• Home »
  • ਖਬਰਾਂ
  • » ਪਟਾਕਿਆਂ ਵਾਲਾ ਪ੍ਰਦੂਸ਼ਣ ਕੁਝ ਘਟਿਆ

ਪਟਾਕਿਆਂ ਵਾਲਾ ਪ੍ਰਦੂਸ਼ਣ ਕੁਝ ਘਟਿਆ

-ਪੰਜਾਬੀਲੋਕ ਬਿਊਰੋ
ਚੰਡੀਗੜ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਅੰਕੜਿਆਂ ਮੁਤਾਬਕ ਚੰਡੀਗੜ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਪਿਛਲੇ ਸਾਲ ਦੀ ਦੀਵਾਲੀ ਦੇ ਮੁਕਾਬਲੇ 50 ਫ਼ੀਸਦੀ ਘੱਟ ਦਰਜ ਕੀਤਾ ਗਿਆ। ਕਮੇਟੀ ਦੇ ਨਿਰਦੇਸ਼ਕ ਸੰਤੋਸ਼ ਕੁਮਾਰ ਨੇ ਕਿਹਾ ਕਿ ਬੀਤੇ ਸਾਲ ਇੱਥੋਂ ਹਵਾ ਵਿੱਚ ਪ੍ਰਦੂਸ਼ਕਾਂ ਦੀ ਮਾਤਰਾ 316 ਮਾਪੀ ਗਈ ਸੀ ਜੋ ਇਸ ਸਾਲ ਦੀਵਾਲੀ ਵਾਲੇ ਦਿਨ 169 ਦਰਜ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਸੈਕਟਰ 17 ਵਿੱਚ ਬੀਤੇ ਸਾਲ ਦੇ ਮੁਕਾਬਲੇ ਪ੍ਰਦੂਸ਼ਣ 225 ਦੇ ਪੱਧਰ ਤੋਂ ਘਟ ਕੇ 97 ਦਰਜ ਕੀਤਾ ਗਿਆ ਹੈ। ਸੈਕਟਰ 29 ਜੋ ਸ਼ਾਂਤ ਜ਼ੋਨ ਐਲਾਨਿਆ ਗਿਆ ਸੀ, ਉਸ ਵਿੱਚ ਵੀ ਪੱਧਰ ਜੋ ਪਿਛਲੇ ਸਾਲ ਦੀਵਾਲੀ ਵਾਲੇ ਦਿਨ 330 ਸੀ ਉਹ ਬੀਤੇ ਦਿਨ 172 ਦਰਜ ਕੀਤਾ ਗਿਆ ਹੈ।
ਸੰਤੋਸ਼ ਕੁਮਾਰ ਨੇ ਦੱਸਿਆ ਕਿ ਚੰਡੀਗੜ ਵਿੱਚ ਸਲਫ਼ਰ ਡਾਇਆਕਸਾਈਡ ਤੇ ਨਾਈਟ੍ਰੋਜਨ ਦੇ ਪ੍ਰਦੂਸ਼ਕ ਬਹੁਤ ਘੱਟ ਹੁੰਦੇ ਹਨ ਤੇ ਇਸ ਲਈ ਪ੍ਰਦੂਸ਼ਣ ਮਾਪਣ ਲਈ RSPM ਨੂੰ ਇਕਾਈ ਮੰਨਿਆ ਗਿਆ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਹਵਾ ਵਿੱਚ ਸਾਹ ਲੈਣ ਸਮੇਂ ਅੰਦਰ ਜਾਣ ਵਾਲਾ ਹਵਾ ਵਿੱਚ ਮੌਜੂਦ ਪਦਾਰਥ ਜਾਂ ਕਣ। ਇਨਾਂ ਕਣਾਂ ਨੂੰ ਨੱਕ ਦੀ ਝਿੱਲੀ ਫੇਫੜਿਆਂ ਵਿੱਚ ਜਾਣ ਤੋਂ ਨਹੀਂ ਰੋਕ ਸਕਦੀ, ਕਿਉਂਕਿ ਉਸ ਵਿੱਚ 3 ਮਾਈਕ੍ਰੋਮੀਟਰ ਤੋਂ ਵੱਡੇ ਕਣਾਂ ਨੂੰ ਛਾਣਨ ਦੀ ਹੀ ਸਮਰੱਥਾ ਹੁੰਦੀ ਹੈ, ਜਦਕਿ ਇਨਾਂ ਆਰ.ਐਸ.ਪੀ.ਐਮ. ਦਾ ਆਕਾਰ 2.5 ਮਾਈਕ੍ਰੋਮੀਟਰ ਹੁੰਦਾ ਹੈ।
ਹਵਾ ਤੋਂ ਇਲਾਵਾ ਸ਼ੋਰ ਪ੍ਰਦੂਸ਼ਣ ਬਾਰੇ ਵੀ ਨਿਰਦੇਸ਼ਕ ਨੇ ਦੱਸਿਆ ਕਿ ਬੀਤੇ ਸਾਲ ਦੇ ਮੁਕਾਬਲੇ ਸ਼ੋਰ ਪ੍ਰਦੂਸ਼ਣ ਵੀ ਘੱਟ ਦਰਜ ਕੀਤਾ ਗਿਆ ਜਿਸ ਸਮੇਂ ਪਟਾਕੇ ਚਲਾਉਣ ਦੀ ਆਗਿਆ ਸੀ, ਉਸ ਸਮੇਂ ਵੀ ਇਹ ਪੱਧਰ ਇੱਕ ਦੋ ਥਾਵਾਂ ਨੂੰ ਛੱਡ ਕੇ ਬਾਕੀ ਸਾਰੇ ਸਥਾਨਾਂ ਤੋਂ ਘੱਟ ਹੀ ਦਰਜ ਕੀਤਾ ਗਿਆ। ਸੈਕਟਰ 17 ਵਿੱਚ ਬੀਤੇ ਸਾਲ ਦੀ ਦਿਵਾਲੀ ਮੌਕੇ ਰਾਤ ਦੇ 11 ਵਜੇ ਦੌਰਾਨ ਸ਼ੋਰ ਦਾ ਜੋ ਪੱਧਰ 66.4 ਡੈਸੀਬੈੱਲਜ਼ ਦਰਜ ਕੀਤਾ ਗਿਆ ਸੀ ਉਹ ਇਸ ਸਾਲ ਦਿਵਾਲੀ ਵਾਲੇ ਦਿਨ 54.9 ਦਰਜ ਕੀਤਾ ਗਿਆ।