ਜਦ ‘ਮ੍ਰਿਤਕ ਪੈਨਸ਼ਨਰ ਬੇਬੇ’ ਲੋਕਪਾਲ ਦੇ ਦਰ ‘ਤੇ ਜਾ ਪੁੱਜੀ..

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਸਰਕਾਰੀ ਸਕੀਮਾਂ ਦਾ ਲਾਭ ਹਾਕਮੀ ਧਿਰਾਂ ਦੇ ਕਰੀਬੀਆਂ ਨੂੰ ਮਿਲਣ ਦੇ ਦੋਸ਼ ਲੱਗਦੇ ਰਹਿੰਦੇ ਨੇ, ਜਦ ਹਾਕਮ ਬਦਲਦੇ ਨੇ ਤਾਂ ਲਾਭਪਾਤਰੀਆਂ ਦੀ ਛਾਂਗਾਛਾਂਗੀ ਸ਼ੁਰੂ ਹੋ ਜਾਂਦੀ ਹੈ, ਇਸ ਵਿੱਚ ਕਈ ਬੇਕਸੂਰ ਵੀ ਰਗੜੇ ਜਾਂਦੇ ਨੇ।
ਗੁਰਦਾਸੁਪਰ ਜ਼ਿਲੇ ਦੇ ਪਿੰਡ ਬਖਤਪੁਰਾ ਦੀ 80 ਸਾਲਾ ਮਾਤਾ ਪ੍ਰੀਤਮ ਕੌਰ ਦੀ ਪੈਨਸ਼ਨ ਪਿੰਡ ਦੇ ਸਰਪੰਚ ਨੇ ਬੰਦ ਕਰ ਦਿੱਤੀ, ਕਿਉਂਕਿ ਸਰਕਾਰੀ ਰਿਕਾਰਡ ਵਿੱਚ ਉਹ ਮ੍ਰਿਤਕ ਦੇ ਤੌਰ ਤੇ ਦਰਜ ਹੈ।  ਮਾਤਾ ਨੇ ਗੁਰਦਾਸਪੁਰ ਦੇ ਪੈਨਸ਼ਨ ਅਫਸਰ ਤੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਆਪਣੇ ਕਾਗਜ਼ਾਤ ਵੀ ਜਮਾ ਕਰਵਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਹੁਣ ਉਸ ਨੇ ਆਪਣੇ ਨਾਲ ਹੋਈ ਧੱਕੇਸ਼ਾਹੀ ਦੇ ਖਿਲਾਫ ਪੰਜਾਬ ਦੇ ਲੋਕਪਾਲ ਕੋਲ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਹੈ ਤੇ ਕਿਹਾ ਹੈ ਕਿ ਪਿੰਡ ਵਿੱਚੋਂ ਪੜਤਾਲ ਕਰਵਾ ਲਈ ਜਾਵੇ ਕਿ ਪ੍ਰੀਤਮ ਕੌਰ ਜਿਉਂਦੀ ਹੈ ਕਿ ਮਰ ਗਈ, ਫੇਰ ਉਸ ਦੀ ਪੈਨਸ਼ਨ ਬਾਰੇ ਫੈਸਲਾ ਲਿਆ ਜਾਵੇ। ਲੋਕਪਾਲ ਸਤੀਸ਼ ਕੁਮਾਰ ਮਿਤੱਲ ਨੇ ਗੁਰਦਾਸਪੁਰ ਦੇ ਡੀ. ਸੀ. ਤੇ ਬੀ. ਡੀ. ਪੀ. ਵਿਭਾਗ ਨੂੰ ਪੂਰੇ ਮਾਮਲੇ ਸੰਬੰਧੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।