ਭਾਜਪਾ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ

-ਪੰਜਾਬੀਲੋਕ ਬਿਊਰੋ
ਅਕਾਲੀ ਦਲ ਤੋਂ ਬਾਅਦ ਭਾਈਵਾਲ ਪਾਰਟੀ ਬੀਜੇਪੀ ਵੀ ਕਾਂਗਰਸ ਸਰਕਾਰ ਖਿਲਾਫ ਸਰਗਰਮ ਹੋ ਗਈ ਹੈ। ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦਾ 8ਵਾਂ ਮਹੀਨਾ ਵੀ ਉਮੀਦ ਤੋੜਨ ਵਾਲਾ ਤੇ ਨਿਰਾਸ਼ਾਜਨਕ ਰਿਹਾ ਹੈ। ਭਾਜਪਾ ਨੇ ਪੰਜਾਬ ਸਰਕਾਰ ਦੇ 8ਵੇਂ ਮਹੀਨੇ ਦੀ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ। ਉਨਾਂ ਕਿਹਾ ਕਿ ਪੰਜਾਬ ਵਿੱਚ ਤਿੰਨ ਮਹਿਕਮੇ ਲੋਕਲ ਬਾਡੀਜ਼, ਸਿਹਤ ਤੇ ਸਿੱਖਿਆ ਵਿਭਾਗ ਅਜਿਹੇ ਹਨ, ਜਿਨਾਂ ਦੀ ਕਾਰਗੁਜਾਰੀ 8ਵੇਂ ਮਹੀਨੇ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨਾਂ ਕਿਹਾ ਕਿ ਡੇਂਗੂ ਜਿਸ ਨੂੰ ਰੋਕਣ ਲਈ ਸ਼ਹਿਰਾਂ ਦੀ ਸਫਾਈ ਰੱਖਣਾ ਤੇ ਮੱਛਰਾਂ ਨੂੰ ਮਾਰਨ ਲਈ ਫੋਗਿੰਗ ਕਰਨਾ ਜਰੂਰੀ ਹੁੰਦਾ ਹੈ, ਉਸ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਯਕੀਨੀ ਨਹੀਂ ਬਣਾ ਪਾਏ। ਉਨਾਂ ਕਿਹਾ ਕਿ ਅੱਧਾ ਸੈਸ਼ਨ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ ਰਹੇ 8 ਲੱਖ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਨਹੀਂ ਮਿਲੀਆਂ। 18 ਲੱਖ ਸਕੂਲੀ ਵਿਦਿਆਰਥੀਆਂ ਨੂੰ ਪੌਸ਼ਟਿਕ ਭੋਜਨ ਦੇਣ ਵਾਲੀ ਮਿਡ-ਡੇ-ਮੀਲ ਸਕੀਮ ਤਕਰੀਬਨ ਬੰਦ ਹੋ ਚੁੱਕੀ ਹੈ। ਕਰਜ਼ਾ ਮੁਆਫ ਦਾ ਚੋਣ ਵਾਅਦਾ ਨਾ ਪੂਰਾ ਕੀਤੇ ਜਾਣ ਕਾਰਨ ਹੁਣ ਤੱਕ 323 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ।