• Home »
  • ਖਬਰਾਂ
  • » ਜੈ ਸ਼ਾਹ ਖਿਲਾਫ ਆਪ ਵਲੋਂ ਰੋਸ ਵਿਖਾਵਾ

ਜੈ ਸ਼ਾਹ ਖਿਲਾਫ ਆਪ ਵਲੋਂ ਰੋਸ ਵਿਖਾਵਾ

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਦੀ ਅੰਮ੍ਰਿਤਸਰ ਇਕਾਈ ਵਲੋਂ ਸ਼ਹਿਰੀ ਪ੍ਰਧਾਨ ਸੁਰੇਸ਼ ਸ਼ਰਮਾ ਦੀ ਅਗਵਾਈ ‘ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਖਿਲਾਫ ਸ਼ਾਂਤੀਮਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਦੇ ਕਾਰਕੁੰਨਾਂ ਨੇ  ਮੋਦੀ ਤੇ ਭਾਜਪਾ ਵਿਰੋਧੀ ਤਖਤੀਆਂ ਚੁੱਕ ਕੇ ਪ੍ਰਦਰਸ਼ਨਕੀਤੇ ਤੇ ਪੋਸਟਰ ਜ਼ਰੀਏ ਇਸ ਪੂਰੇ ਮਾਮਲੇ ਦਾ ਖੁਲਾਸਾ ਕਰਨ ਵਾਲੀ ਮਹਿਲਾ ਪੱਤਰਕਾਰ ਦਾ ਵੀ ਸਮਰਥਨ ਕੀਤਾ।
ਆਪ ਆਗੂਆਂ ਨੇ ਕਿਹਾ ਕਿ ਜੈ ਸ਼ਾਹ ਦੀ ਕੰਪਨੀ ਜੋ ਪਿਛਲੇ ਦੋ ਸਾਲ ਤੋਂ ਘਾਟੇ ‘ਚ ਚਲ ਰਹੀ ਸੀ ਅਚਾਨਕ ਉਹ ਕੰਪਨੀ 80 ਕਰੋੜ ਦਾ ਮੁਨਾਫੇ ‘ਚ ਕਿਵੇਂ ਚਲੀ ਗਈ। ਇਸ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਮਾਮਲੇ ‘ਚ ਸੁਪਰੀਮ ਕੋਰਟ ਧਿਆਨ ਦੇਵੇ ਅਤੇ ਜਿਹਨਾਂ ਕੰਪਨੀਆਂ ਨੇ ਜੈ ਸ਼ਾਹ ਦੀਆਂ ਕੰਪਨੀਆਂ ਨੂੰ ਲੋਨ ਦਿੱਤਾ ਹੈ ਉਸ ਦੀ ਵੀ ਜਾਂਚ ਕੀਤੀ ਜਾਵੇ। ਉਨਾਂ ਇਹ ਵੀ ਕਿਹਾ ਕਿ ਇਸੇ ਮਹਿਲਾ ਪੱਤਰਕਾਰ ਨੇ ਜਦੋਂ ਰਾਬਰਟ ਵਾਡਰਾ ਸੰਬੰਧੀ ਖੁਲਾਸਾ ਕੀਤਾ ਸੀ ਉਸ ਸਮੇਂ ਭਾਜਪਾ ਨੇ ਇਸੇ ਮਹਿਲਾ ਪੱਤਰਕਾਰ ਨੂੰ ਇਮਾਨਦਾਰ ਦੱਸਿਆ ਸੀ ਤੇ ਹੁਣ ਉਹ ਬੇਇਮਾਨ ਕਿਵੇਂ ਹੋ ਸਕਦੀ ਹੈ। ਹੁਣ ਭਾਜਪਾ ਉਸ ਨੂੰ ਮਾਨਹਾਨੀ ਦੇ ਨਾਂ ‘ਤੇ ਡਰਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ।
ਇਹ ਵੀ ਖਬਰ ਆਈ ਹੈ ਕਿ ਜੈ ਸ਼ਾਹ ‘ਤੇ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਪਹਿਲੀ ਵਾਰ ਆਰ.ਐਸ.ਐਸ. ਵਲੋਂ ਬਿਆਨ ਆਇਆ ਹੈ। ਸੰਘ ਦੇ ਕੋਆਰਡੀਨੇਟਰ ਦੱਤਾਤ੍ਰੇਅ ਹੋਸਬੋਲੇ ਨੇ ਕਿਹਾ ਹੈ ਕਿ ਜੇ ਕੋਈ ਮਾਮਲਾ ਬਣਦਾ ਹੈ ਤਾਂ ਜਾਂਚ ਹੋਣੀ ਚਾਹੀਦੀ ਹੈ। ਯਾਦ ਰਹੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਪ ਹੀ ਸਾਰੇ ਮਾਮਲੇ ਵਿੱਚ ਜੈ ਸ਼ਾਹ ਨੂੰ ਕਲੀਨ ਚਿੱਟ ਦੇ ਕੇ ਕਿਹਾ ਸੀ ਕਿ ਜਾਂਚ ਦੀ ਕੋਈ ਲੋੜ ਨਹੀਂ, ਜੈ ਦਾ ਸਾਰਾ ਕਾਰੋਬਾਰ ਸਾਫ ਸ਼ਫਾਕ ਹੈ।