਕਾਂਸੇ ਦਾ ਤਮਗਾ ਜਿਤਿਆ । ਬਾਸਕਟਬਾਲ ਦੇ ਫਾਈਨਲ ਮੈਚ ਵਿੱਚ ਲੁਧਿਆਣਾ ਨੇ ਪਟਿਆਲਾ ਨੂੰ 50-46 ਅੰਕਾਂ ਨਾਲ ਹਰਾ ਕਿ ਸੋਨੇ ਦਾ ਜਦ ਕਿ ਬਠਿੰਡਾ ਨੇ ਹੁਸ਼ਿਆਰਪੁਰ ਨੂੰ 76-60 ਅੰਕਾਂ ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿਤਿਆ ।  ਕੁਸ਼ਤੀ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ ਓਵਰਆਲ ਟੀਮ ਚੈਂਪੀਅਨਸ਼ਿਪ ਵਿੱਚ 10 ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ, ਤਰਨਤਾਰਨ ਨੇ ਦੂਜਾ ਅਤੇ ਫਰੀਦਕੋਟ ਨੇ 8 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ।   ਕਬੱਡੀ ਮੁਕਾਬਲਿਆਂ ਵਿੱਚ ਗੁਰਦਾਸਪੁਰ ਨੇ ਫਾਜਿਲਕਾ ਨੂੰ ਕੜੇ ਮੁਕਾਬਲੇ ਵਿੱਜ 40-33 ਹਰਾ ਕੇ ਸੋਨੇ ਦਾ ਤਮਗਾ ਜਿਤਿਆ ਅਤੇ ਰੂਪਨਗਰ ਤੇ ਫਤਿਹਗੜ ਸਾਹਿਬ  ਨੇ ਸਾਂਝੇ ਤੋਰੇ ਕਾਂਸੇ ਦਾ ਤਮਗਾ ਜਿਤਿਆ ।   ਜੂਡੋ ਪਟਿਆਲਾ ਨੇ 14 ਅੰਕ ਲੈਕੇ ਸੋਨੇ ਦਾ, ਲੁਧਿਆਣਾ ਨੇ 10 ਅੰਕਾਂ ਨੇ ਚਾਂਦੀ ਦਾ ਅਤੇ ਗੁਰਦਾਸਪੁਰ ਨੇ 8 ਅੰਕ ਪ੍ਰਾਪਤ ਕਰਕੇ ਕਾਂਸੇ ਦਾ ਤਮਗਾ ਜਿਤਿਆ । ਫੁਟਬਾਲ ਦੇ ਉਤਸ਼ਾਹ ਭਰੇ ਫਾਈਨਲ ਮੁਕਾਬਲੇ ਵਿਚ ਪਟਿਆਲਾ ਨੇ ਕਪੂਰਥਲਾ ਨੂੰ 5-4 ਟਾਈ ਬ੍ਰੇਕਰ ਨਾਲ ਹਰਾ ਕੇ ਸੋਨੇ ਦਾ ਜਦ ਕਿ ਗੁਰਦਾਸਪੁਰ ਨੇ ਜਲੰਧਰ ਨੂੰ 4-3 ਟਾਈ ਬ੍ਰੇਕਰ ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿਤਿਆ ।  ਹਾਕੀ ਦੇ ਫਾਈਨਲ ਦੇ ਸਖੱਤ ਮੁਕਾਬਲੇ ਵਿੱਚ ਪਟਿਆਲਾ ਨੇ ਅੰਮ੍ਰਿਤਸਰ ਨੂੰ 1-0 ਨਾਲ ਅਤੇ ਗੁਰਦਾਸਪੁਰ ਨੇ ਫਤਿਹਗੜ ਸਾਹਿਬ ਨੂੰ 4-0 ਹਰਾ ਕੇ ਕਾਂਸੇ ਦਾ ਤਮਗਾ ਜਿਤਿਆ।   ਹੈਂਡਬਾਲ ਦੇ ਫਾਇਨਲ ਮੁਕਾਬਲੇ ਵਿਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ 23-19 ਨਾਲ ਹਰਾ ਕੇ ਸੋਨੇ ਦਾ ਤਮਗਾ ਜਿਤਿਆ ਅਤੇ ਫਰੀਦਕੋਟ ਨੇ ਮੇਜੁਬਾਨ ਜਲੰਧਰ ਨੂੰ 25-24 ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿਤਿਆ । ਵਾਲੀਬਾਲ ਦੇ ਦਿਲਖਿਚਵੇਂ ਮੁਕਾਬਲੇ ਵਿੱਚ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 3-0 ਨਾਲ ਹਰਾ ਕੇ ਸੋਨੇ ਦਾ ਤਮਗਾ ਜਿਤਿਆ ਅਤੇ ਪਟਿਆਲਾ ਨੇ ਜਲੰਧਰ ਨੂੰ 3-0 ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿਤਿਆ । ਵੇਟਲਿਫਟਿੰਗ ਦੇ ਟੀਮ ਚੈਮਪੀਅਨਸ਼ਿਪ ਵਿੱਚ ਪਟਿਆਲਾ ਨੇ 13 ਅੰਕ ਪ੍ਰਾਪਤ ਕਰਕੇ ਸੋਨੇ ਦਾ ਤਮਗਾ ਜਿਤਿਆ,  ਲੁਧਿਆਣਾ ਨੇ 9 ਅੰਕਾਂ ਨਾਲ ਚਾਂਦੀ ਦਾ ਅਤੇ ਬਠਿੰਡਾ ਨੇ 8 ਅੰਕਾਂ ਨਾਲ ਕਾਂਸੇ ਦਾ ਤਮਗਾ ਜਿਤਿਆ ।  ਬੈਸਟ ਮਾਰਚ ਪਾਸਟ ਦੀ ਟ੍ਰਾਫੀ ਸੰਗਰੂਰ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਹਾਸਿਲ ਕੀਤੀ ।