• Home »
  • ਖਬਰਾਂ
  • » ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 518 ਅਸਾਮੀਆਂ ਖਤਮ ਕਰਨ ਦਾ ਫੈਸਲਾ

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 518 ਅਸਾਮੀਆਂ ਖਤਮ ਕਰਨ ਦਾ ਫੈਸਲਾ

-ਪੰਜਾਬੀਲੋਕ ਬਿਊਰੋ
ਹਰ ਘਰ ਨੌਕਰੀ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਦੇ ਕਾਰਜਕਾਲ ਵਿੱਚ ਨੌਕਰੀਆਂ ‘ਤੇ ਲੱਗੇ ਹੋਏ ਬੇਰੁਜ਼ਗਾਰ ਹੁੰਦੇ ਜਾ ਰਹੇ ਨੇ।
ਪੰਜਾਬ ਸਕੂਲ ਸਿੱਖਿਆ ਬੋਰਡ ਆਫ ਡਾਇਰੈਕਟਰਜ਼ ਦੀ ਸਿੱਖਿਆ ਵਿਭਾਗ ਦੇ ਸਕੱਤਰ-ਕਮ-ਸਕੂਲ ਬੋਰਡ ਦੇ ਕਾਰਜਕਾਰੀ ਚੇਅਰਮੈਨ ਕ੍ਰਿਸ਼ਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਬੋਰਡ ਦੀਆਂ 518 ਅਸਾਮੀਆਂ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ। ਜਿਵੇਂ ਹੀ ਮੀਟਿੰਗ ਦੀ ਕਾਰਵਾਈ ਲੀਕ ਹੋਈ ਤਾਂ ਬੋਰਡ ਮੁਲਾਜ਼ਮਾਂ ਨੇ ਕ੍ਰਿਸ਼ਨ ਕੁਮਾਰ ਦਾ ਘਿਰਾਓ ਕਰ ਲਿਆ, ਕ੍ਰਿਸ਼ਨ ਕੁਮਾਰ ਦੇਰ ਸ਼ਾਮ ਤਕ ਆਪਣੇ ਦਫ਼ਤਰ ‘ਚ ਬੰਦੀ ਬਣੇ ਰਹੇ। ਪੁਲੀਸ ਫੋਰਸ ਨੇ ਮੁਸ਼ਕਲ ਨਾਲ ਸਥਿਤੀ ਸੰਭਾਲੀ।
ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਵਿੱਤ ਵਿਭਾਗ ਦੇ ਹੁਕਮਾਂ ‘ਤੇ ਸਾਰੇ ਬੋਰਡਾਂ ਤੇ ਕਾਰਪੋਰੇਸ਼ਨਾਂ ‘ਚ ਅਸਾਮੀਆਂ ਦੀ ਰੀ-ਸਟਰਕਚਰਿੰਗ ਕੀਤੀ ਜਾ ਰਹੀ ਹੈ। ਪਹਿਲਾਂ ਸਕੂਲ ਬੋਰਡ ਅਧੀਨ  15 ਲੱਖ ਵਿਦਿਆਰਥੀ ਦਾਖ਼ਲ ਹੁੰਦੇ ਸਨ, ਹੁਣ ਗਿਣਤੀ ਘੱਟ ਕੇ 5 ਲੱਖ ਰਹਿ ਗਈ ਹੈ। ਬੱਚਿਆਂ ਦੀ ਗਿਣਤੀ ਘਟਣ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ।
ਇਸ ਦੌਰਾਨ ਮਾੜੀ ਆਰਥਿਕ ਹਾਲਤ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਿਛਲੀ ਸਰਕਾਰ ਵੱਲੋਂ ਵਿਰਸੇ ‘ਚ ਮਿਲੇ ਖਾਲੀ ਖ਼ਜ਼ਾਨੇ ਦੇ ਬਾਵਜੂਦ ਉਨਾਂ ਦੀ ਸਰਕਾਰ ਸਿਹਤ ਸੰਭਾਲ ਤੇ ਸਿੱਖਿਆ ਜਿਹੇ ਅਹਿਮ ਖੇਤਰਾਂ ‘ਚ ਬੁਨਿਆਦੀ ਢਾਂਚੇ ਸੁਧਾਰਨ ਲਈ ਵਚਨਬੱਧ ਹੈ। ਉਨਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਵਿਰਸੇ ‘ਚ ਮਿਲੇ ਮਾੜੇ ਵਿੱਤੀ ਹਾਲਾਤ ਤੋਂ ਜਲਦੀ ਹੀ ਉੱਭਰ ਆਏਗੀ। ਕੈਪਟਨ ਨੇ ਅਕਾਲੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਦੀ ਆਲੋਚਨਾ ਕਰਦਿਆਂ ਖੇਤੀਬਾੜੀ ਟਿਊਬਵੈਲਾਂ ਉੱਤੇ ਮੀਟਰ ਲਾਉਣ ਤੋਂ ਸਪਸ਼ਟ ਇਨਕਾਰ ਕੀਤਾ ਹੈ। ਕਿਹਾ ਕਿ ਖੇਤੀ ਸੈਕਟਰ ਲਈ ਬਿਜਲੀ ਉੱਤੇ ਸਬਸਿਡੀ ਜਾਰੀ ਰਹੇਗੀ। ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਜੀ.ਐਸ.ਟੀ. ਹੇਠ ਖੇਤੀਬਾੜੀ ਨਾਲ ਸਬੰਧਤ ਵਸਤਾਂ ‘ਤੇ ਲਾਈਆਂ ਟੈਕਸ ਦਰਾਂ ਦਾ ਜਾਇਜ਼ਾ ਲੈਣ ਦੀ ਅਪੀਲ ਕੀਤੀ ਹੈ।