ਹਿਮਾਚਲ ‘ਚ 9 ਨਵੰਬਰ ਨੂੰ ਵੋਟਾਂ

-ਪੰਜਾਬੀਲੋਕ ਬਿਊਰੋ
ਚੋਣ ਕਮਿਸ਼ਨ ਨੇ ਹਿਮਾਚਲ ਪ੍ਰਦੇਸ਼ ਦੀਆਂ 68 ਸੀਟਾਂ ਵਾਲੀ ਵਿਧਾਨ ਸਭਾ ਲਈ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ, 16 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ, ਨਾਮੀਨੇਸ਼ਨ ਦੀ ਆਖਰੀ ਤਰੀਕ 23 ਤੇ ਵਾਪਸ ਲੈਣ ਦੀ 26 ਅਕਤੂਬਰ ਹੈ,ਵੋਟਿੰਗ 9 ਨਵੰਬਰ ਨੂੰ ਹੋਵੇਗੀ, ਨਤੀਜੇ 18 ਦਸੰਬਰ ਨੂੰ ਆਉਣਗੇ। ਹਿਮਾਚਲ ਦੇ ਮੌਜੂਦਾ ਸੀ ਐਮ ਵੀਰਭੱਦਰ ਸਿੰਘ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲੱਗਿਆ ਹੋਇਆ ਹੈ, ਜੀਹਦੇ ਕਰਕੇ ਸੂਬੇ ਵਿੱਚ ਕਾਂਗਰਸ ਦੇ ਅਕਸ ਨੂੰ ਵੱਡੀ ਢਾਅ ਲੱਗੀ ਹੈ। ਭਾਜਪਾ ਮੋਦੀ ਦੀ ਅਗਵਾਈ ਵਿੱਚ ਵੱਡੀ ਮੁਹਿੰਮ ਚਲਾ ਰਹੀ ਹੈ, ਲੋਕ ਬਦਲਾਅ ਚਾਹੁੰਦੇ ਹਨ ਤੇ ਇਸੇ ਮਹੀਨੇ ਨਰੇਂਦਰ ਮੋਦੀ ਹਿਮਾਚਲ ਵਿੱਚ 1500 ਕਰੋੜ ਦੀਆਂ ਯੋਜਨਾਵਾਂ ਦਾ ਐਲਾਨ ਕਰਕੇ ਆਏ ਹਨ। ਇਹਨਾਂ ਵਿੱਚ ਆਈ ਆਈ ਟੀ ਤੇ ਏਮਜ਼ ਵਰਗੀਆਂ ਸੰਸਥਾਵਾਂ ਦੀ ਯੋਜਨਾ ਸ਼ਾਮਲ ਹੈ।
ਹਿਮਾਚਲ ਵਿੱਚ ਕਾਂਗਰਸ ਨੂੰ ਭਾਜਪਾ ਤਕੜੀ ਟੱਕਰ ਦੇ ਸਕਦੀ ਹੈ, ਪਰ ਮਹਾਰਾਸ਼ਟਰ ਦੀ ਨਾਂਦੇੜ ਨਗਰ ਪਾਲਿਕਾ ਚੋਣਾਂ ‘ਚ ਕਾਂਗਰਸ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਕਾਂਗਰਸ ਨੇ 81 ‘ਚੋਂ 66 ਸੀਟਾਂ ਹਾਸਲ ਕੀਤੀਆਂ ਹਨ।