• Home »
  • ਸਿਆਸਤ
  • ਖਬਰਾਂ
  • » ਖਹਿਰਾ ਨੂੰ ਨਹੀਂ ਮਿਲੀ ਰਾਹਤ, ਫਾਜ਼ਿਲਕਾ ਕੋਰਟ ਹੀ ਕਰੇਗੀ ਫੈਸਲਾ

ਖਹਿਰਾ ਨੂੰ ਨਹੀਂ ਮਿਲੀ ਰਾਹਤ, ਫਾਜ਼ਿਲਕਾ ਕੋਰਟ ਹੀ ਕਰੇਗੀ ਫੈਸਲਾ

-ਪੰਜਾਬੀਲੋਕ ਬਿਊਰੋ
ਨਸ਼ਾ ਤਸਕਰਾਂ ਨਾਲ ਸੰਪਰਕ ਦੇ ਮਾਮਲੇ ਵਿੱਚ ਫਾਜ਼ਿਲਕਾ ਕੋਰਟ ਨੇ ਸੁਖਪਾਲ ਸਿੰਘ ਖਹਿਰਾ ਨੂੰ ਸੰਮਣ ਜਾਰੀ ਕੀਤੇ ਸਨ,ਜਿਸ ਵਿਰੁੱਧ ਖਹਿਰਾ ਹਾਈਕੋਰਟ ਵਿੱਚ ਗਏ ਸਨ ਪਰ ਅੱਜ ਉੱਚ ਅਦਾਲਤ ਨੇ ਖਹਿਰਾ ਨੂੰ ਵੱਡਾ ਝਟਕਾ ਦਿੰਦਿਆਂ ਉਹਨਾਂ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਬਾਰੇ ਫ਼ਾਜ਼ਿਲਕਾ ਜ਼ਿਲਾ ਅਦਾਲਤ ਹੀ ਫੈਸਲਾ ਕਰੇ।
ਜ਼ਿਕਰਯੋਗ ਹੈ ਕਿ ਫ਼ਾਜ਼ਿਲਕਾ ਅਦਾਲਤ ਨੇ ਡਰੱਗ ਤਸਕਰੀ ਕੇਸ ਵਿੱਚ ਖਹਿਰਾ ਨੂੰ 30 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੋਇਆ ਹੈ। ਹਾਲਾਂਕਿ, ਅਦਾਲਤ ਵੱਲੋਂ ਜਾਰੀ ਗ਼ੈਰ-ਜ਼ਮਾਨਤੀ ਵਾਰੰਟ ਨੂੰ ਹਾਈਕੋਰਟ ਨੇ ਪਹਿਲਾਂ ਹੀ ਰੱਦ ਕਰ ਦਿੱਤਾ ਸੀ। ਫਿਲਹਾਲ ਮਾਮਲਾ ਫ਼ਾਜ਼ਿਲਕਾ ਅਦਾਲਤ ਵਿੱਚ ਸੁਣਵਾਈ ਅਧੀਨ ਜਾਰੀ ਰਹੇਗਾ।
ਹਾਈ ਕੋਰਟ ਵੱਲੋਂ ਖਹਿਰਾ ਦੇ ਕੇਸ ਦੀ ਸੁਣਵਾਈ ਹੇਠਲੀ ਕੋਰਟ ਚ ਹੋਣ ਦੇ ਫ਼ੈਸਲੇ ਤੋਂ ਬਾਅਦ ਮਾਝੇ ਦੇ ਅਕਾਲੀ ਆਗੂਆਂ ਨੇ ਸਮੂਹਿਕ ਤੌਰ ‘ਤੇ ਮੰਗ ਕੀਤੀ ਹੈ ਕਿ ਕੇਜਰੀਵਾਲ ਖਹਿਰਾ ਨੂੰ ਆਪ ਦੀ ਮੈਂਬਰਸ਼ਿਪ ਤੋਂ ਖ਼ਾਰਜ ਕਰਨ। ਇਸ ਮੌਕੇ ਅਕਾਲੀ ਆਗੂ ਗੁਲਜ਼ਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ ਤੇ ਵੀਰ ਸਿੰਘ ਲੋਪੋਕੇ ਤੋਂ ਇਲਾਵਾ ਹੋਰ ਵੀ ਸੀਨੀਅਰ ਅਕਾਲੀ ਮੌਜੂਦ ਸਨ। ਸੁਖਬੀਰ ਸਿੰਘ ਬਾਦਲ ਨੇ ਸੁਖਪਾਲ ਸਿੰਘ ਖਹਿਰਾ ਨੂੰ ਡਰੱਗ ਕਿੰਗ ਪਿੰਨ ਦੱਸਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਵਾਲੇ ਖਹਿਰਾ ਨੂੰ ਸਰਕਾਰ ਤੁਰੰਤ ਅੰਦਰ ਕਰੇ। ਬਾਦਲ ਨੇ ਅਦਾਲਤ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਸੁਖਪਾਲ ਖਹਿਰਾ ਦੇ ਅਸਤੀਫੇ ਦੀ ਮੰਗ ਵੀ ਕੀਤੀ।  ਫ਼ਾਜ਼ਿਲਕਾ ਜ਼ਿਲਾ ਅਦਾਲਤ ਤੇ ਹਾਈਕੋਰਟ ਵੱਲੋਂ ਦਿੱਤੇ ਫੈਸਲਿਆਂ ਦੀ ਕਾਪੀਆਂ ਵਿੱਚੋਂ ਜੱਜਾਂ ਦੇ ਸ਼ਬਦਾਂ ਨੂੰ ਪੜਦਿਆਂ ਬਾਦਲ ਨੇ ਕਿਹਾ ਕਿ ਖਹਿਰਾ ਭਾਰਤ ਦਾ ਅਜਿਹਾ ਪਹਿਲਾ ਸਿਆਸਤਦਾਨ ਹੈ ਜਿਸ ਵਿਰੁੱਧ ਅਜਿਹੇ ਗੰਭੀਰ ਇਲਜ਼ਾਮ ਲੱਗੇ ਹਨ।
ਸਾਬਕਾ ਉਪ ਮੁੱਖ ਮੰਤਰੀ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਜਸਟਿਸ ਮਹਿਤਾਬ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਖਹਿਰਾ ਦੀ ਜਸਟਿਸ ਰਣਜੀਤ ਸਿੰਘ ਨਾਲ ਰਿਸ਼ਤੇਦਾਰੀ ਕਾਰਨ ਉਸ ਦੀ ਕੈਪਟਨ ਨਾਲ ਗੰਢਤੁੱਪ ਹੋ ਚੁੱਕੀ ਹੈ। ਉਨਾਂ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਖਹਿਰਾ ਨੂੰ ਬਚਾਅ ਰਹੇ ਹਨ।
ਬਾਦਲ ਨੇ ਖਹਿਰਾ ਦੇ ਨਾਲ ਨਾਲ ਕੇਜਰੀਵਾਲ ਨੂੰ ਵੀ ਇਸ ਮਾਮਲੇ ਵਿੱਚ ਘੜੀਸ ਲਿਆ। ਬਾਦਲ ਨੇ ਇਨਾਂ ਚੋਣਾਂ ਤੇ ਪਿਛਲੀਆਂ ਚੋਣਾਂ ਦੌਰਾਨ ਖਹਿਰਾ ਦੀ ਜਾਇਦਾਦ ਵਿੱਚ ਹੋਏ ਵਾਧੇ ਦੇ ਤਾਰ ਨਸ਼ਾ ਤਸਕਰੀ ਨਾਲ ਜੁੜੇ ਹੋਣ ਦਾ ਖੁਲਾਸਾ ਕਰਦਿਆਂ ਕਿਹਾ ਕਿ ਖਹਿਰਾ ਦਾ ਇਹ ਪੈਸਾ ਆਮ ਆਦਮੀ ਪਾਰਟੀ ਵੱਲੋਂ ਵੀ ਵਰਤਿਆ ਗਿਆ ਹੋ ਸਕਦਾ ਹੈ। ਉਨਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਖਹਿਰਾ ਦੇ ਡਰੱਗ ਮਾਮਲੇ ਦੀ ਜਾਂਚ ਈ.ਡੀ. ਤੇ ਸੀ.ਬੀ.ਆਈ. ਤੋਂ ਕਰਵਾਈ ਜਾਵੇ। ਸੁਖਬੀਰ ਬਾਦਲ ਨੇ ਕੇਜਰੀਵਾਲ ਨੂੰ ਵੀ ਕਿਹਾ ਕਿ ਉਹ ਸੁਖਪਾਲ ਖਹਿਰਾ ਨੂੰ ਪਾਰਟੀ ਤੋਂ ਤੁਰੰਤ ਬਰਖਾਸਤ ਕਰਨ। ਬਾਦਲ ਨੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਉਸ ਦੀ ਖਹਿਰਾ ਤੇ ਬੈਂਸ ਭਰਾਵਾਂ ਨਾਲ ਇੱਕ ਸੁਰ ਹੈ ਤੇ ਉਹ ਕਿਸੇ ਵੀ ਸਮੇਂ ਕਾਂਗਰਸ ਪਾਰਟੀ ਨੂੰ ਧੋਖਾ ਦੇ ਸਕਦਾ ਹੈ।