• Home »
  • ਖਬਰਾਂ
  • » ਹਥਿਆਰਾਂ ਦੀ ਨੋਕ ‘ਤੇ ਗੁਰਦੁਆਰੇ ‘ਤੇ ਕਬਜ਼ਾ ਕਰਨ ਆਏ ਨਿਹੰਗ ਭਜਾਏ

ਹਥਿਆਰਾਂ ਦੀ ਨੋਕ ‘ਤੇ ਗੁਰਦੁਆਰੇ ‘ਤੇ ਕਬਜ਼ਾ ਕਰਨ ਆਏ ਨਿਹੰਗ ਭਜਾਏ

-ਪੰਜਾਬੀਲੋਕ ਬਿਊਰੋ
ਗੁਰਦੁਆਰੇ ‘ਤੇ ਕਬਜ਼ੇ ਨੂੰ ਲੈ ਕੇ ਹਥਿਆਰਾਂ ਨਾਲ ਇਕ ਦੂਜੇ ਨੂੰ ਲਲਕਾਰਨ ਦਾ ਇਕ ਹੋਰ ਮਾਮਲਾ ਨਸ਼ਰ ਹੋਇਆ ਹੈ।  ਮੋਗਾ ਜ਼ਿਲੇ ਦੇ ਪਿੰਡ ਸੱਦ ਸਿੰਘ ਵਾਲਾ ਦੇ ਗੁਰਦੁਆਰਾ ਮੰਜੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਦੋ ਧੜਿਆਂ ਦੇ ਵਿਵਾਦ ਵਿੱਚ ਨਿਹੰਗਾਂ ਨੇ ਗੁਰਦੁਆਰੇ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਤੇ  ਪਿੰਡ ਵਾਸੀਆਂ ਤੇ ਨਿਹੰਗਾਂ ਦੀ ਝੜਪ ਹੋ ਗਈ। ਪਿੰਡ ਵਾਸੀਆਂ ਨੇ ਨਿਹੰਗ ਭਜਾ ਦਿੱਤੇ।
Êਪੁਲਿਸ ਨੇ ਨਿਹੰਗਾਂ ਦੀ 12 ਬੋਰ ਬੰਦੂਕ ਅਤੇ ਸਕਾਰਪੀਓ ਗੱਡੀ ਕਬਜ਼ੇ ਵਿੱਚ ਲੈਣ ਦੀ ਪੁਸ਼ਟੀ ਕੀਤੀ। ਜਾਣਕਾਰੀ ਅਨੁਸਾਰ ਦੁਪਹਿਰ ਬਾਅਦ ਪਿੰਡ ਦੇ ਗੁਰਦੁਆਰੇ ਵਿਖੇ ਦੋ ਗੱਡੀਆਂ ਵਿੱਚ ਹਥਿਆਰਾਂ ਨਾਲ ਨਿਹੰਗ ਪਹੁੰਚੇ ਤਾਂ ਰੋਹ ਵਿੱਚ ਆਈ ਪਿੰਡ ਦੀ ਸੰਗਤ ਨਾਲ ਉਨਾ ਦੀ ਝੜਪ ਹੋ ਗਈ। ਇਸ ਮੌਕੇ ਨਿਹੰਗ ਸਿੰਘ ਆਪਣੀ ਬੰਦੂਕ ਤੇ ਸਕਾਰਪੀਓ ਛੱਡ ਕੇ ਦੌੜ ਗਏ। ਲੋਕਾਂ ਦੋਸ਼ ਲਾਇਆ ਕਿ ਨਿਹੰਗ ਸਿੰਘਾਂ ਨੇ ਦਹਿਸ਼ਤ ਪੈਦਾ ਕਰਨ ਲਈ ਹਵਾਈ ਫਾਇਰ ਵੀ ਕੀਤੇ।
ਵਰਨਣ ਯੋਗ ਹੈ ਕਿ ਗੁਰਦੁਆਰਾ ਕਮੇਟੀ ਲਈ ਕਰੀਬ ਛੇ ਮਹੀਨੇ ਤੋਂ ਪਿੰਡ ਦੇ ਦੋ ਧੜੇ ਆਹਮੋ-ਸਾਹਮਣੇ ਹਨ। ਦੋਵਾਂ ਧਿਰ ਨੇ ਆਪਣੀ ਆਪਣੀ ਪ੍ਰਬੰਧਕ ਕਮੇਟੀ ਬਣਾ ਲਈ ਤੇ ਬੀਤੀ 23 ਜੁਲਾਈ ਨੂੰ ਦੋਵਾਂ ਧਿਰਾਂ ਨੇ ਗੋਲਕ ਨੂੰ ਤਾਲੇ ਲਾ ਦਿੱਤੇ ਸਨ। ਡੇਢ ਮਹੀਨਾਂ ਪਹਿਲਾਂ 10 ਸਤੰਬਰ ਨੂੰ ਕਾਂਗਰਸੀ ਵਿਧਾਇਕ ਡਾਕਟਰ ਹਰਜੋਤ ਕਮਲ ਸਮਝੌਤਾ ਕਰਾਉਣ ਗਏ ਤਾਂ ਉਥੇ ਗੁਰਦੁਆਰੇ ਵਿਖੇ ਹੀ ਦੋਵੇਂ ਧਿਰਾਂ ਦੀ ਝੜਪ ਹੋ ਗਈ। ਉਸ ਪਿੱਛੋਂ ਪੁਲਸ ਨੇ ਦੋਵਾਂ ਧਿਰਾਂ ਦੇ 35 ਜਣਿਆਂ ਖਿਲਾਫ ਕੇਸ ਦਰਜ ਕੀਤਾ ਸੀ। ਫਿਰ ਇੱਕ ਧਿਰ ਨੇ ਨਿਹੰਗਾਂ ਨੂੰ ਇਸ ਗੁਰਦੁਆਰੇ ਦੀ ਸੇਵਾ ਲਈ ਆਖ ਦਿੱਤਾ। ਗੁਰਦੁਆਰਾ ਕਮੇਟੀ ਦੇ ਮੈਂਬਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਨਿਹੰਗਾਂ ਨੇ ਉਨਾਂ ਨੂੰ ਡਰਾਅ-ਧਮਕਾਅ ਕੇ ਸਹਿਮਤੀ ਜੋਂ ਦਸਤਖਤ ਕਰਵਾ ਲਏ ਸਨ, ਪਿੰਡ ਦੀ ਸੰਗਤ ਨਹੀਂ ਚਾਹੁੰਦੀ ਕਿ ਗੁਰਦੁਆਰੇ ਦੀ ਸੇਵਾ ਨਿਹੰਗਾਂ ਕੋਲ ਜਾਵੇ।ਹੁਣ ਮਾਮਲੇ ਨੂੰ ਉਚ ਪੁਲਿਸ ਅਫਸਰ ਦੇਖ ਰਹੇ ਹਨ।