• Home »
  • ਖਬਰਾਂ
  • » ਸਭ ਤੋਂ ਫਿੱਕੀ ਦੀਵਾਲੀ ਐਤਕੀਂ ਡੇਰਾ ਸਿਰਸਾ ਦੇ ਪੈਰੋਕਾਰਾਂ ਦੀ ਰਹੀ..

ਸਭ ਤੋਂ ਫਿੱਕੀ ਦੀਵਾਲੀ ਐਤਕੀਂ ਡੇਰਾ ਸਿਰਸਾ ਦੇ ਪੈਰੋਕਾਰਾਂ ਦੀ ਰਹੀ..

-ਪੰਜਾਬੀਲੋਕ ਬਿਊਰੋ
ਡੇਰਾ ਪ੍ਰੇਮੀਆਂ ਨੇ ਨਾ ਤਾਂ ਆਪਣੇ ਘਰਾਂ ਤੇ ਵਪਾਰਕ ਅਦਾਰਿਆਂ ਵਿੱਚ ਦੀਪਮਾਲਾ ਕੀਤੀ ਅਤੇ ਨਾ ਹੀ ਕਿਸੇ ਮਠਿਆਈ ਦੀ ਵਰਤੋਂ ਕੀਤੀ।
ਭੀਖੀ ਦੇ ਭੰਗੀਦਾਸ ਮਿੱਠੂ ਸਿੰਘ ਇੰਸਾਂ ਨੇ ਦੱਸਿਆ ਕਿ ਇਸ ਵਾਰ ਦੀਵਾਲੀ ਮਨਾਉਣ ਦਾ ਕੋਈ ਚਾਅ ਹੀ ਨਹੀਂ , ਉਨਾਂ ਕਿਹਾ ਕਿ ਘੜੀ ਮਿਥੀ ਸਾਜ਼ਿਸ਼ ਅਧੀਨ ਉਨਾਂ ਦੇ ਗੁਰੂ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੂੰ ਜੇਲ ‘ਚ ਡੱਕ ਦਿੱਤਾ ਗਿਆ ਅਤੇ ਸੈਂਕੜੇ ਡੇਰਾ ਪ੍ਰੇਮੀ ਪੰਚਕੂਲਾ ‘ਚ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤੇ ਗਏ। ਹੁਣ ਵੀ ਆਨੇ-ਬਹਾਨੇ ਪ੍ਰੇਮੀਆਂ ਉਪਰ ਕਹਿਰ ਢਾਹੇ ਜਾ ਰਹੇ ਹਨ। ਜਿੰਨਾ ਚਿਰ ਤੱਕ ਡੇਰਾ ਮੁਖੀ ਆਪਣੇ ਪੈਰੋਕਾਰਾਂ ਵਿੱਚ ਨਹੀਂ ਪੁੱਜਣਗੇ, ਉਨਾ ਚਿਰ ਤੱਕ ਉਹ ਦੀਵਾਲੀ ਨਹੀਂ ਮਨਾਉਣਗੇ।
ਪਿਛਲੇ ਸਮਿਆਂ ਵਿੱਚ ਦੀਵਾਲੀ ਮੌਕੇ ਕਈ-ਕਈ ਦਿਨ ਪਹਿਲਾਂ ਤੋਂ ਮਠਿਆਈਆਂ ਤਿਆਰ ਕਰਨ ਦਾ ਕੰਮ ਚੱਲ ਪੈਂਦਾ ਸੀ ਅਤੇ ਇਸ ਇਲਾਕੇ ਦੇ ਬਹੁਤੇ ਪ੍ਰੇਮੀ ਡੇਰੇ ਵਿੱਚੋਂ ਹੀ ਮਠਿਆਈਆਂ ਖਰੀਦ ਕੇ ਦੀਵਾਲੀ ਮਨਾਉਂਦੇ ਸਨ, ਪਰ ਹੁਣ ਡੇਰਾ ਵਿਵਾਦ ਕਾਰਨ ਨਾਮ ਚਰਚਾ ਘਰ ਤਕਰੀਬਨ ਡੇਢ ਮਹੀਨੇ ਤੋਂ ਬੰਦ ਪਏ ਹਨ ਅਤੇ ਪ੍ਰੇਮੀਆਂ ਦੀ ਆਵਾਜਾਈ ਵੀ ਲਗਭਗ ਬੰਦ ਹੀ ਹੈ। ਇਸੇ ਤਰਾਂ ਹੀ ਡੇਰਾ ਸੱਚਾ ਸੌਦਾ ਨਾਲ ਜੁੜੇ ਐਮ.ਐਸ.ਜੀ. ਦੇ ਸ਼ੋਅ ਰੂਮ ਵੀ ਪਿਛਲੇ ਸਮੇਂ ਤੋਂ ਬੰਦ ਹੋਣ ਕਾਰਨ ਪ੍ਰੇਮੀਆਂ ਦੀ ਚਹਿਲ-ਪਹਿਲ ਘੱਟ ਹੀ ਦਿਖਾਈ ਦਿੱਤੀ।
ਪਿੰਡ ਫਫੜੇ ਭਾਈਕੇ ਦੇ ਇਕ ਬਜ਼ੁਰਗ ਡੇਰਾ ਪ੍ਰੇਮੀ ਹਰਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਲਗਾਤਾਰ ਪਿਛਲੇ 40 ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਨ, ਪਰ ਇਸ ਤਰਾਂ ਦੀ ਦੀਵਾਲੀ ਉਨਾਂ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਆਈ ਹੈ। ਉਨਾਂ ਕਿਹਾ ਕਿ ਜਦੋਂ ਉਨਾਂ ਦੇ ਗੁਰੂ ਸਮੇਤ ਬਹੁਤ ਸਾਰੇ ਡੇਰਾ ਪ੍ਰੇਮੀ ਵੱਖ-ਵੱਖ ਜੇਲਾਂ ਵਿੱਚ ਬੰਦ ਹਨ ਤਾਂ ਉਹ ਦੀਵਾਲੀ ਦੀਆਂ ਖੁਸ਼ੀਆਂ ਕਿਵੇਂ ਮਨਾ ਸਕਦੇ ਹਨ। ਉਨਾਂ ਕਿਹਾ ਕਿ ਉਹ ਆਸ ਰੱਖਦੇ ਹਨ ਕਿ ਉਨਾਂ ਦੇ ਗੁਰੂ, ਜਦੋਂ ਜੇਲੋਂ ਬਾਹਰ ਆਉਣਗੇ ਤਾਂ ਉਹ ਉਦੋਂ ਹੀ ਆਪਣੀ ਦੀਵਾਲੀ ਮਨਾਉਣਗੇ, ਜੋ ਇਤਿਹਾਸਕ ਹੋਵੇਗੀ।
ਡੇਰਾ ਸਿਰਸਾ ਵਿੱਚ ਵੀ ਦੀਵਾਲੀ ਮੌਕੇ ਰੌਣਕ ਨਹੀਂ ਦਿਸੀ। ਬੀਤੇ ਸਾਲ ਦੀਵਾਲੀ ਮੌਕੇ ਡੇਰੇ ਦੇ ਮੁੱਖ ਨਾਮ ਚਰਚਾ ਘਰਾਂ ਵਿੱਚ ਦੋ ਲੱਖ ਦੀਵੇ ਜਗਾਏ ਗਏ ਸਨ ਇਸ ਵਾਰ ਇੱਥੇ ਹਨੇਰਾ ਛਾਇਆ ਹੋਇਆ ਸੀ। ਮੁੱਖ ਗੇਟ ਬੰਦ ਰਹੇ, ਕੋਈ ਆਵਾਜਾਈ ਨਹੀਂ ਹੋਈ।