• Home »
  • ਖਬਰਾਂ
  • » ਫਿਲਹਾਲ ਨਹੀਂ ਬੰਦ ਹੋਣਗੇ 20 ਤੋਂ ਘੱਟ ਬੱਚਿਆਂ ਵਾਲੇ ਸਕੂਲ

ਫਿਲਹਾਲ ਨਹੀਂ ਬੰਦ ਹੋਣਗੇ 20 ਤੋਂ ਘੱਟ ਬੱਚਿਆਂ ਵਾਲੇ ਸਕੂਲ

-ਪੰਜਾਬੀਲੋਕ ਬਿਊਰੋ
ਕੈਪਟਨ ਸਰਕਾਰ ਨੇ 20 ਤੋਂ ਘੱਟ ਵਿਦਿਆਰਥੀਆਂ ਵਾਲੇ 800 ਦੇ ਕਰੀਬ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਸੀ, ਭਾਰੀ ਵਿਰੋਧ ਦੇ ਚੱਲਦਿਆਂ ਇਹ ਮਾਮਲਾ ਠੰਡੇ ਬਸਤੇ ਪੈ ਗਿਆ ਹੈ, ਹੁਣ ਸਰਕਾਰੀ ਖੇਮੇ ਵਿਚੋਂ ਬਿਆਨ ਆਇਆ ਹੈ ਕਿ ਜਿਹੜੇ ਸਕੂਲ 20 ਤੋਂ ਵੱਧ ਬੱਚੇ ਦਾਖ਼ਲ ਕਰ ਲੈਣਗੇ ਉਹ ਸਕੂਲ ਬੰਦ ਨਹੀਂ ਹੋਣਗੇ। ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਸਰਕਾਰ ਉਨਾਂ ਸਕੂਲਾਂ ਤੇ ਅਧਿਆਪਕਾਂ ਦੇ ਨਾਲ ਹੈ ਜਿਹੜੇ 20 ਤੋਂ ਵੱਧ ਬੱਚਿਆਂ ਨੂੰ ਦਾਖਲ ਕਰਨ ਲਈ ਚਾਰਾਜੋਈ ਕਰ ਰਹੇ ਹਨ, ਪਰ ਬਾਕੀ ਸਕੂਲ਼ਾਂ ਨੂੰ ਬੰਦ ਕਰਨਾ ਸਾਡੀ ਮਜ਼ਬੂਰੀ ਹੈ ਕਿਉਂਕਿ ਕਈ ਥਾਈਂ ਅਧਿਆਪਕ ਸਿਰਫ਼ ਤਨਖਾਹਾਂ ਲੈ ਰਹੇ ਹਨ ਤੇ ਬੱਚੇ ਨਹੀਂ ਹਨ। ਚੌਧਰੀ ਨੇ ਕਿਹਾ ਅਸੀਂ ਬੱਚਿਆਂ ਦੀ ਭਲਾਈ ਲਈ ਪ੍ਰੀ-ਪ੍ਰਾਇਮਰੀ ਸਕੂਲ ਸ਼ੁਰੂ ਕੀਤੇ ਹਨ। 26000 ਆਂਗਣਵਾੜੀ ਵਰਕਰਾਂ ਨੂੰ ਡਰਨ ਦੀ ਲੋੜ ਨਹੀਂ। ਉਨਾਂ ਕਿਹਾ ਕਿ ਉਨਾਂ ਦੀ ਨੌਕਰੀ ਨੂੰ ਕੋਈ ਖ਼ਤਰਾ ਨਹੀਂ। ਉਨਾਂ ਨੂੰ ਵੀ ਪ੍ਰੀ-ਪ੍ਰਾਇਮਰੀ ਸਕੂਲਾਂ ਦੇ ਨਾਲ ਲੈ ਕੇ ਚੱਲਾਂਗੇ। ਉਨਾਂ ਕਿਹਾ ਕਿ ਸਰਹੱਦੀ ਖ਼ੇਤਰ ਲਈ ਵਿਸ਼ੇਸ਼ ਮਾਸਟਰ ਕਾਡਰ ਬਣੇਗਾ ਕਿਉਂਕਿ ਸਰਹੱਦੀ ਖੇਤਰ ਨੂੰ ਇਸ ਸਮੇਂ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪਿਛਲੇ ਸਮੇਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਵਧੀਆ ਹੈ। ਉਨਾਂ ਕਿਹਾ ਕਿ ਹੁਣ ਸੂਬੇ ਦੇ ਸਰਕਾਰੀ ਸਕੂਲਾਂ ਚ ਅਧਿਆਪਕ ਆਪਣੇ ਬੱਚੇ ਪੜਾਉਣ ਲੱਗੇ ਹਨ।