ਪੰਜਾਬ ਕੈਬਨਿਟ ਵਲੋਂ ਅਹਿਮ ਫੈਸਲੇ

-ਪੰਜਾਬੀਲੋਕ ਬਿਊਰੋ
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਚੰਡੀਗੜ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਕੈਬਨਿਟ ਨੇ ਪੰਜਾਬ ਦਾ ਸਰਦ ਰੁੱਤ ਇਜਲਾਸ 27 ਤੋਂ 29 ਨਵੰਬਰ ਤਕ ਕਰਵਾਉਣ ਦਾ ਐਲਾਨ ਕੀਤਾ ਹੈ। ਮੰਤਰੀ ਮੰਡਲ ਦੀ ਬੈਠਕ ਹਰ ਬੁੱਧਵਾਰ ਨੂੰ ਤਿੰਨ ਵਜੇ ਹੋਇਆ ਕਰੇਗੀ ਜਿਸ ਵਿਚ ਵੱਖ-ਵੱਖ ਮਸਲਿਆਂ ‘ਤੇ ਵਿਚਾਰ ਵਿਟਾਂਦਰਾ ਹੋਵੇਗਾ। ਇਸ ਦੇ ਨਾਲ ਹੀ ਕੈਬਨਿਟ ਨੇ ਸੂਬੇ ਵਿਚ ਨਸ਼ਾ ਰੋਕਣ ਲਈ ਦੋਸ਼ ਸਾਬਤ ਹੋਣ ‘ਤੇ ਡਰੱਗ ਤਸਕਰ ਦੀ ਪ੍ਰਾਪਰਟੀ ਸੀਜ਼ ਕਰਨ ਵਾਲੇ ਬਿੱਲ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਗੈਰ ਕਾਨੂੰਨੀ ਪ੍ਰਾਪਤ ਕੀਤੀ ਜਾਇਦਾਦ ਨੂੰ ਜ਼ਬਤ ਕਰਨ ਲਈ ਪੰਜਾਬ ਫੋਰਫੀਟ ਆਫ ਇਲ-ਲੀਗਲੀ ਐਕਵਾਇਰਡ ਪ੍ਰਾਪਰਟੀ ਐਕਟ 2017 ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਦੇ ਨਾਲ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਵਿਵਸਥਾ ਕੀਤੀ ਗਈ ਹੈ।
ਇਸ ਦੇ ਨਾਲ ਪੰਜਾਬ ਕੈਬਨਿਟ ਨੇ ਕੁਨੈਕਟ ਵਿੱਦ ਯੂਅਰ ਰੂਟਸ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਪੁਲਸ ਵਿਚ ਦੂਰਦਰਸ਼ੀ ਸੁਧਾਰ ਅਤੇ ਪਹਿਲਕਦਮੀਆਂ ਕਰਦੇ ਹੋਏ ਪਅੱਤਵਾਦ ਦੀ ਚੁਣੌਤੀ ਨਾਲ ਨਿਪਟਣ ਲਈ ਸਪੈਸ਼ਲ ਓਪਰੇਸ਼ਨ ਗਰੁੱਪ ਪੈਦਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂ ਫੋਰਸ ਵਿਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਲਈ ਗੈਰ ਵਿੱਤੀ ਲਾਭ ਵੀ ਮੁਹੱਈਆ ਕਰਾਏ ਗਏ ਹਨ। ਪੰਜਾਬ ਪੁਲਿਸ ਚੋਂ ਡੀਆਈਜੀ ਰੇਂਜ ਪੋਸਟ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਕੈਬਿਨਟ ਨੇ ਏਡਜ਼, ਕੈਂਸਰ ਤੇ ਕਿਡਨੀ ਦੇ ਮਰੀਜ਼ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਹੈ।