ਬਾਡੀ ਮਸਾਜ ਦੇ ਪੁਆੜੇ..

-ਪੰਜਾਬੀਲੋਕ ਬਿਊਰੋ
ਤੇਲੰਗਾਨਾ ਦੇ ਜੋਗੁਲਾਂਬਾ ਗਡਵਾਲ ਜ਼ਿਲੇ ਵਿੱਚ ਇੱਕ ਅਸਿਸਟੈਂਟ ਸਬ ਇੰਸਪੈਕਟਰ ਦੀ ਇੱਕ ਵੀਡੀਓ ਵਾਇਰਲ ਹੋਈ , ਜਿਸ ਵਿੱਚ ਉਹ ਇੱਕ ਹੋਮਗਾਰਡ ਮਹਿਲਾ ਤੋਂ ਬਾਡੀ ਮਸਾਜ ਕਰਵਾਉਂਦਾ ਨਜ਼ਰ ਆ ਰਿਹਾ ਸੀ।ਮਸਾਜ ਕਰਵਾਉਣ ਵਾਲੇ ਏਐਸਆਈ ਹਾਸਨ ਨੂੰ ਗਲਤ ਕਾਰਵਾਈਆਂ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ। ਮੁਲਜ਼ਮ ਇੰਸਪੈਕਟਰ ਨੇ ਕਿਹਾ ਹੈ ਕਿ ਵੀਡੀਓ ਚ ਉਹ ਨਹੀਂ ਕੋਈ ਹੋਰ ਹੈ, ਉਸ ਨੂੰ ਕਿਸੇ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ।
ਇਕ ਹੋਰ ਮਾਮਲਾ ਯੂ ਪੀ ਦਾ ਹੈ, ਯੋਗੀ ਸਰਕਾਰ ਦੇ ਕੈਬਨਿਟ ਮੰਤਰੀ ਨੰਦ ਗੋਪਾਲ ਗੁਪਤਾ ‘ਨੰਦੀ’ ਦਾ ਵੀ ਬਾਡੀ ਮਸਾਜ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਨੰਦੀ ਆਪਣੇ ਸਕਿਓਰਿਟੀ ਵਾਲਿਆਂ ਵਿਚੋਂ ਇਕ ਤੋਂ ਆਪਣੇ ਪੈਰਾਂ ਦੀ ਮਸਾਜ ਕਰਵਾਉਂਦੇ ਵਿਖਾਈ ਦੇ ਰਹੇ ਹਨ। ਤਸਵੀਰਾਂ ਉਸ ਵੇਲੇ ਦੀਆਂ ਹਨ ਜਦ ਮੰਤਰੀ ਜੀ ਨਿਗਮ ਚੋਣਾਂ ਲਈ ਆਪਣੀ ਮੇਅਰ ਦੀ ਚੋਣ ਲੜ ਰਹੀ ਵਹੁਟੀ ਵਾਸਤੇ ਪ੍ਰਚਾਰ ਕਰਦੇ-ਕਰਦੇ ਥੱਕ ਗਏ ਸਨ।
ਵੀਡੀਓ ਵਿੱਚ ਬੀਜੇਪੀ ਵਿਧਾਇਕ ਹਰਸ਼ਵਰਧਨ ਬਾਜਪਾਈ ਵੀ ਨਜ਼ਰ ਆ ਰਹੇ ਹਨ। ਦੂਜੇ ਪਾਸੇ ਮੰਤਰੀ ਦਾ ਕਹਿਣਾ ਹੈ ਕਿ ਉਨਾਂ ‘ਤੇ ਇੱਕ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਉਹ ਕਾਫੀ ਕੰਮ ਆਪ ਨਹੀਂ ਕਰ ਸਕਦੇ। ਤੇ ਨਾਲ ਹੀ ਕਿਹਾ ਕਿ ਮੈਨੂੰ ਅਜਿਹੀ ਕਿਸੇ ਵੀਡੀਓ ਬਾਰੇ ਜਾਣਕਾਰੀ ਨਹੀਂ ਜਿਸ ਚ ਮੈਂ ਪੈਰਾਂ ਦੀ ਮਸਾਜ ਕਰਵਾ ਰਿਹਾਂ ਹੋਵਾਂ।