ਪਰਾਲੀ ਮੁੱਦੇ ‘ਤੇ ਸਿਆਸਤ ਤੇਜ਼

-ਪੰਜਾਬੀਲੋਕ ਬਿਊਰੋ
ਪਰਾਲੀ ਸਾੜਨ ਤੋਂ ਰੋਕਣ ਲਈ ਕੋਈ ਠੋਸ ਉਪਰਾਲਾ ਕਰਨ ਦੇ ਮੱਦੇਨਜ਼ਰ ਸਲਾਹ ਮਸ਼ਵਰੇ ਵਾਸਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸੀ ਐਮ ਪੰਜਾਬ ਦੇ ਸੀ ਐਮ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਸੁਨੇਹੇ ਤੇ ਸੁਨੇਹਾ ਦੇ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨਾਂ ਨੇ ਪਰਾਲੀ ਸਾੜ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਸੀ, ਉਹ ਬਿਲਕੁਲ ਸਹੀ ਸੀ। ਖਹਿਰਾ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 2 ਸਾਲ ਪਹਿਲਾਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਬਾਰੇ ਇਕ ਕੇਸ ਵਿੱਚ ਰਾਜ ਸਰਕਾਰਾਂ ਨੂੰ ਹੁਕਮ ਦਿੱਤੇ ਸਨ ਕਿ ਕਿਸਾਨ ਪਰਾਲੀ ਨਾ ਸਾੜਨ, ਇਸ ਕੰਮ ਲਈ ਕਿਸਾਨਾਂ ਦੀ ਪਰਾਲੀ ਦੇ ਸਹੀ ਨਿਪਟਾਰੇ ਲਈ ਉਚਿਤ ਵਿਵਸਥਾ ਕੀਤੀ ਜਾਵੇ। ਕੋਰਟ ਨੇ ਵੀ ਇਸ ਬਾਰੇ ਕਿਹਾ ਸੀ ਕਿ ਕਿਸਾਨਾਂ ਨੂੰ ਇਸ ਦੀ ਉਚਿੱਤ ਟ੍ਰੇਨਿੰਗ, ਫੰਡ ਅਤੇ ਹੋਰ ਮਦਦ ਦਿੱਤੀ ਜਾਵੇ, ਪਰ ਪੰਜਾਬ ਸਰਕਾਰ ਨੇ ਅਜਿਹਾ ਕੁਝ ਨਹੀਂ ਕੀਤਾ, ਇਸ ਲਈ ਕਿਸਾਨ ਮਜਬੂਰਨ ਪਰਾਲੀ ਸਾੜ ਰਹੇ ਹਨ।
ਓਧਰ ਕੈਪਟਨ ਵਲੋਂ ਮਿਲਣ ਤੋਂ ਇਨਕਾਰ ਕਰਨ ਦੇ ਬਾਵਜੂਦ ਕੇਜਰੀਵਾਲ ਨੇ ਇਕ ਵਾਰ ਫੇਰ ਕੈਪਟਨ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ। ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰ, ਮੈਂ ਬੁੱਧਵਾਰ ਨੂੰ ਚੰਡੀਗੜ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਨ ਲਈ ਆ ਰਿਹਾ ਹਾਂ। ਚੰਗਾ ਹੋਵੇਗਾ ਕਿ ਜੇਕਰ ਤੁਸੀਂ ਮੈਨੂੰ ਮਿਲਣ ਲਈ ਥੋੜਾ ਸਮਾਂ ਕੱਢੋ। ਇਹ ਇੱਕ ਸਾਂਝਾ ਮੁੱਦਾ ਹੈ।”
ਦੂਜੇ ਪਾਸੇ ਕੇਜਰੀਵਾਲ ਵੱਲੋਂ ਪਰਾਲੀ ਸਾੜੇ ਜਾਣ ਦੇ ਮੁੱਦੇ ਬਾਰੇ ਵਿਚਾਰ ਕਰਨ ਲਈ ਕੀਤੀ ਪੇਸ਼ਕਸ਼ ਨੂੰ ਖੱਟਰ ਨੇ ਸਵੀਕਾਰ ਕਰ ਲਿਆ ਹੈ।
ਇਸ ਦੌਰਾਨ ਪੰਜਾਬ ਵਿੱਚ ਕਈ ਥਾਈਂ ਮੀਂਹ ਪੈਣ ਦੇ ਬਾਵਜੂਦ ਕਈ ਥਾਵਾਂ ‘ਤੇ ਧੁਆਂਖੀ ਧੁੰਦ ਨਾਲ ਆਵਾਜਾਈ ਪ੍ਰਭਾਵਿਤ ਹੋਈ, ਹਾਦਸੇ ਵੀ ਹੋਏ। ਅੱਜ
ਮੁਕਤਸਰ-ਕੋਟਕਪੂਰਾ ਰੋਡ ‘ਤੇ ਬੱਸ ਅਤੇ ਟਰੱਕ ਦਰਮਿਆਨ ਹੋਈ ਆਹਮੋ-ਸਾਹਮਣੇ ਟੱਕਰ ਵਿਚ 30-35 ਜਣੇ ਜ਼ਖਮੀ ਹੋ ਗਏ।
ਫ਼ਿਰੋਜ਼ਪੁਰ ਫ਼ਾਜ਼ਿਲਕਾ ਰੋਡ ਸਥਿਤ ਪਿੰਡ ਭੰਬਾ ਵਟੂ ਕੋਲ ਟਕੈਰਟਰ ਟਰਾਲੀ ਦੀ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਚ 1 ਵਿਅਕਤੀ ਦੀ ਮੌਤ ਹੋ ਗਈ ਤੇ 2 ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਜੋਗਿੰਦਰ ਸਿੰਘ ਸਿੰਘ (35) ਪੁੱਤਰ ਨਿਹਾਲ ਸਿੰਘ ਵਾਸੀ ਨੂਰ ਸ਼ਾਹ ਵੱਲੇ ਸ਼ਾਹ ਉਤਾੜ ਵਜੋਂ ਹੋਈ ਅਤੇ ਜਖ਼ਮੀਆਂ ਦੀ ਪਹਿਚਾਣ ਮਲਕੀਤ ਸਿੰਘ ਮਿਲਖਾ ਸਿੰਘ,ਅਸ਼ੋਕ ਸਿੰਘ ਜੰਗੀਰ ਸਿੰਘ ਵਾਸੀਆਨ ਮਹਾਤਮ ਨਗਰ ਵਜੋਂ ਹੋਈ ਹੈ।
ਦਿੱਲੀ ਵਿਚ ਪ੍ਰਦੂਸ਼ਿਤ ਧੁੰਦ ਦੇ ਚੱਲਦਿਆਂ 73 ਟਰੇਨਾਂ ਲੇਟ ਹਨ, 34 ਟਰੇਨਾਂ ਦਾ ਸਮਾਂ ਦੁਬਾਰਾ ਨਿਰਧਾਰਿਤ ਕੀਤਾ ਗਿਆ ਹੈ ਤੇ 10 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।