• Home »
  • ਖਬਰਾਂ
  • » ਕੁੜੀਆਂ ਨਾਲ ਛੇੜਛਾੜ ਦੀ ਵਿਰੋਧਤਾ ਕਰਨ ਵਾਲੇ 1200 ਵਿਦਿਆਰਥੀਆਂ ‘ਤੇ ਕੇਸ ਦਰਜ

ਕੁੜੀਆਂ ਨਾਲ ਛੇੜਛਾੜ ਦੀ ਵਿਰੋਧਤਾ ਕਰਨ ਵਾਲੇ 1200 ਵਿਦਿਆਰਥੀਆਂ ‘ਤੇ ਕੇਸ ਦਰਜ

-ਪੰਜਾਬੀਲੋਕ ਬਿਊਰੋ
ਬਨਾਰਸ ਹਿੰਦੂ ਯੂਨੀਵਰਸਿਟੀ ਕੈਂਪਸ ਵਿੱਚ ਛੇੜਛਾੜ ਦੀ ਵਿਰੋਧਤਾ ਕਰਦਿਆਂ ਸੰਘਰਸ਼ ਕਰ ਰਹੀਆਂ ਵਿਦਿਆਰਥਣਾਂ ‘ਤੇ ਮੋਦੀ ਦੀ ਬਨਾਰਸ ਫੇਰੀ ਤੋਂ ਬਾਅਦ ਯੂ ਪੀ ਪੁਲਿਸ ਨੇ  ਲਾਠੀਚਾਰਜ ਕੀਤਾ ਸੀ, ਦੇਸ਼ ਭਰ ਵਿੱਚ ਪੁਲਿਸ ਦੀ ਇਸ ਕਾਰਵਾਈ ਦੀ ਵਿਰੋਧਤਾ ਤੇ ਅਲੋਚਨਾ ਹੋ ਰਹੀ ਹੈ, ਯੂ ਪੀ ਸਰਕਾਰ ‘ਤੇ ਇਸ ਮਸਲੇ ਨੂੰ ਲੈ ਕੇ ਦਬਾਅ ਹੈ, ਪੀ ਐਮ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਮਾਮਲੇ ਦੀ ਰਿਪੋਰਟ ਤਲਬ ਕਰਨ ਦੇ ਨਾਲ ਨਾਲ ਜਲਦੀ ਇਸ ਮਸਲੇ ਨਾਲ ਸਿੱਝਣ ਲਈ ਯੋਗੀ ਸਰਕਾਰ ਨੂੰ ਕਿਹਾ ਹੈ।
ਤੇ ਯੋਗੀ ਸਰਕਾਰ ਨੇ ਕਾਰਵਾਈ ਕਰਦਿਆਂ ਸੰਘਰਸ਼ ਕਰ ਰਹੀਆਂ ਵਿਦਿਆਰਥਣਾਂ ‘ਤੇ  ਅੱਧੀ ਰਾਤ ਨੂੰ ਲਾਠੀਚਾਰਜ ਕਰਨ ਵਾਲੇ ਸਿਰਫ਼ ਦੋ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਹੈ, ਪਰ ਛੇੜਛਾੜ ਦਾ ਵਿਰੋਧ ਕਰ ਰਹੇ 1200 ਵਿਦਿਆਰਥੀਆਂ ‘ਤੇ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਵਿੱਚ ਬੀ.ਐਚ.ਯੂ. ਦੇ ਨੇੜਲੇ ਇਲਾਕੇ ਐਸ.ਓ. ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਉਸ ਦੀ ਜਗਾ ਜੈਤਪੁਰਾ ਦੇ ਥਾਣਾ ਮੁਖੀ ਨੂੰ ਇਸ ਇਲਾਕੇ ਦਾ ਚਾਰਜ ਦੇ ਦਿੱਤਾ ਗਿਆ ਹੈ। ਲੰਕਾ ਥਾਣਾ ਭੇਲੂਪੁਰ ਸਰਕਲ ਵਿੱਚ ਆਉਂਦਾ ਹੈ। ਭੇਲੂਪੁਰ ਦੇ ਸਰਕਲ ਅਫ਼ਸਰ ਨਿਵੇਸ਼ ਕਟਿਆਰ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਾਰਾਣਸੀ ਦੇ ਮੈਜਿਸਟ੍ਰੇਟ ਪ੍ਰਥਮ ਸੁਸ਼ੀਲ ਕੁਮਾਰ ਗੋਂਡ ਦਾ ਕਾਰਜਭਾਰ ਤਬਦੀਲ ਕਰ ਦਿੱਤਾ ਹੈ।
ਪੁਲਿਸੀਆ ਕਾਰਵਾਈ ਤੋਂ ਬਾਅਦ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਅੰਦੋਲਨ ਥੋੜਾ ਸ਼ਾਂਤ ਹੋ ਗਿਆ ਹੈ ਪਰ ਇਸ ਮੁੱਦੇ ‘ਤੇ ਸਿਆਸਤ ਲਗਾਤਾਰ ਗਰਮ ਹੋ ਰਹੀ ਹੈ। ਵਾਰਾਨਸੀ ਤੋਂ ਲੈ ਕੇ ਦਿੱਲੀ ਤੱਕ ਵਿਦਿਆਰਥਣਾਂ ‘ਤੇ ਕੀਤੇ ਲਾਠੀਚਾਰਜ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਦਿੱਲੀ ਵਿੱਚ ਕਾਂਗਰਸ ਤੇ ਬਨਾਰਸ ਯੂਨੀਵਰਿਸਟੀ ਦੇ ਬਾਹਰ ਏ.ਬੀ.ਵੀ.ਪੀ. ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮਾਮਲੇ ਨੂੰ ਵਾਚਣ ਲਈ ਸਮਾਜਵਾਦੀ ਪਾਰਟੀ ਆਪਣਾ 8 ਮੈਂਬਰੀ ਵਫ਼ਦ ਵਾਰਾਣਸੀ ਭੇਜੇਗੀ। ਬੀਤੇ ਦਿਨੀਂ ਕਾਂਗਰਸ ਨੇਤਾਵਾਂ ਨੂੰ ਬੀ.ਐਚ.ਯੂ. ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ।
ਦਿੱਗਵਿਜੈ ਸਿੰਘ ਤੇ ਸੀਤਾਰਾਮ ਯੇਚੁਰੀ ਨੇ ਇਸ ਲਾਠੀਚਾਰਜ ਦੀ ਨਿੰਦਾ ਕੀਤੀ ਸੀ। ਇਸ ਤੋਂ ਬਾਅਦ ਹੁਣ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ਕਿ ਇਹ ਬੇਟੀ ਬਚਾਓ ਬੇਟੀ ਪੜਾਓ ਦਾ ਭਗਵਾ ਪਾਰਟੀ ਦਾ ਤਰੀਕਾ। ਇਸ ਘਟਨਾ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ ਤੇ ਰਿਪੋਰਟ ਮੰਗੀ ਹੈ।
ਬੀ.ਐਚ.ਯੂ. ਦੇ ਕੁਲਪਤੀ ਗਿਰੀਸ਼ ਚੰਦਰ ਨੇ ਹਿੰਸਾ ਨੂੰ ਬਾਹਰੀ ਲੋਕਾਂ ਦੀ ਸਾਜ਼ਿਸ਼ ਦੱਸਿਆ। ਉਨਾਂ ਕਿਹਾ ਕਿ ਅੰਦੋਲਨ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਭੂਮਿਕਾ ਨਾਂਹ ਦੇ ਬਰਾਬਰ ਸੀ। ਹਾਲਾਂਕਿ, ਵੀ.ਸੀ. ਨੇ ਇਹ ਮੰਨਿਆ ਕਿ 21 ਸਤੰਬਰ ਨੂੰ ਇੱਕ ਕੁੜੀ ਨਾਲ ਛੇੜਖਾਨੀ ਦੀ ਘਟਨਾ ਹੋਈ ਸੀ ਤੇ ਇਸ ਦੀ ਸ਼ਿਕਾਇਤ ਥਾਣੇ ਵਿੱਚ ਦਰਜ ਕਰਵਾ ਦਿੱਤੀ ਗਈ ਸੀ।
ਦਰਅਸਲ, ਕੈਂਪਸ ਦੀਆਂ ਵਿਦਿਆਰਥਣਾਂ ਆਪਣੇ ਨਾਲ ਹੋ ਰਹੀ ਛੇੜਖਾਨੀ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕਰ ਰਹੀਆਂ ਸਨ। ਰੋਜ਼ ਵਧ ਰਹੀ ਛੇੜਖਾਨੀ ਦਾ ਵਿਰੋਧ ਕਰਨ ਲਈ ਬੈਚੂਲਰ ਆਫ਼ ਫਾਈਨ ਆਰਟਸ ਦੀ ਵਿਦਿਆਰਥਣ ਅਕਾਂਕਸ਼ਾ ਨੇ ਆਪਣਾ ਸਿਰ ਤੱਕ ਮੁੰਨ ਲਿਆ ਸੀ। ਉਸ ਦੇ ਸਮਰਥਨ ਵਿੱਚ ਯੂਨੀਵਰਸਿਟੀ ਦੀਆਂ ਕਾਫੀ ਕੁੜੀਆਂ ਤੇ ਮੁੰਡੇ ਨਿੱਤਰ ਆਏ ਸਨ। ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਕੈਂਪਸ ਦੇ ਬਾਹਰ ਵਾਲੇ ਮੁੰਡਿਆਂ ਨੇ ਉਨਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਛੇੜਖਾਨੀ ਕਰਨ ਵਾਲਿਆਂ ਦੀ ਹਿੰਮਤ ਇੰਨੀ ਵਧ ਗਈ ਹੈ ਕਿ ਉਹ ਕੁੜੀਆਂ ਦੇ ਹੋਸਟਲ ਵਿੱਚ ਰੋੜੇ ਵੀ ਮਾਰਦੇ ਹਨ। ਇਹ ਨਹੀਂ ਕਿ ਇਨਾਂ ਕੁੜੀਆਂ ਨੇ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ, ਉਨਾਂ ਦੱਸਿਆ ਕਿ ਡੀਨ ਤੋਂ ਲੈ ਕੇ ਪ੍ਰੋਫੈਸਰ ਤਕ ਸਾਰਿਆਂ ਨੂੰ ਸ਼ਿਕਾਇਤ ਕੀਤੀ ਪਰ ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ।