ਆਰ ਐਸ ਐਸ ਨੇਤਾ ਦਾ ਕਤਲ

-ਪੰਜਾਬੀਲੋਕ ਬਿਊਰੋ
ਲੁਧਿਆਣਾ ‘ਚ ਅੱਜ ਸਵੇਰੇ ਉਸ ਵਕਤ ਦਹਿਸ਼ਤ ਪੱਸਰ ਗਈ ਜਦ ਪੌਣੇ ਅੱਠ ਵਜੇ ਦੇ ਕਰੀਬ ਆਰ ਐਸ ਐਸ ਦੇ ਸੀਨੀਅਰ ਲੀਡਰ ਰਵਿੰਦਰ ਗੋਸਾਈਂ ਨੂੰ ਘਰ ਦੇ ਨੇੜੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਲੁਧਿਆਣਾ ਦੇ ਬਸਤੀ ਜੋਧੇਵਾਲ ਥਾਣੇ ਅਧੀਨ ਪੈਂਦੇ ਕੈਲਾਸ਼ ਨਗਰ ਦੀ ਗਲੀ ਨੰਬਰ ਤਿੰਨ ਵਿੱਚ ਵਾਪਰੀ। ਪੇਸ਼ੇ ਵਜੋਂ ਪ੍ਰਾਪਰਟੀ ਸਲਾਹਕਾਰ ਰਵਿੰਦਰ ਗੋਸਾਈਂ ਆਰ.ਐਸ.ਐਸ. ਦੀ ਸ਼ਾਖਾ ਲਾਉਣ ਤੋਂ ਬਾਅਦ ਆਪਣੇ ਘਰ ਦੇ ਬਾਹਰ ਕੁੱਤਿਆਂ ਨੂੰ ਦੁੱਧ ਪਿਲਾ ਰਿਹਾ ਸੀ। ਉਸ ਸਮੇਂ ਉਸ ਨਾਲ ਉਸ ਦੀ 3 ਸਾਲ ਦੀ ਪੋਤੀ ਵੀ ਸੀ। ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਹਮਲਾਵਰਾਂ ਨੇ ਉਸ ਨੂੰ ਦੋ ਗੋਲੀਆਂ ਮਾਰੀਆਂ। ਇੱਕ ਗੋਲ਼ੀ ਪਿੱਠ ਤੇ ਇੱਕ ਗਰਦਨ ਵਿੱਚ ਲੱਗੀ,  ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸਾਰੀ ਘਟਨਾ ਸੀ ਸੀ ਟੀਵੀ ਵਿੱਚ ਕੈਦ ਹੋ ਗਈ।
ਘਟਨਾ ਤੋਂ ਤੁਰੰਤ ਬਾਅਦ ਪੁਲੀਸ ਤੇ ਆਰ ਐਸ ਐਸ ਦੇ ਵਰਕਰ ਤੇ ਲੀਡਰ ਮੌਕੇ ‘ਤੇ ਪੁੱਜੇ। ਪੁਲੀਸ ਨੇ  ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਗਏ ਹਨ।  ਗੋਸਾਈਂ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਇਸ ਕਤਲ ਪਿੱਛੇ ਜਾਇਦਾਦ ਦਾ ਝਗੜਾ ਕਾਰਨ ਹੋ ਸਕਦਾ ਹੈ। ਮ੍ਰਿਤਕ ਰਵਿੰਦਰ ਦੇ ਪੁੱਤਰ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਉਨਾਂ ਦਾ ਇੱਕ ਜਾਇਦਾਦ ਸਬੰਧੀ ਕਿਸੇ ਨਾਲ ਝਗੜਾ ਚੱਲ ਰਿਹਾ ਹੈ, ਹੋ ਸਕਦਾ ਉਸ ਦੇ ਪਿਤਾ ਦਾ ਕਤਲ ਇਸੇ ਕਰਕੇ ਹੀ ਹੋ ਗਿਆ ਹੋਵੇ। ਹਾਲਾਂਕਿ, ਉਸ ਨੇ ਇਹ ਨਹੀਂ ਦੱਸਿਆ ਕਿ ਝਗੜਾ ਕਿਸ ਨਾਲ ਹੈ।
ਦੱਸਣਯੋਗ ਹੈ ਪਿਛਲੇ ਸਾਲ ਆਰ.ਐਸ.ਐਸ. ਪੰਜਾਬ ਦੇ ਮੁਖੀ ਜਗਦੀਸ਼ ਗਗਨੇਜਾ ਦਾ ਜਲੰਧਰ ‘ਚ ਕਤਲ ਹੋ ਗਿਆ ਸੀ ਪਰ ਪੰਜਾਬ ਅਜੇ ਤੱਕ ਉਨਾਂ ਦੇ ਕਾਤਲਾਂ ਨੂੰ ਫੜਨ ‘ਚ ਨਾਕਾਮ ਰਹੀ ਹੈ। ਗਗਨੇਜਾ ਤੋਂ ਬਾਅਦ ਰਵਿੰਦਰ ਗੋਸਾਈਂ ਦੀ ਹੱਤਿਆ ਨੂੰ ਲੈ ਕੇ ਸੰਘ ਆਗੂਆਂ ਵਿਚ ਦੁੱਖ ਅਤੇ ਰੋਸ ਪਾਇਆ ਜਾ ਰਿਹਾ ਹੈ। ਸੰਘ ਪਰਿਵਾਰ ਦਾ ਅਹਿਮ ਹਿੱਸਾ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੂੰ ਜਦੋਂ ਆਪਣੇ ਸਾਥੀ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਆਪਣੇ ਅੱਥਰੂ ਨਾ ਰੋਕ ਸਕੇ। ਇਸ ਘਟਨਾ ‘ਤੇ ਅਫਸੋਸ ਪ੍ਰਗਟ ਕਰਦੇ ਹੋਏ ਕਾਲੀਆ ਨੇ ਸਰਕਾਰ ਕੋਲੋਂ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਜ਼ਿਲਾ ਜਲੰਧਰ ਭਾਜਪਾ ਦੇ ਪ੍ਰਧਾਨ ਰਮੇਸ਼ ਸ਼ਰਮਾ ਨੇ ਇਸ ਅਪਰਾਧੀਕ ਘਟਨਾ ਦੀ ਨਿੰਦਾ ਕੀਤੀ ਹੈ। ਭਾਜਪਾ ਆਗੂਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਰ. ਐੱਸ. ਐੱਸ. ਆਗੂ ਰਵਿੰਦਰ ਦੇ ਕਤਲ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਨੇਤਾ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਸ ਦਾ ਕਤਲ ਕਰਨਾ ਨਿੰਦਣਯੋਗ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਪਹਿਲਾਂ ਮਾਤਾ ਚੰਦ ਕੌਰ ਅਤੇ ਫਿਰ ਗਗਨੇਜਾ ਉਸ ਤੋਂ ਬਾਅਦ ਪਾਸਟਰ ਦਾ ਕਤਲ ਅਤੇ ਹੁਣ ਰਵਿੰਦਰ ਦਾ ਕਤਲ ਇਹ ਸਾਫ ਦਰਸਾਉਂਦਾ ਹੈ ਕਿ ਪੰਜਾਬ ‘ਚ ਕਾਨੂੰਨ-ਵਿਵਸਥਾ ਦੀ ਸਥਿਤੀ ਬਹੁਤ ਵਿਗੜ ਚੁੱਕੀ ਹੈ ਅਤੇ ਇਸ ਦਾ ਹੱਲ ਪਿਛਲੇ 10 ਸਾਲਾਂ ਦੀ ਵਾਲੀ ਸਰਕਾਰ ਤੋਂ ਵੀ ਬੱਦਤਰ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਗ੍ਰਹਿ ਵਿਭਾਗ ਸੰਭਾਲਣ ‘ਚ ਅਸਮਰੱਥ ਰਹੇ ਹਨ ਅਤੇ ਹੁਣ ਤੱਕ ਇਨਾਂ ਸਾਰੀਆਂ ਵਾਰਦਾਤਾਂ ‘ਚ ਕਾਤਲਾਂ ਦਾ ਪਤਾ ਨਹੀਂ ਲੱਗ ਸਕਿਆ। ਇਹ ਪਤਾ ਹੋਣ ‘ਤੇ ਵੀ ਕਿ ਇਕ ਪੀਲਾ ਮੋਟਰਸਾਈਕਲ ਇਨਾਂ ਵਾਰਦਾਤਾਂ ‘ਚ ਇਸਤੇਮਾਲ ਕੀਤਾ ਗਿਆ ਹੈ, ਪੁਲਸ ਮੋਟਰਸਾਈਕਲ ਨੂੰ ਵੀ ਟਰੇਸ ਕਰਨ ‘ਚ ਨਾਕਾਮਯਾਬ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਪੁਲਸ ‘ਤੇ ਸਿਆਸੀ ਦਬਾਅ ਬਹੁਤ ਜ਼ਿਆਦਾ ਹੈ। ਖਹਿਰਾ ਨੇ ਕਿਹਾ ਕਿ ਹੁਣ ਵੀ ਪਿਛਲੇ ਅਕਾਲੀ ਭਾਜਪਾ ਰਾਜ ਵਾਂਗ ਜੰਗਲ ਰਾਜ ਹੀ ਹੈ, ਕੋਈ ਬਦਲਾਅ ਨਹੀਂ ਸਿਰਫ ਚਿਹਰੇ ਹੀ ਬਦਲੇ ਹਨ।