• Home »
  • ਖਬਰਾਂ
  • » ਸਾਫ ਸਫਾਈ ਦਾ ਸੁਨੇਹਾ ਵੰਡਦੇ ਸਵੱਛਤਾ ਰੱਥ ਨੂੰ ਵਿਖਾਈ ਝੰਡੀ

ਸਾਫ ਸਫਾਈ ਦਾ ਸੁਨੇਹਾ ਵੰਡਦੇ ਸਵੱਛਤਾ ਰੱਥ ਨੂੰ ਵਿਖਾਈ ਝੰਡੀ

-ਪੰਜਾਬੀਲੋਕ ਬਿਊਰੋ
ਸਿਹਤਮੰਦ ਰਹਿਣ ਲਈ ਸਵੱਛਤਾ ਨੂੰ ਅਪਣਾਉਣ ਦਾ ਸੁਨੇਹਾਂ ਜ਼ਿਲੇ ਅੰਦਰ ਘਰ-ਘਰ ਤੱਕ ਪਹੁੰਚਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਵੱਛਤਾ ਰੱਥ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ ਜਿਸ ਵੱਲੋਂ ਜ਼ਿਲੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ  ਪੁੱਜਕੇ ਲੋਕਾਂ ਨੂੰ ਸਵੱਛਤਾ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਆ ਜਾਵੇਗਾ।
ਸਵੱਛਤਾ ਰੱਥ  ਨੂੰ ਝੰਡੀ ਵਿਖਾਉਣ ਉਪਰੰਤ  ਮੀਡੀਆ ਨਾਲ  ਗੱਲਬਾਤ  ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਵੱਛਤਾ ਰੱਥ ਵੱਲੋਂ ਜ਼ਿਲੇ ਦੇ ਸਮੁੱਚੇ 900 ਪਿੰਡਾਂ, ਕਸਬਿਆਂ ਅਤੇ ਸ਼ਹਿਰੀ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਕੇ ਸਵੱਛਤਾ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਲੋਕਾਂ ਨੂੰ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ, ਖੁੱਲੇ ‘ਚ ਸੌਚ ਨਾ ਕਰਨ, ਵਾਤਾਵਰਣ ਨੂੰ ਨਰੋਆ ਬਣਾਉਣ ਅਤੇ ਤੰਦਰੁਸਤ ਸਮਾਜ ਸਿਰਜਣ ਲਈ ਪ੍ਰੇਰਿਆ ਜਾਵੇਗਾ।
ਉਨਾਂ ਦੱਸਿਆ ਕੇ ਦੋ ਹਫਤੇ ਲੰਮੇਂ ਇਸ ਪ੍ਰੋਗ੍ਰਾਮ ਦੌਰਾਨ ਲੋਕਾਂ ਨੂੰ ਸਵੱਛਤਾ ਪ੍ਰਤੀ ਵਿਗਿਆਨਕ ਪਹੁੰਚ ਅਪਣਾਉਣ ਦੇ ਨਾਲ-ਨਾਲ ਨੌਜਵਾਨ ਪੀੜੀ ਨੂੰ ਵੀ ਪ੍ਰੇਰਿਆ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਭੁਰਿੰਦਰ ਸਿੰਘ, ਕਾਰਜਕਾਰੀ ਇੰਜਨੀਅਰ ਸ੍ਰੀ ਕੇ.ਐਸ.ਸੈਣੀ, ਉਪ ਮੰਡਲ ਅਫਸਰ ਸ੍ਰੀ ਗਗਨ ਦੀਪ ਸਿੰਘ ਵਾਲੀਆ ਤੇ ਹੋਰ ਅਧਿਕਾਰੀ ਹਾਜ਼ਰ ਸਨ।