• Home »
  • ਖਬਰਾਂ
  • » ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਡੀ.ਸੀ. ਦਫ਼ਤਰ ਅੱਗੇ ਧਰਨਾ-ਮੁਜ਼ਾਹਰਾ

ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਡੀ.ਸੀ. ਦਫ਼ਤਰ ਅੱਗੇ ਧਰਨਾ-ਮੁਜ਼ਾਹਰਾ

-ਪੰਜਾਬੀਲੋਕ ਬਿਊਰੋ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ‘ਤੇ ਬੇਘਰੇ ਅਤੇ ਬੇਜ਼ਮੀਨੇ ਕਿਰਤੀਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਲ ਲਈ ਡੀ.ਸੀ. ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਰਿਹਾਇਸ਼ੀ ਪਲਾਟਾਂ ਦੀਆਂ ਅਰਜੀਆਂ ਜਮਾਂ ਕਰਵਾਉਣ ਅਤੇ ਪਲਾਟਾਂ ਦੀ ਅਲਾਟਮੈਂਟ ਲਈ ਕਾਰਵਾਈ ਤੁਰੰਤ ਸ਼ੁਰੂ ਕਰਨ ਦੇ ਡੀ.ਸੀ. ਵੱਲੋਂ ਆਦੇਸ਼ ਦੇਣ ਉਪਰੰਤ ਹੀ ਧਰਨਾ ਖਤਮ ਕੀਤਾ ਗਿਆ।
ਇਸ ਤੋਂ ਪਹਿਲਾਂ ਇਹ ਧਰਨਾਕਾਰੀ ਜ਼ਿਲੇ ਭਰ ਦੇ ਪਿੰਡਾਂ ਤੋਂ ਕਾਫ਼ਲਿਆਂ ਦੇ ਰੂਪ ਵਿੱਚ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ‘ਚ ਇਕੱਠੇ ਹੋਏ। ਜਿੱਥੋਂ ਰੋਹ ਭਰਪੂਰ ਮੁਜ਼ਾਹਰਾ ਕਰਦੇ ਹੋਏ ਡੀ.ਸੀ. ਜਲੰਧਰ ਦੇ ਦਫ਼ਤਰ ਅੱਗੇ ਪੁੱਜੇ।
ਯੂਨੀਅਨ ਦੇ ਆਗੂਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੱਦਾਂ ਦੀ ਕੋਕੋ ਓਦਾਂ ਦੇ ਉਸਦੇ ਬੱਚੇ ਵਾਲੀ ਕਹਾਵਤ ਵਾਂਗ ਜਿਵੇਂ ਦੀ ਸੂਬਾ ਕਾਂਗਰਸ ਸਰਕਾਰ ਹੈ ਉਸੇ ਤਰਾਂ ਦੀ ਅਫਸਰਸ਼ਾਹੀ ਹੈ। ਸਰਕਾਰ ਅਤੇ ਪ੍ਰਸਾਸ਼ਨ ਬੇਜ਼ਮੀਨੇ ਕਿਰਤੀਆਂ ਨੂੰ ਬਣਦਾ ਹੱਕ ਦੇਣ ਲਈ ਤਿਆਰ ਨਹੀਂ। ਇਸ ਵਿੱਚ ਜਾਤ ਵੀ ਹੈ ਅਤੇ ਜਮਾਤ ਵੀ ਹੈ। ਉਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਅਤੇ ਪ੍ਰਸਾਸ਼ਨ ਨਾਲ ਮਿਲ ਕੇ ਪੇਂਡੂ ਧਨਾਢ-ਜਗੀਰਦਾਰ ਢੇਰਾਂ ਜ਼ਮੀਨਾਂ ਸਾਂਭੀ ਬੈਠੇ ਹਨ ਅਤੇ ਦੂਜੇ ਪਾਸੇ ਰਿਹਾਇਸ਼ੀ ਪਲਾਟਾਂ ਲਈ ਬੇਘਰੇ ਅਤੇ ਬੇਜ਼ਮੀਨੇ ਕਿਰਤੀ ਲੋਕ ਤਰਸ ਰਹੇ ਹਨ।
ਉਨਾਂ ਕਿਹਾ ਕਿ ਇਹਨਾਂ ਬੇਜ਼ਮੀਨੇ ਲੋਕਾਂ ‘ਚ ਵੱਡਾ ਹਿੱਸਾ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੈ। ਜਗੀਰੂ ਮਾਨਸਿਕਤਾ ਦੇ ਸ਼ਿਕਾਰ ਪੇਂਡੂ ਚੌਧਰੀ, ਜਗੀਰਦਾਰ, ਅਫਸਰਸ਼ਾਹੀ ਤੇ ਹਾਕਮ ਧਿਰਾਂ ਦੇ ਸਿਆਸਤਦਾਨ ਆਪਸ ‘ਚ ਗਠਜੋੜ ਬਣਾ ਕੇ ਮਜ਼ਦੂਰਾਂ ਨੂੰ ਮਿਲਣ ਵਾਲੇ ਪਲਾਟਾਂ ਦੇ ਜਮਹੂਰੀ ਅਧਿਕਾਰ ‘ਚ ਰੋਕਾਂ ਲਾਈ ਬੈਠੇ ਹਨ। ਇਸੇ ਕੜੀ ਦੇ ਹਿੱਸੇ ਵਜੋਂ 30 ਸਤੰਬਰ ਤੱਕ ਪਲਾਟ ਲੈਣ ਲਈ ਅਰਜੀਆਂ ਦੇਣ ਦਾ ਮਜ਼ਦੂਰਾਂ ਨੂੰ ਪੰਚਾਇਤ ਅਧਿਕਾਰੀਆਂ ਨੇ ਸੱਦਾ ਨਹੀਂ ਦਿੱਤਾ, ਗ੍ਰਾਮ ਸਭਾ ਦੇ ਅਜਲਾਸਾਂ ਰਾਹੀਂ ਪਾਸ ਕਰਵਾਏ ਮਤਿਆਂ ਉੱਪਰ ਕਾਰਵਾਈ ਕਰਕੇ ਪਲਾਟ ਨਹੀਂ ਦਿੱਤੇ ਅਤੇ ਸਰਕਾਰੀ ਆਦੇਸ਼ਾਂ ਅਨੁਸਾਰ ਅਕਤੂਬਰ ਮਹੀਨੇ ‘ਚ ਪਲਾਟਾਂ ਦੀ ਅਲਾਟਮੈਂਟ ਹੋਣ ਵਾਲੀ ਕਾਰਵਾਈ ਅੱਧਾ ਮਹੀਨਾ ਬੀਤਣ ਬਾਅਦ ਵੀ ਸ਼ੁਰੂ ਨਹੀਂ ਕੀਤੀ। ਉਨਾਂ ਕਿਹਾ ਕਿ ਆਪਣਾ ਬਣਦਾ ਹੱਕ ਲੈਣ ਤੋਂ ਬਿਨਾਂ ਕਿਰਤੀ ਲੋਕ ਚੈਨ ਨਾਲ ਨਹੀਂ ਬੈਠਣਗੇ।
ਧਰਨਾਕਾਰੀਆਂ ਨੇ ਮੰਗ ਕੀਤੀ ਕਿ ਬੇਘਰੇ ਅਤੇ ਬੇਜ਼ਮੀਨੇ ਕਿਰਤੀਆਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ, ਪਲਾਟਾਂ ਦੀਆਂ ਅਰਜੀਆਂ ਲੈਣ ਦੀ ਤਾਰੀਖ ‘ਚ ਹੋਰ ਵਾਧਾ ਕੀਤਾ ਜਾਵੇ, ਅਰਜੀਆਂ ਦੇਣ ਦੀ ਚਿੱਠੀ ਦੀ ਸੂਚਨਾ ਲੋਕਾਂ ਨੂੰ ਨਾ ਦੇਣ ਲਈ ਜ਼ਿੰਮੇਵਾਰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਲਾਭਪਾਤਰੀਆਂ ਦੀ ਚੋਣ ਕਰਨ ਦਾ ਅਧਿਕਾਰ ਨੌਕਰਸ਼ਾਹੀ ਤੋਂ ਵਾਪਸ ਲੈ ਕੇ ਇਹ ਅਧਿਕਾਰ ਗ੍ਰਾਮ ਸਭਾਵਾਂ ਨੂੰ ਤੁਰੰਤ ਦਿੱਤਾ ਜਾਵੇ।
ਧਰਨਾਕਾਰੀਆਂ ਨੂੰ ਯੂਨੀਅਨ ਦੇ ਸੂਬਾ ਆਗੂ ਤੇ ਜ਼ਿਲਾ ਪ੍ਰਧਾਨ ਹੰਸ ਰਾਜ ਪੱਬਵਾਂ, ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਜੀ.ਐਸ.ਅਟਵਾਲ, ਦਰਸ਼ਪਾਲ ਬੁੰਡਾਲਾ, ਚੰਨਣ ਸਿੰਘ ਬੁੱਟਰ ਆਦਿ ਨੇ ਸੰਬੋਧਨ ਕੀਤਾ।