• Home »
  • ਖਬਰਾਂ
  • » ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਤੇ ਟਾਸਕ ਫੋਰਸ ਦਰਮਿਆਨ ਝੜਪ

ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਤੇ ਟਾਸਕ ਫੋਰਸ ਦਰਮਿਆਨ ਝੜਪ

-ਪੰਜਾਬੀਲੋਕ ਬਿਊਰੋ
ਸੁਹਿਰਦ ਸਿੱਖ ਕੌਮ ਦਾ ਸਿਰ ਅੱਜ ਓਸ ਵਕਤ ਸ਼ਰਮ ਨਾਲ ਝੁਕ ਗਿਆ ਜਦ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਅਤੇ ਐਸ ਜੀ ਪੀ ਸੀ ਦੀ ਟਾਸਕ ਫੋਰਸ ਦਰਮਿਆਨ ਹਿੰਸਕ ਝੜਪ ਹੋ ਗਈ। ਕਈਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਆਈ ਹੈ।
ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਛੋਟਾ ਘੱਲੂਘਾਰਾ ਗੁਰਦਵਾਰਾ ਮਾਮਲੇ ‘ਚ ਜੌਹਰ ਸਿੰਘ ਦਾ ਪੱਖ ਸੁਣਨ ਲਈ ਹਰਿਮੰਦਰ ਸਾਹਿਬ ਪਹੁੰਚੇ ਸਨ। ਮੁਤਵਾਜ਼ੀ ਜਥੇਦਾਰਾਂ ‘ਚੋਂ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਉੱਥੇ ਮੌਜੂਦ ਸਨ। ਜੌਹਰ ਸਿੰਘ ਨੂੰ ਭਲਕੇ 13 ਅਕਤੂਬਰ ਨੂੰ ਅਕਾਲ ਤਖ਼ਤ ‘ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਅੱਜ ਹੀ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਥਾਂ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋਣ ਲਈ ਆ ਗਿਆ। ਜੌਹਰ ਸਿੰਘ ਪਹਿਲਾਂ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੋ ਗਿਆ ਅਤੇ ਜਦੋਂ ਸਰਬਤ ਖ਼ਾਲਸਾ ਦੇ ਜੱਥੇਦਾਰ ਤੇ ਸਮਰਥਕ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਲੱਗੇ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਰੋਕ ਲਿਆ, ਜਿਸ ਕਾਰਨ ਟਕਰਾਅ ਹੋ ਗਿਆ। ਸ਼੍ਰੋਮਣੀ ਕਮੇਟੀ ਨੇ ਇਲਜ਼ਾਮ ਲਾਇਆ ਹੈ ਕਿ ਸਤਨਾਮ ਸਿੰਘ ਮੁੰਨਵਾਂ ਤੇ ਸਰਬੱਤ ਖ਼ਾਲਸਾ ਦੇ ਸਮਰਥਕਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਸੀ।
ਦੱਸ ਦੇਈਏ ਜੌਹਰ ਸਿੰਘ ਗੁਰਦਵਾਰਾ ਕਾਹਨੂੰਵਾਨ ਛੰਭ ਛੋਟਾ ਘੱਲੂਘਾਰਾ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਤੇ ਇੱਥੋਂ ਦੇ ਸਕੱਤਰ ਦਾ ਬੀਤੇ ਦਿਨੀਂ ਗੁਰਦਵਾਰੇ ਅੰਦਰ ਕਿਸੇ ਔਰਤ ਨਾਲ ਇਤਰਾਜ਼ਯੋਗ ਹਾਲਾਤ ਵਿੱਚ ਫੜੇ ਜਾਣ ਕਾਰਨ, ਜੌਹਰ ਸਿੰਘ ਨੂੰ ਪ੍ਰਧਾਨ ਹੋਣ ਨਾਤੇ ਜਵਾਬ ਤਲਬੀ ਲਈ ਸੱਦਿਆ ਗਿਆ ਸੀ। ਇਸ ਬਾਰੇ ਅਕਾਲੀ ਦਲ ਦੇ ਆਗੂ ਸੇਵਾ ਸਿੰਘ ਸੇਖਵਾਂ, ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸੁੱਚਾ ਸਿੰਘ ਲੰਗਾਹ ਨੇ ਅਕਾਲ ਤਖਤ ‘ਤੇ ਸ਼ਿਕਾਇਤ ਕੀਤੀ ਸੀ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦਰਬਾਰ ਸਾਹਿਬ ਵਿਖੇ ਹੋਈ ਝੜਪ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਕਾਰਾ ਪੰਥ ਵਿਰੋਧੀ ਤਾਕਤਾਂ ਵੱਲੋਂ ਕੀਤਾ ਗਿਆ ਹੈ। ਪ੍ਰੋ. ਬਡੂੰਗਰ ਇੱਥੇ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਕਿਸੇ ਸੈਮੀਨਾਰ ਵਿੱਚ ਹਿੱਸਾ ਲੈਣ ਆਏ ਸਨ।

ਪ੍ਰਧਾਨ ਨੇ ਕਿਹਾ ਕਿ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਪੂਰੇ ਵਿਧਾਨਕ ਢੰਗ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ 2011 ਵਿੱਚ 55 ਲੱਖ ਸਿੱਖਾਂ ਨੇ ਵੋਟਾਂ ਪਾ ਕੇ ਸ਼੍ਰੋਮਣੀ ਕਮੇਟੀ ਨੂੰ ਚੁਣਿਆ ਹੋਇਆ ਹੈ। ਇਨ੍ਹਾਂ ਚੋਣਾਂ ਵਿੱਚ ਹਰ ਪਾਰਟੀ ਦੇ ਮੈਂਬਰ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਬੀਤੀ 5 ਨਵੰਬਰ 2016 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ ਹੈ।

ਪ੍ਰੋ. ਬਡੂੰਗਰ ਨੇ ਕਿਹਾ ਕਿ ਚੁਣੀ ਹੋਈ ਕਮੇਟੀ ਪੂਰੇ ਵਿਧਾਨਕ ਤਰੀਕੇ ਨਾਲ ਅੱਗੇ ਸਿੰਘ ਸਾਹਿਬਾਨਾਂ ਦੀ ਚੋਣ ਕਰਦੀ ਹੈ, ਜੋ ਕਿ ਇੱਕ ਪੁਰਾਣੀ ਪਰੰਪਰਾ ਹੈ। ਉਨ੍ਹਾਂ ਕਿਹਾ ਕੁਝ ਜੱਥੇਬੰਦੀਆਂ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੀਆਂ ਹਨ ਤੇ ਪੂਰੇ ਪੰਥ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ।